ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਨਜਮ ਸੇਠੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਾਰੇ ਦੇਸ਼ ਪੈਸਾ ਕਮਾਉਣ ਦੇ ਲਈ ਭਾਰਤ ਨਾਲ ਮੈਚ ਖੇਡਣਾ ਚਾਹੁੰਦੇ ਹਨ। ਹਾਲਾਂਕਿ ਸੇਠੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਤਰ੍ਹਾਂ ਨਾਲ ਕੌਮਾਂਤਰੀ ਪਰਿਸ਼ਦ ‘ਤੇ ਕੰਟਰੋਲ ਕੀਤਾ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ‘ਚ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸੱਚਾਈ ਇਹ ਹੈ ਕਿ ਸਾਰੇ ਬ੍ਰਾਡਕਾਸਟਰ ਭਾਰਤ ਤੋਂ ਹੁੰਦੇ ਹਨ ਅਤੇ ਭਾਰਤ ਕੋਲ ਸਭ ਤੋਂ ਜ਼ਿਆਦਾ ਪੈਸਾ ਹੈ ਅਤੇ ਉਹ ਵਿਸ਼ਵ ਦੀਆਂ ਸਭ ਤੋਂ ਚੋਟੀ ਦੀਆਂ ਟੀਮਾਂ ‘ਚੋਂ ਇਕ ਹੈ, ਇਸ ਲਈ ਆਈ.ਸੀ.ਸੀ. ਦਾ ਹਰ ਮੈਂਬਰ ਭਾਰਤ ਨਾਲ ਮੈਚ ਖੇਡਣਾ ਚਾਹੁੰਦਾ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਇਹ ਸੋਚਦਾ ਹੈ ਕਿ ਉਹ ਸਭ ਤੋਂ ਜ਼ਿਆਦਾ ਪੈਸੇ ਕਮਾ ਕੇ ਆਈ.ਸੀ.ਸੀ. ਨੂੰ ਦਿੰਦਾ ਹੈ ਇਸ ਲਈ ਉਸ ਦੀ ਗੱਲ ਜ਼ਿਆਦਾ ਸੁਣੀ ਜਾਵੇਗੀ। ਪਰ ਅਜਿਹਾ ਨਹੀਂ ਹੈ, ਆਈ.ਸੀ.ਸੀ. ਦੇ ਲਈ ਉਸ ਦੇ ਸਾਰੇ ਮੈਂਬਰ ਇਕੋ ਜਿਹੇ ਹਨ।
ਨਜਮ ਸੇਠੀ ਨੇ ਅੱਗੇ ਕਿਹਾ ਕਿ ਏਸ਼ੀਅਨ ਕ੍ਰਿਕਟ ਕਾਊਂਸਿਲ ਨੇ ਅਗਲੇ ਸਾਲ ਹੋਣ ਵਾਲੇ ਏਸ਼ੀਆ ਕੱਪ ਅਤੇ ਏਸ਼ੀਆ ਇਮਰਜਿੰਗ ਨੇਸ਼ਨਸ ਕੱਪ ਦੀ ਮੇਜ਼ਬਾਨੀ ਦੇ ਲਈ ਫ਼ੈਸਲਾ ਸੁਰੱਖਿਅਤ ਰਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਹੈ ਕਿ ਇਨ੍ਹਾਂ 2 ਟੂਰਨਾਮੈਂਟਾਂ ਨੂੰ ਲੈ ਕੇ ਕਿਹੜਾ ਫ਼ੈਸਲਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਮਰਜਿੰਗ ਨੇਸ਼ਨਸ ਕੱਪ ਦਾ ਆਯੋਜਨ ਅਗਲੇ ਸਾਲ ਅਪ੍ਰੈਲ ‘ਚ ਪਾਕਿਸਤਾਨ ‘ਚ ਹੋਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਖਟਾਸ ਆਉਂਦੀ ਰਹੀ ਹੈ, ਇਹ ਨਵਾਂ ਨਹੀਂ ਹੈ। ਇਹ ਗੱਲ ਵੀ ਗਲਤ ਹੈ ਕਿ ਪਾਕਿਸਤਾਨੀ ਟੀਮ ਭਾਰਤ ਤੋਂ ਕ੍ਰਿਕਟ ਖੇਡਣ ਦੇ ਲਈ ਕਾਫ਼ੀ ਬੇਚੈਨ ਹੈ। ਅਜਿਹਾ ਨਹੀਂ ਹੈ, ਅਸੀਂ ਸਿਰਫ਼ ਇਹੋ ਚਾਹੁੰਦੇ ਹਾਂ ਕਿ ਦੋਹਾਂ ਬੋਰਡਾਂ ਵਿਚਾਲੇ ਜੋ ਵੀ ਕਰਾਰ ਹੋਇਆ ਹੈ ਉਹ ਪੂਰਾ ਹੋਵੇ।










