46.50 ਕਰੋੜ ਨਾਲ ਅੱਪਗ੍ਰੇਡ ਕੀਤਾ ਜਾਵੇਗਾ ਫਾਇਰ ਸਰਵਿਸ ਸਿਸਟਮ : ਜੋਸ਼ੀ

3ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਅੱਗ ਲੱਗਣ ਵਾਲੀ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸੂਬੇ ਵਿੱਚ 46.50 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਸਰਵਿਸ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਸਬੰਧੀ 96 ਨਵੀਆਂ ਮਲਟੀਪਰਪਜ਼ ਫਾਇਰ ਗੱਡੀਆਂ ਖਰੀਦਣ ਦਾ ਆਰਡਰ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਸੂਬੇ ਵਿੱਚ ਫਾਇਰ ਸਰਵਿਸ ਨੂੰ ਅੱਪਗ੍ਰੇਡ ਕਰਨ ਲਈ ਵਿਭਾਗ ਵੱਲੋਂ ਬਣਾਈ ਖਰੀਦ ਕਮੇਟੀ ਰਾਹੀਂ ਜਾਰੀ ਕੀਤੇ ਗਏ ਟੈਡਰਾਂ ਨੂੰ ਫਾਈਨਲ ਕਰ ਦਿੱਤਾ ਗਿਆ ਹੈ। ਇਸ ਅਨੁਸਾਰ 96 ਮਲਟੀਪਰਪਜ਼ ਫਾਇਰ ਗੱਡੀਆਂ ਦੀ ਫੈਬਰੀਕੇਸ਼ਨ ਅਤੇ ਸਪਲਾਈ ਦਾ ਕੰਮ ਹੈਦਰਾਬਾਦ ਦੀ ਫਰਮ ਸ੍ਰੀ ਟੈਕੋਨ ਨੂੰ ਦਿੱਤਾ ਗਿਆ ਹੈ। ਇਨ੍ਹਾਂ ਫਾਇਰ ਟੈਂਡਰਾਂ ਦੀ ਫੈਬਰੀਕੇਸ਼ਨ ਦੀ ਸਪਲਾਈ ਦੇ ਨਾਲ-ਨਾਲ 16 ਟਨ ਜੀ.ਵੀ.ਡਬਲਿਊ ਕੈਪਿਸਟੀ ਦੀਆਂ ਚਾਸੀਆਂ ਜੋ ਕਿ ਟਾਟਾ, ਅਸ਼ੋਕਾ ਲੇਲੈਂਡ ਅਤੇ ਆਈਸਰ ਕੰਪਨੀ ਆਦਿ ਦੀਆਂ ਹੋਣਗੀਆਂ, ਦੀ ਫੈਬਰੀਕੇਸ਼ਨ ਅਤੇ ਸਪਲਾਈ ਦਾ ਕੰਮ 46.50 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ ਜਿਸ ਬਾਰੇ ਫਰਮ ਨੂੰ 10% ਰਾਸ਼ੀ ਬੈਂਕ ਗਾਰੰਟੀ ਰਾਹੀਂ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਗਿਆ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਫਾਇਰ ਸਰਵਿਸ ਦੇ ਅੱਪਗ੍ਰੇਡ ਹੋਣ ਨਾਲ ਅੱਗ ਨਾਲ ਵਾਪਰਨ ਵਾਲੀ ਕਿਸੇ ਅਣਸੁਖਾਵੀਂ ਘਟਨਾ ਤੇ ਛੇਤੀ ਤੋਂ ਛੇਤੀ ਕਾਬੂ ਪਾਉਣ ਵਿੱਚ ਵਧੇਰੇ ਮੱਦਦ ਮਿਲੇਗੀ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇਗਾ।