ਸੁਲਤਾਨਪੁਰ— ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ ਅਮੇਠੀ ‘ਚ ਹੋਏ ਕੁੱਟਮਾਰ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਕੁਮਾਰ ਵਿਸ਼ਵਾਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੁਲਤਾਨਪੁਰ ਅਦਾਲਤ ਨੇ ਇਸ ਮਾਮਲੇ ‘ਚ ਕੁਮਾਰ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਦਰਅਸਲ ਕੁਮਾਰ ਵਿਸ਼ਵਾਸ ਲਗਾਤਾਰ 5 ਵਾਰ ਕੋਰਟ ‘ਚ ਪੇਸ਼ੀ ਲਈ ਹਾਜ਼ਰ ਨਹੀਂ ਹੋਏ ਹਨ। ਜਿਸ ਕਾਰਨ ਉਨ੍ਹਾਂ ਦੇ ਖਿਲਾਪ ਸੀ.ਜੇ.ਐੱਮ. ਵਿਜੇ ਕੁਮਾਰ ਆਜ਼ਾਦ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਈ ਪੇਸ਼ੀਆਂ ਤੋਂ ਕੁਮਾਰ ਵਿਸ਼ਵਾਸ ਅਦਾਲਤ ‘ਚ ਹਾਜ਼ਰ ਨਹੀਂ ਹੋ ਰਹੇ ਹਨ, ਜਿਸ ਕਾਰਨ ਬੀਤੀ 23 ਸਤੰਬਰ ਨੂੰ ਵੀ ਉਨ੍ਹਾਂ ਦੇ ਖਿਲਾਫ ਅਦਾਲਤ ਨੇ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ 3 ਅਕਤੂਬਰ ਨੂੰ ਤਲੱਬ ਕੀਤਾ ਸੀ ਪਰ ਜਦੋਂ ਉਸ ਤੋਂ ਬਾਅਦ ਵੀ ਕਈ ਪੇਸ਼ੀਆਂ ਤੋਂ ਉਹ ਨਹੀਂ ਆਏ, ਉਦੋਂ ਸ਼ੁੱਕਰਵਾਰ ਨੂੰ ਕੁਮਾਰ ਵਿਸ਼ਵਾਸ ਸਮੇਤ 7 ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਹੋਣੀ ਹੈ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ‘ਆਪ’ ਨੇਤਾ ਕੁਮਾਰ ਵਿਸ਼ਵਾਸ ਅਮੇਠੀ ਸੰਸਦੀ ਖੇਤਰ ਤੋਂ ਉਮੀਦਵਾਰ ਸਨ। 14 ਮਾਰਚ 2014 ਨੂੰ ਚੋਣ ਪ੍ਰਚਾਰ ਦੌਰਾਨ ਅਮੇਠੀ ਦੇ ਕਮਰੌਲੀ ਥਾਣਾ ਖੇਤਰ ਦੇ ਸਿਦੁਰਵਾ ਪਿੰਡ ‘ਚ ਕੁਝ ਲੋਕਾਂ ਨਾਲ ਉਨ੍ਹਾਂ ਦੀ ਕੁੱਟਮਾਰ ਹੋ ਗਈ ਸੀ। ਪਿੰਡ ਦੇ ਇਸ਼ਰਾਕ ਠਾਕੁਰ ਨੇ ਕੁਮਾਰ ਵਿਸ਼ਵਾਸ ਅਤੇ ਉਨ੍ਹਾਂ ਦੇ ਸਮਰਥਕ ਕਿਰਨ ਨੇਗੀ, ਸ਼ਸ਼ਾਂਕ ਮੋਰੀਆ, ਪ੍ਰਿਯੰਕਾ ਸਿੰਘ, ਅਜੇ ਪਾਲ, ਅਭਿਜੀਤ ਸ਼ੁਕਲਾ ਅਤੇ ਅਵਿਨਾਸ਼ ਤ੍ਰਿਪਾਠੀ ਸਮੇਤ 65 ਦੇ ਖਿਲਾਫ ਕੁੱਟਮਾਰ, ਹਮਲਾ ਕਰਨ ਅਤੇ ਫਿਰਕੂ ਸਦਭਾਵਨਾ ਵਿਗਾੜਨ ਦੇ ਦੋਸ਼ ‘ਚ ਮੁਕੱਦਮਾ ਦਰਜ ਕਰਵਾਇਆ ਸੀ।















