ਸੰਜੀਵ ਕੁਮਾਰ ਝਾਅ
ਅਦਿਤੀ ਰਾਓ ਹੈਦਰੀ ਆਪਣੀ ਖ਼ੂਬਸੂਰਤੀ ਨਾਲ ਨਹੀਂ ਬਲਕਿ ਆਪਣੇ ਅਭਿਨੈ ਨਾਲ ਦਰਸ਼ਕਾਂ ਦੇ ਦਿਲ ਵਿੱਚ ਖ਼ਾਸ ਜਗ੍ਹਾ ਬਣਾ ਚੁੱਕੀ ਹੈ। ਨਿੱਜੀ ਜ਼ਿੰਦਗੀ ਵਿੱਚ ਉਹ ਸਾਦਗੀ ਪਸੰਦ ਹੈ। ਹੈਦਰਾਬਾਦ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਿਤੀ ਨੇ ਤਮਿਲ ਫ਼ਿਲਮ ਤੋਂ ਅਦਾਕਾਰੀ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਦੱਖਣ ਦੀਆਂ ਕੁਝ ਫ਼ਿਲਮਾਂ ਵਿੱਚ ਵੀ ਅਭਿਨੈ ਦਾ ਜਲਵਾ ਵਿਖਾਇਆ। ਬੌਲੀਵੁੱਡ ਵਿੱਚ ਉਹ ਨਿਰਦੇਸ਼ਕ ਸੁਧੀਰ ਮਿਸ਼ਰਾ ਦੀ ਫ਼ਿਲਮ ‘ਯਹ ਸਾਲੀ ਜ਼ਿੰਦਗੀ’ ਨਾਲ ਪਹਿਲੀ ਵਾਰ ਨਜ਼ਰ ਆਈ। ਉਸਤੋਂ ਬਾਅਦ ਅਦਿਤੀ ਨੇ ‘ਲੰਡਨ,ਪੈਰਿਸ,ਨਿਊਯਾਰਕ’, ‘ਦਿੱਲੀ – 6’, ‘ਰੌਕਸਟਾਰ’, ‘ਮਰਡਰ-3’, ‘ਬਸ’, ‘ਖ਼ੂਬਸੂਰਤ’, ‘ਗੁੱਡੂ ਰੰਗੀਲਾ’, ‘ਵਜ਼ੀਰ’, ‘ਫ਼ਿਤੂਰ’, ‘ਮਾਈਕਲ ਮਿਸ਼ਰਾ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੀ ਵੱਖ ਪਛਾਣ ਬਣਾਉਣ ਵਿੱਚ ਕਾਮਯਾਬ ਰਹੀ। ਅੱਜ ਉਹ ‘ਪਦਮਾਵਤੀ’ ਸਮੇਤ ਕਈ ਅਹਿਮ ਫ਼ਿਲਮਾਂ ਦਾ ਅਹਿਮ ਹਿੱਸਾ ਹੈ। ਇੱਕ ਖ਼ਾਸ ਗੱਲਬਾਤ ਵਿੱਚ ਉਸ ਨੇ ਆਪਣੇ ਫ਼ਿਲਮੀ ਸਫ਼ਰ, ਬੌਲੀਵੁੱਡ ਦੇ ਬਦਲਦੇ ਰੁਝਾਨ ਅਤੇ ਆਪਣੇ ਡਰੀਮ ਰੋਲ ਦੇ ਬਾਰੇ ਵਿੱਚ ਵਿਸਥਾਰ ਨਾਲ ਗੱਲਬਾਤ ਕੀਤੀ।
-ਅੱਜਕੱਲ੍ਹ ਔਰਤ ਪ੍ਰਧਾਨ ਫ਼ਿਲਮਾਂ ਨਾ ਸਿਰਫ਼ ਬਣ ਰਹੀਆਂ ਹਨ, ਸਗੋਂ ਹਿੱਟ ਵੀ ਹੋ ਰਹੀਆਂ ਹਨ। ਤਾਂ ਕੀ ਇਹ ਬੌਲੀਵੁੱਡ ਵਿੱਚ ਪੁਰਸ਼ ਸੱਤਾ ਨੂੰ ਚੁਣੌਤੀ ਦੇਣ ਵਰਗਾ ਹੈ ?
– ਅਜਿਹੀ ਗੱਲ ਤਾਂ ਬਿਲਕੁਲ ਨਹੀਂ ਹੈ ਕਿ ਬੌਲੀਵੁੱਡ ਵਿੱਚ ਬਣ ਰਹੀਆਂ ਔਰਤ ਪ੍ਰਧਾਨ ਫ਼ਿਲਮਾਂ ਨਾਲ ਪੁਰਸ਼ ਸੱਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਪਰ ਨਾਲ ਹੀ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਹੁਣ ਬੌਲੀਵੁੱਡ ਤੋਂ ਨਾਇੱਕ ਪ੍ਰਧਾਨ ਸ਼ਬਦ ਵੀ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਸਾਡੀ ਪੀੜ੍ਹੀ ਵਿੱਚ ਤਬਦੀਲੀ ਆਏਗੀ ਕਿਉਂਕਿ ਫ਼ਿਲਮਾਂ ਲੋਕਾਂ ਦੇ ਜੀਵਨ ਨੂੰ ਬਹੁਤ ਹੱਦ ਤਕ ਪ੍ਰਭਾਵਿਤ ਕਰਦੀਆਂ ਹਨ। ਅੱਜ ਔਰਤ ਅਤੇ ਪੁਰਸ਼ ਨੇਕ ਤੋਂ ਨੇਕ ਕੰਮ ਕਰ ਰਹੇ ਹਨ। ਬੌਲੀਵੁੱਡ ਵੀ ਇਸਤੋਂ ਅਛੂਤਾ ਨਹੀਂ ਹੈ। ਅੱਜ ਫ਼ਿਲਮਾਂ ਦੇ ਹਿੱਟ ਹੋਣ ਲਈ ਹੀਰੋ – ਹੀਰੋਈਨ ਦੋਨਾਂ ਦੀ ਜ਼ਰੂਰਤ ਨਹੀਂ। ਫ਼ਿਲਮ ਸਿਰਫ਼ ਔਰਤਾਂ ਉੱਤੇ ਕੇਂਦਰਿਤ ਹੋਵੇ ਤਾਂ ਵੀ ਸੁਪਰਹਿੱਟ ਹੋ ਸਕਦੀ ਹੈ। ਹੁਣ ਤਾਂ ਦੋਨਾਂ ਵਿੱਚ ਤੁਲਨਾ ਹੀ ਨਹੀਂ ਕਰਨੀ ਚਾਹੀਦੀ। ਲੜਕੀਆਂ ਬਹੁਮੁਖੀ ਹਨ ਅਤੇ ਉਹ ਇਸਨੂੰ ਸਾਬਤ ਵੀ ਕਰ ਰਹੀਆਂ ਹਨ।
-ਬੌਲੀਵੁੱਡ ਵਿੱਚ ਚਰਚਿਤ ਰਹਿਣ ਲਈ ਇਲਜ਼ਾਮ ਵਾਲੇ ਵੀਡੀਓ ਨੂੰ ਹਥਿਆਰ ਬਣਾਇਆ ਜਾਣ ਲੱਗਾ ਹੈ। ਤੁਸੀਂ ਕੀ ਕਹੋਗੇ?
– ਜਿੱਥੇ ਵਿਵਾਦ ਹੁੰਦਾ ਹੈ, ਉੱਥੇ ਰੌਲਾ ਹੁੰਦਾ ਹੈ ਅਤੇ ਮੈਂ ਉਸ ਰੌਲੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਇਹ ਇੱਕ ਤਰ੍ਹਾਂ ਦੀ ਐਕਟਿੰਗ ਗੇਮ ਹੈ ਜਿਸ ਤੋਂ ਮੈਂ ਬਹੁਤ ਦੂਰ ਰਹਿਣਾ ਚਾਹੁੰਦੀ ਹਾਂ। ਆਪਣੀ ਊਰਜਾ ਨੂੰ ਮੈਂ ਆਪਣੇ ਕੰਮ ਵਿੱਚ, ਆਪਣੀਆਂ ਫ਼ਿਲਮਾਂ ਵਿੱਚ ਲਗਾਉਣਾ ਚਾਹੁੰਦੀ ਹਾਂ। ਹਾਲਾਂਕਿ ਲੋਕਾਂ ਦੀ ਆਪਣੀ ਆਪਣੀ ਸੋਚ ਹੈ। ਫ਼ਿਰ ਵੀ ਮੇਰਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਨੂੰ ਤੁਹਾਨੂੰ ਇੱਕ ਕਮਰੇ ਵਿੱਚ ਬੈਠਕੇ ਆਪਸ ਵਿੱਚ ਸੁਲਝਾ ਲੈਣਾ ਚਾਹੀਦਾ ਹੈ।
-ਤੁਸੀ ਇੱਕ ਸ਼ਾਹੀ ਪਰਿਵਾਰ ਤੋਂ ਹੋ, ਬੌਲੀਵੁੱਡ ਵਿੱਚ ਤੁਹਾਨੂੰ ਆਉਣ ਲਈ ਕਿੰਨਾ ਸੰਘਰਸ਼ ਕਰਨਾ ਪਿਆ ?
– ਇਹ ਜ਼ਰੂਰ ਹੈ ਕਿ ਮੈਂ ਇੱਕ ਸ਼ਾਹੀ ਪਰਿਵਾਰ ਤੋਂ ਹਾਂ। ਮੇਰਾ ਪਰਿਵਾਰ ਸਿੱਖਿਅਤ ਅਤੇ ਉਦਾਰਵਾਦੀ ਹੈ। ਉਨ੍ਹਾਂ ਨੇ ਮੈਨੂੰ ਖੁੱਲ੍ਹੇ ਆਸਮਾਨ ਵਿੱਚ ਉੱਡਣ ਨੂੰ ਖੰਭ ਦਿੱਤੇ ਹਨ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਆਜ਼ਾਦੀ ਦੀ ਗ਼ਲਤ ਵਰਤੋਂ ਨਹੀਂ ਹੋਵੇਗੀ। ਅਜਿਹਾ ਸਾਰੇ ਪਰਿਵਾਰਾਂ ਨੂੰ ਕਰਨਾ ਚਾਹੀਦਾ ਹੈ। ਬੇਟੀਆਂ ਉੱਤੇ ਭਰੋਸਾ ਕਰ ਕੇ ਉਨ੍ਹਾਂ ਨੂੰ ਪੂਰੀ ਆਜ਼ਾਦੀ ਅਤੇ ਹੌਸਲਾ ਦੇਣਾ ਚਾਹੀਦਾ ਹੈ।
-ਤੁਸੀਂ ਬੌਲੀਵੁੱਡ ਵਿੱਚ ਹੁਣ ਤਕ ਕੀ ਹਾਸਲ ਕਰ ਚੁੱਕੇ ਹੋ ਅਤੇ ਭਵਿੱਖ ਵਿੱਚ ਕੀ ਹਾਸਲ ਕਰਨ ਦਾ ਇਰਾਦਾ ਹੈ ?
– ਮੇਰੀ ਹਮੇਸ਼ਾਂ ਤੋਂ ਇੱਛਾ ਸੀ ਕਿ ਮੈਂ ਮਣੀ ਰਤਨਮ ਅਤੇ ਸੰਜੈ ਲੀਲਾ ਭੰਸਾਲੀ ਨਾਲ ਕੰਮ ਕਰਾਂ। ਦੋਨੋਂ ਇੱਛਾਵਾਂ ਪੂਰੀਆਂ ਹੋ ਚੁੱਕੀਆਂ ਹਨ। ਮੈਂ ਛੇ ਸਾਲ ਵਿੱਚ ਬਹੁਤ ਘੱਟ ਫ਼ਿਲਮਾਂ ਕੀਤੀਆਂ ਹਨ, ਪਰ ਮੈਂ ਆਪਣੀਆਂ ਸਾਰੀਆਂ ਫ਼ਿਲਮਾਂ ਤੋਂ ਸੰਤੁਸ਼ਟ ਹਾਂ। ਮੇਰਾ ਸੁਪਨਾ ਅਨੁਰਾਗ ਬਸੁ ਅਤੇ ਸ਼ੁਜੀਤ ਸਰਕਾਰ ਨਾਲ ਕੰਮ ਕਰਨ ਦਾ ਹੈ। ਮੈਂ ਜੋਧਾ ਅਤੇ ਰਾਜਕੁਮਾਰੀ ਦੀ ਭੂਮਿਕਾ ਵੀ ਨਿਭਾਉਣਾ ਚਾਹੁੰਦੀ ਹਾਂ। ਹਾਲਾਂਕਿ, ‘ਪਦਮਾਵਤੀ’ ਵਿੱਚ ਕੰਮ ਕਰ ਕੇ ਕੁਝ ਹੱਦ ਤਕ ਇਹ ਇੱਛਾ ਵੀ ਪੂਰੀ ਹੋ ਗਈ ਹੈ। ਮੈਂ ਇੱਕ ਸੱਭਿਅਕ ਪਿਛੋਕੜ ਤੋਂ ਹਾਂ, ਇਸ ਲਈ ਅੱਜ ਜਿਸ ਮੁਕਾਮ ਉੱਤੇ ਮੈਂ ਹਾਂ, ਕਾਫ਼ੀ ਸੰਤੁਸ਼ਟ ਹਾਂ। ਮੈਂ ਆਪਣੀ ਮਿਹਨਤ ਲਈ ਜਾਣੀ ਜਾਵਾਂ, ਇਹੀ ਮੇਰੀ ਮੰਨਤ ਵੀ ਹੈ।
-ਕੀ ਤੁਸੀਂ ਬੌਲੀਵੁੱਡ ਵਿੱਚ ਆਪਣੇ ਆਪ ਦਾ ਕਿਸੇ ਨਾਲ ਮੁਕਾਬਲਾ ਵੀ ਮੰਨਦੇ ਹੋ?
– ਵੇਖੋ, ਸਾਨੂੰ ਨਾ ਹੀ ਕੋਈ ਫ਼ਿਲਮ ਅਤੇ ਨਾ ਹੀ ਉਸ ਵਿੱਚ ਭਾਗ ਲੈਣ ਵਾਲੇ ਨੂੰ ਪ੍ਰਤੀਯੋਗੀ ਦੀ ਸ਼੍ਰੇਣੀ ਵਿੱਚ ਵੇਖਣਾ ਚਾਹੀਦਾ ਹੈ। ਜੋ ਮੁਕਾਬਲੇ ਦੀ ਭਾਵਨਾ ਨੂੰ ਲੈ ਕੇ ਅੱਗੇ ਵੱਧਦੇ ਹਨ, ਉਨ੍ਹਾਂ ਦੀ ਸੋਚ ਮੇਰੇ ਹਿਸਾਬ ਨਾਲ ਬਹੁਤ ਹੀ ਅਟਪਟੀ ਹੈ। ਮੈਂ ਆਪਣੇ ਆਪ ਨੂੰ ਹੀ ਆਪਣਾ ਪ੍ਰਤੀਯੋਗੀ ਮੰਨਦੀ ਹਾਂ। ਕੋਈ ਵੀ ਕਿਰਦਾਰ ਕਰਨ ਤੋਂ ਪਹਿਲਾਂ ਉਸਦੀ ਤਿਆਰੀ ਪਿਛਲੇ ਕਿਰਦਾਰ ਤੋਂ ਬਿਹਤਰ ਕਰਨ ਦੀ ਭਾਵਨਾ ਰੱਖਦੀ ਹਾਂ। ਸਿੱਧੀ ਜਿਹੀ ਗੱਲ ਹੈ ਕਿ ਇੱਥੇ ਸਾਰੀਆਂ ਨਾਇੱਕਾਵਾਂ ਆਪਣਾ ਬਿਹਤਰੀਨ ਦਿੰਦੀਆਂ ਹਨ। ਆਪਣੇ ਹਰ ਇੱਕ ਚਰਿੱਤਰ ਚਿਤਰਣ ਨੂੰ ਮੈਂ ਵੀ ਇਹੀ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਆਪਣੇ ਪਿਛਲੇ ਤੋਂ ਬਿਹਤਰ ਕਰਨਾ ਹੈ।
-ਤੁਸੀਂ ਫ਼ਿਲਮਾਂ ਦੀ ਚੋਣ ਕਿਵੇਂ ਕਰਦੇ ਹੈ? ਕਿਹੋ ਜਿਹੀਆਂ ਫ਼ਿਲਮਾਂ ਪਸੰਦ ਹਨ?
– ਮੈਨੂੰ ਹਮੇਸ਼ਾਂ ਚੰਗੇ ਨਿਰਦੇਸ਼ਕਾਂ ਨਾਲ ਕੰਮ ਕਰਨਾ ਪਸੰਦ ਹੈ ਅਤੇ ਉਸਦੇ ਬਾਅਦ ਫ਼ਿਲਮ ਦੀ ਕਹਾਣੀ ਅਤੇ ਸਾਫ਼ ਜਿਹੀ ਗੱਲ ਹੈ ਮੇਰਾ ਕਿਰਦਾਰ ਕਿਵੇਂ ਹੈ, ਇਨ੍ਹਾਂ ਸਭ ਨੂੰ ਮਨ ਵਿੱਚ ਰੱਖ ਕੇ ਹੀ ਮੈਂ ਫ਼ਿਲਮ ਸਾਇਨ ਕਰਦੀ ਹਾਂ। ਫ਼ਿਰ ਜਿਸ ਵੀ ਤਰ੍ਹਾਂ ਦੀ ਹੋਵੇ, ਮੈਂ ਉਸਦਾ ਹਿੱਸਾ ਬਣਨ ਲਈ ਤਿਆਰ ਹੁੰਦੀ ਹਾਂ।
– ਤੁਹਾਡੀਆਂ ਆਉਣ ਵਾਲੀਆਂ ਫ਼ਿਲਮਾਂ ਕਿਹੜੀਆਂ ਹਨ?
– ਹੁਣ ਮੇਰੇ ਕੋਲ ਕਈ ਚੰਗੀਆਂ ਫ਼ਿਲਮਾਂ ਹਨ ਅਤੇ ਸਾਰੇ ਕਿਰਦਾਰ ਬੇਹੱਦ ਦਮਦਾਰ – ਜਾਨਦਾਰ ਹਨ । ਕਸ਼ਮੀਰੀ ਪੰਡਿਤਾਂ ਦੀ ਕਹਾਣੀ ਉੱਤੇ ਆਧਾਰਿਤ ਬਣ ਰਹੀ ਫ਼ਿਲਮ ‘ਪਸ਼ਮੀਨਾ’ ਦੀ ਸ਼ੂਟਿੰਗ ਤੇਜ਼ੀ ਨਾਲ ਚੱਲ ਰਹੀ ਹੈ। ਇਸਦੇ ਨਾਲ ਹੀ ਸੁਧੀਰ ਮਿਸ਼ਰਾ ਦੇ ਨਿਰਦੇਸ਼ਨ ਵਿੱਚ ਬਣ ਰਹੀ ‘ਔਰ ਦੇਵਦਾਸ’ ਵਿੱਚ ਨਜ਼ਰ ਆਵਾਂਗੀ। ਇਸ ਫ਼ਿਲਮ ਦਾ ਨਾਂ ਬਦਲਣ ਦੀ ਗੱਲ ਵੀ ਚਲ ਰਹੀ ਹੈ ।
-ਤੁਹਾਡੀ ਫ਼ਿਲਮ ‘ਔਰ ਦੇਵਦਾਸ’ ਦੀ ਤੁਲਨਾ ਜਿੰਨੀਆਂ ਵੀ ਦੇਵਦਾਸ ਫ਼ਿਲਮਾਂ ਬਣੀਆਂ ਹਨ, ਉਨ੍ਹਾਂ ਨਾਲ ਕੀਤੀ ਜਾ ਸਕਦੀ ਹੈ ?
– ਲੋਕਾਂ ਨੂੰ ਕਿਸੇ ਵੀ ਫ਼ਿਲਮ ਦੀ ਕਿਸੇ ਦੂਜੀ ਫ਼ਿਲਮ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਫ਼ਿਲਮਸਾਜ਼ ਦਾ ਅੰਦਾਜ਼ ਵੱਖ ਹੁੰਦਾ ਹੈ। ਸੁਧੀਰ ਮਿਸ਼ਰਾ ਆਪਣੇ ਵੱਖ ਅੰਦਾਜ਼ ਲਈ ਜਾਣੇ ਜਾਂਦੇ ਹਨ। ਦਰਅਸਲ ਇਸ ਫ਼ਿਲਮ ਦੇ ਕਿਰਦਾਰ ਦੇਵਦਾਸ ਦੇ ਕਿਰਦਾਰਾਂ ਦੇ ਬੁਨਿਆਦੀ ਸਾਰ ਤੋਂ ਜ਼ਰੂਰ ਪ੍ਰਭਾਵਿਤ ਹਨ, ਪਰ ਕਹਾਣੀ ਬਹੁਤ ਵੱਖ ਹੈ।











