ਲੱਤਾਂ ਦੀਆਂ ਨਾੜੀਆਂ ਵਿੱਚ ਖ਼ੂਨ ਜੰਮਣਾ ਕਾਫ਼ੀ ਗੰਭੀਰ ਰੋਗ ਹੁੰਦਾ ਹੈ । ਓਪ੍ਰੇਸ਼ਨ ਜਾਂ ਐਕਸੀਡੈਂਟ ਬਾਅਦ, ਜਦੋਂ ਕਿਸੇ ਵਿਅਕਤੀ ਦਾ ਤੁਰਨਾ-ਫ਼ਿਰਨਾ ਤੇ ਹਿਲਜੁਲ ਘਟੀ ਹੋਈ ਹੋਵੇ, ਵਿਅਕਤੀ ਮੰਜੇ ‘ਤੇ ਪਿਆ ਰਹਿੰਦਾ ਹੋਵੇ ਤਾਂ ਖ਼ੂਨ ਨਾੜੀਆਂ, ਖ਼ਾਸ ਕਰਕੇ ਲੱਤਾਂ ਵਿੱਚ ਗਲ੍ਹੇਫ਼ੇ (ਬਲੱਡ ਕਲੌਟ) ਬਣ ਜਾਂਦੇ ਹਨ । ਕਈ ਵਾਰ ਖ਼ੂਨ ਦੇ ਇਹ ਗਲ੍ਹੇਫ਼ੇ ਖ਼ਤਰਨਾਕ ਸਿੱਧ ਹੁੰਦੇ ਹਨ ਕਿਉਂਕਿ ਜਦ ਇਹ ਟੁੱਟਦੇ ਹਨ ਤਾਂ ਖ਼ੂਨ ਦੇ ਵਹਾਅ ਨਾਲ ਫ਼ੇਫ਼ੜਿਆਂ ਵਿੱਚ ਪੁੱਜ ਕੇ ਮੁੱਖ ਨਾੜਾਂ ਨੂੰ ਬੰਦ ਕਰ ਦਿੰਦੇ ਹਨ ਜਿਸ ਨਾਲ ਅਚਾਨਕ ਮੌਤ ਹੋ ਜਾਂਦੀ ਹੈ।
ਪਲਮੋਨਰੀ ਐਂਬੋਲਿਜ਼ਮ: ਲੱਤਾਂ ਜਾਂ ਹੋਰ ਕਿਸੇ ਅੰਗ ਦੀਆਂ ਖ਼ੂਨ ਨਾੜੀਆਂ ਵਿੱਚ ਅਸਾਧਾਰਨ ਤੌਰ ‘ਤੇ ਖ਼ੂਨ ਜੰਮਣਾ, ਉਸ ਕਲੌਟ ਦੇ ਟੁੱਟਣ ਤੋਂ ਬਾਅਦ ਖ਼ੂਨ ਦੇ ਵਹਾਅ ਨਾਲ ਫ਼ੇਫ਼ੜਿਆਂ ਦੀਆਂ ਨਾੜੀਆਂ ਵਿੱਚ ਫ਼ਸ ਕੇ ਖ਼ੂਨ ਦੇ ਵਹਾਅ ਨੂੰ ਬੰਦ ਕਰ ਦਿੰਦਾ ਹੈ, ਇਸ ਨੂੰ ‘ਪਲਮੋਨਰੀ ਐਂਬੋਲਿਜ਼ਮ’ ਕਿਹਾ ਜਾਂਦਾ ਹੈ। ਓਪ੍ਰੇਸ਼ਨ, ਵੱਡੇ ਐਕਸੀਡੈਂਟ ਜਾਂ ਜਣੇਪੇ ਤੋਂ ਬਾਅਦ ਅਚਾਨਥ ਮੌਤ ਦਾ ਇਹੀ ਮੁੱਖ ਕਾਰਨ ਹੁੰਦਾ ਹੈ।
ਖ਼ਤਰੇ ਵਾਲੇ ਲੱਛਣ: ਛੋਟੇ-ਛੋਟੇ ਤੇ ਤੇਜ਼ ਸਾਹ ਆਉਣੇ, ਲੰਮਾ ਸਾਹ ਲੈਣ ਜਾਂ ਖੰਘਣ ਨਾਲ ਛਾਤੀ ਵਿੱਚ ਪੀੜ ਹੋਣਾ ਤੇ ਦਿਲ ਘਬਰਾਉਣਾ, ਸਿਰ ਬਿਲਕੁਲ ਹਲਕਾ-ਹਲਕਾ ਹੋ ਜਾਣਾ, ਨੀਮ ਬੇਹੋਸ਼ੀ ਜਾਂ ਚੱਕਰ ਆ ਕੇ ਡਿਗ ਪੈਣਾ, ਦਿਲ ਜ਼ੋਰ ਜ਼ੋਰ ਨਾਲ ਧੜਕਣਾ, ਨਬਜ਼ ਤੇਜ਼ ਚੱਲਣਾ, ਖੰਘਣ ਨਾਲ ਬਲਗ਼ਮ ‘ਚ ਖ਼ੂਨ ਆ ਜਾਣਾ।
ਕਿਨ੍ਹਾਂ ਲਈ ਖ਼ਤਰਾ: ਉਹ ਵਿਅਕਤੀ ਜਿ?ਨ੍ਹਾਂ ਵਿੱਚ ਖ਼ੂਨ ਆਮ ਨਾਲੋਂ ਵਧੇਰੇ ਸੰਘਣਾ ਹੁੰਦਾ ਹੈ। ਇਸ ਰੋਗ ਦਾ ਪਹਿਲੀ ਵਾਰ ਦੱਖਣੀ ਹਾਲੈਂਡ ਦੇ ਸ਼ਹਿਰ ‘ਲੀਡਨ’ ਵਿੱਚ ਪਤਾ ਲੱਗਾ ਸੀ। ਇਹਦੇ ਵਿੱਚ ਖ਼ੂਨ ਨੂੰ ਜਮਾਉਣ ਵਾਲੇ ਨਾਰਮਲ ਫ਼ੈਕਟਰਾਂ ‘ਚੋਂ ਨੰਬਰ ਪੰਜ ਵਾਲਾ ਫ਼ੈਕਟਰ ਅਸਾਧਾਰਨ ਹੁੰਦਾ ਹੈ । ਇਸ ਲਈ ਖ਼ੂਨ ਨਾੜੀਆਂ ਦੇ ਅੰਦਰ ਹੀ ਜੰਮ ਜਾਂਦਾ ਹੈ। ਇਹ ਪਰਿਵਾਰਿਕ ਰੋਗ ਹੁੰਦਾ ਹੈ। ਜਿਨ੍ਹ?ਾਂ ਨੂੰ ਪਹਿਲਾਂ ਵੀ ਐਸਾ ਹੋਇਆ ਹੋਵੇ। ਦੁਰਘਟਨਾ ਦੌਰਾਨ ਟੁੱਟੀ ਹੋਈ ਹੱਡੀ, ਹੋਰ ਸੱਟਾਂ ਅਤੇ ਨਿਯਮਤ ਸਰਜਰੀ ਦੌਰਾਨ ਖ਼ੂਨ ਨਾੜੀਆਂ ਨੂੰ ਠੇਸ ਪੁੱਜਣਾ। ਸਰੀਰ ਦੀ ਹਿਲਜੁਲ ਘਟਣ ਕਰਕੇ ਖ਼ੂਨ ਦੇ ਵਹਾਅ ਦੀ ਗਤੀ ਘਟਣਾ।
ਗਰਭ ਅਵਸਥਾ: ਗਰਭ ਅਵਸਥਾ ਦੌਰਾਨ ਵਧ ਰਹੇ ਬੱਚੇ ਨਾਲ ਪੇਟ ਦੇ ਹੇਠਲੇ ਭਾਗ ਵਿੱਚ ਲੱਤਾਂ ਤੋਂ ਦਿਲ ਵਲ ਨੂੰ ਖ਼ੂਨ ਲਿਆਉਣ ਵਾਲੀਆਂ ਨਾੜੀਆਂ ਦੱਬੀਆਂ ਜਾਂਦੀਆਂ ਹਨ। ਇਸ ਲਈ ਬੈਕ-ਪ੍ਰੈਸ਼ਰ ਨਾਲ ਲੱਤਾਂ ਦੀਆਂ ਨਾੜੀਆਂ ਭਰੀਆਂ ਰਹਿੰਦੀਆਂ ਹਨ। ਖ਼ੂਨ ਦੇ ਵਹਾਅ ਦੀ ਗਤੀ ਘਟ ਜਾਂਦੀ ਹੈ ਤੇ ਰੁਕਿਆ ਹੋਇਆ ਖੂਨ ਜੰਮ ਕੇ ਗਲ੍ਹੇਫ਼ਾ (ਕਲੌਟ) ਬਣ ਜਾਂਦਾ ਹੈ । ਇਹ ਖ਼ਤਰਾ, ਜਣੇਪੇ ਤੋਂ ਹਫ਼ਤੇ ਬਾਅਦ ਤਕ ਰਹਿੰਦਾ ਹੈ। ਠੀਕ-ਠਾਕ ਜਣੇਪੇ ਤੋਂ ਛੇ ਹਫ਼ਤੇ ਤੱਕ ਦੇ ਸਮੇਂ ਅੰਦਰ ਰੋਗੀ ਨੂੰ ਤਲਕੀਫ਼ ਹੋ ਸਕਦੀ ਹੈ ਤੇ ਭੈੜੀ ਕਿਸਮਤ ਨਾਲ ਮੌਤ ਵੀ ਹੋ ਸਕਦੀ ਹੈ।
ਗਰਭ ਰੋਕੂ ਦਵਾਈਆਂ: ਰੋਜ਼ ਖਾਣ ਵਾਲੀਆਂ ਗੋਲੀਆਂ ਹੋਣ ਭਾਵੇਂ ਹਾਰਮੋਨ ਰਿਪਲੇਸਮੈਂਟ ਥੈਰਾਪੀ; ਖ਼ੂਨ ਦਾ ਜੰਮਣਾ, ਇਨ੍ਹਾਂ ਦਾ ਇਕ ਸਾਈਡ ਇਫ਼ੈਕਟ ਹੁੰਦਾ ਹੈ। ਇਸ ਤਰ੍ਹਾਂ ਦੀਆਂ ਗੋਲੀਆਂ ਖਾਣ ਵਾਲੀਆਂ ਬੀਬੀਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਕੈਂਸਰ ਦੇ ਇਲਾਜ: ਹੁਣੇ ਹੁਣੇ ਕਰਵਾਇਆ ਜਾਂ ਚੱਲ ਰਿਹਾ ਕੈਂਸਰ ਦਾ ਇਲਾਜ। ਕੈਂਸਰ ਦੀਆਂ ਕੁਝ ਕਿਸਮਾਂ ਤੇ ਕੁਝ ਕੈਂਸਰ ਦੇ ਇਲਾਜ, ਖ਼ੂਨ ਦੇ ਜੰਮਣ ਵਾਲੇ ਗੁਣ ਨੂੰ ਵਧਾਉਂਦੇ ਹਨ।
ਦਿਲ ਦਾ ਫ਼ੇਲ੍ਹ ਹੋਣਾ ਵੀ ਲੱਤਾਂ ਵਿੱਚ ਖ਼ੂਨ ਜੰਮਣ ਤੇ ਫ਼ੇਫ਼ੜਿਆਂ ਵਿੱਚ ਕਲੌਟ ਦੇ ਟੁਕੜੇ ਫ਼ਸਣ(ਪਲਮੋਨਰੀ ਐਂਬੋਲਿਜ਼ਮ) ਦਾ ਇਕ ਕਾਰਨ ਹੈ। ਅੰਤੜੀਆਂ ਦੇ ਰੋਗਾਂ ਵਿੱਚ, ਖ਼ੂਨ ਦਾ ਜਮਾਓ ਵਧਦਾ ਹੈ ਤੇ ਇਹ ਸਮੱਸਿਆਵਾਂ ਹੋ ਜਾਂਦੀਆਂ ਹਨ। ਲੰਮਾ ਸਮਾਂ ਗੱਡੀ (ਟਰੱਕ, ਬੱਸ ਜਾਂ ਕਾਰ) ਚਲਾਉਣ ਵਾਲਿਆਂ ਦੀਆਂ ਲੱਤਾਂ ਤੇ ਪਿੰਨੀਆਂ ਕਈ ਕਈ ਘੰਟੇ ਬਿਨਾਂ ਹਿਲਜੁਲ ਦੇ ਰਹਿੰਦੀਆਂ ਹਨ। ਇਸ ਲਈ ਲੱਤਾਂ ਵਿੱਚ ਖ਼ੂਨ ਜਮਣ ਦੇ ਚਾਂਸ ਵਧੇਰੇ ਹੁੰਦੇ ਹਨ। ਹਸਪਤਾਲ ਵਿੱਚ ਲੰਮੇ ਇਲਾਜ ਦੌਰਾਨ ਖ਼ੂਨ-ਨਾੜੀ ਵਿੱਚ ਪਾਈ ਹੋਈ ਪਲਾਸਟਕ ਦੀ ਨਾਲੀ ਜਿਹਦੇ ਰਾਹੀਂ ਗਲੂਕੋਜ਼ ਜਾਂ ਟੀਕੇ ਲਗਾਏ ਜਾਂਦੇ ਹਨ। ਮੋਟਾਪਾ ਤੇ ਸਰੀਰ ਦਾ ਭਾਰ ਵਧੇਰੇ ਹੋਣਾ ਵੀ ਇਕ ਰਿਸਕ ਫ਼ੈਕਟਰ ਹੈ। ਕਿਸੇ ਵੀ ਤਰ੍ਹਾਂ ਦੇ ਤੰਬਾਕੂ ਦਾ ਸੇਵਨ ਕਰਨ (ਸਿਗਰਟ, ਬੀੜੀ, ਹੁੱਕਾ, ਸ਼ੈਨੀ, ਫ਼ੈਨੀ, ਜਰਦਾ, ਨਸਵਾਰ ਆਦਿ) ਵਾਲੇ ਲੋਕ। ਵਡੇਰੀ ਉਮਰ ਵਿੱਚ ਲੱਤਾਂ ਦੀਆਂ ਨਾੜੀਆਂ ‘ਚ ਖ਼ੂਨ ਜਮਣ ਦੀ ਸਮੱਸਿਆ ਭਾਵੇਂ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ ਪਰ 60 ਸਾਲ ਤੋਂ ਉਪਰ ਵਾਲੇ ਵਿਅਕਤੀਆਂ ਨੂੰ ਇਸਦਾ ਵਧੇਰੇ ਖ਼ਤਰਾ ਰਹਿੰਦਾ ਹੈ।
ਅਲਾਮਤਾਂ: ਸੋਜ ਅਸਰ-ਅਧੀਨ ਲੱਤ ‘ਤੇ ਜਾਂ ਕਈ ਵਾਰ ਦੋਹਵਾਂ ਲੱਤਾ ‘ਤੇ ਵੌ ਹੋ ਸਕਦੀ ਹੈ। ਦਰਦ ਪਿੰਨੀਆਂ ਵਿੱਚ ਸ਼ੁਰੂ ਹੁੰਦੀ ਹੈ। ਇਹ ਕਈ ਵਾਰ ਤ੍ਰਾਹਟਾਂ ਕੱਢਣ ਵਾਲੀ ਹੁੰਦੀ ਹੈ। ਲੱਤ ਦੀ ਚਮੜੀ ‘ਤੇ ਲਾਲਗੀ ਜਾਂ ਗੂੜ੍ਹੇ ਰੰਗ ਦੇ ਧੱਬੇ ਜਿਹੇ ਬਣ ਜਾਂਦੇ ਹਨ। ਖ਼ੂਨ ਜੰਮਣ ਕਾਰਨ ਆਈ ਰੁਕਾਵਟ ਕਰਕੇ ਅਸਰ-ਅਧੀਨ ਲੱਤ ‘ਚ ਕੱਠਾ ਹੋਣ ਕਾਰਨ ਲੱਤ ਕੁਝ ਗਰਮ ਮਹਿਸੂਸ ਹੁੰਦੀ ਹੈ। ਜਦ ਉਕਤ ਅਲਾਮਤਾਂ ਚੋਂ ਕੁਝ ਜਾਂ ਸਾਰੀਆਂ ਹੀ ਮਹਿਸੂਸ ਹੋਣ ਤਾਂ ਫ਼ੌਰਨ ਡਾਕਟਰ ਕੋਲ ਮੁਆਇਨਾ ਤੇ ਇਲਾਜ ਸ਼ੁਰੂ ਕਰਵਾਉਣਾਂ ਚਾਹੀਦਾ ਹੈ। ਕਈ ਤਰ੍ਹਾਂ ਦੇ ਸਪੈਸ਼ਲ ਟੈਸਟਾਂ ਤੋਂ ਬਾਦ ਸਿਰਫ਼ ਇਕ ਡਾਕਟਰ ਦੀ ਦੇਖ-ਰੇਖ ਅਧੀਨ, ਖ਼ੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ (ਹੈਪਾਰਿਨ, ਵਾਰਫ਼ਰਿਨ ਆਦਿ ਦਿੱਤੀਆਂ ਜਾਂਦੀਆਂ ਹਨ। ਸੈਲਫ਼ ਮੈਡੀਕੇਸ਼ਨ ਤਾਂ ਕਿਸੇ ਵੀ ਇਲਾਜ ਵਿੱਚ ਨਹੀਂ ਕਰਨੀ ਚਾਹੀਦੀ।
ਜੇ ਭਾਰ ਜ਼ਿਆਦਾ ਹੈ ਤਾਂ ਭਾਰ ਘਟਾਉਣ ਲਈ ਖੰਡ, ਜਲੇਬੀਆਂ,ਰਾਜ ਮਾਂਹ,ਚੌਲ਼, ਲੂਣ, ਮੈਦੇ ਵਾਲੀਆਂ ਰੋਟੀਆਂ, ਸਮੋਸੇ, ਪੂੜੀਆਂ, ਦੇਸੀ ਘਿਓ ਆਦਿ ਬਹੁਤ ਘੱਟ ਕਰ ਦਿਓ। ਜੇ ਤੰਬਾਕੂਨੋਸ਼ੀ ਕਰਦੇ ਹੋ ਤਾਂ ਬਿਲਕੁਲ ਬੰਦ ਕਰ ਦਿਓ।ਨਿਯਮਿਤ ਵਰਜ਼ਿਸ਼ ਕਰੋ। ਜ਼ਿਆਦਾ ਕਾਰਜਸ਼ੀਲ ਰਹਿਣ ਵਾਲੇ ਜਾਂ ਰੋਜ਼ਾਨਾ ਨਿਯਮਿਤ ਵਰਜ਼ਿਸ਼ ਕਰਨ ਵਾਲਿਆਂ ਨੂੰ ਖ਼ੂਨ ਦੇ ਕਲੌਟ ਬਣਨ ਦੀ ਸਮੱਸਿਆ ਬਹੁਤ ਹੀ ਘੱਟ ਹੁੰਦੀ ਹੈ ਜਾਂ ਹੁੰਦੀ ਹੀ ਨਹੀਂ। ਲੰਮੇਂ ਹਵਾਈ ਸਫ਼ਰ ਦੌਰਾਨ ਜਹਾਜ਼ ਅੰਦਰ ਤੁਰਨਾ ਫ਼ਿਰਨਾ ਚਾਹੀਦਾ ਹੈ। ਬੈਠਣ ਦੌਰਾਨ ਲੱਤਾਂ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ।
ਡਾ. ਮਨਜੀਤ ਸਿੰਘ ਬੱਲ
98728- 43491












