ਨਵੀਂ ਦਿੱਲੀ – ਅਕਾਦਮਿਕ ਅਤੇ ਵਿਗਿਆਨਕ ਭਾਈਚਾਰੇ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ 14,000 ਤੋਂ ਵੱਧ ਲੋਕਾਂ ਨੇ ਪਟੀਸ਼ਨ ’ਤੇ ਦਸਤਖਤ ਕਰ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਇਕ ਟਿੱਪਣੀ ਦੇ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਪ੍ਰਿਯੰਕਾ ਨੇ ਸਦਨ ਵਿਚ ਆਈ.ਆਈ.ਟੀ. ਮਦਰਾਸ ਦੇ ਡਾਇਰੈਕਟਰ ਵੀ. ਕਾਮਕੋਟੀ ਨੂੰ ਕਥਿਤ ਤੌਰ ’ਤੇ ‘ਗਊ-ਮੂਤਰ ਮਾਹਿਰ’ ਕਿਹਾ ਸੀ।
‘ਚੇਂਜ ਡਾਟ ਓ. ਆਰ. ਜੀ.’ ’ਤੇ 1 ਅਗਸਤ ਨੂੰ ਸ਼ੁਰੂ ਕੀਤੀ ਗਈ ਪਟੀਸ਼ਨ ’ਚ ਟਿੱਪਣੀ ਵਾਪਸ ਲੈਣ ਅਤੇ ਇਸ ਦੇ ਨਿੱਜੀ ਅਤੇ ਅਪਮਾਨਜਨਕ ਰੂਪ ’ਤੇ ਅਫਸੋਸ ਪ੍ਰਗਟਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ ਨੇ ਦਾਅਵਾ ਕੀਤਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਸੰਸਥਾਵਾਂ ਦੇ ਲੋਕਾਂ ਤੋਂ ਇਲਾਵਾ 38 ਤੋਂ ਵੱਧ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਵਿਗਿਆਨੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਹਾਲਾਂਕਿ ਦਸਤਖਤਕਰਤਾਵਾਂ ਦੇ ਅਹੁਦਿਆਂ ਦਾ ਵੇਰਵਾ ਮੁਹੱਈਆ ਨਹੀਂ ਕਰਵਾਇਆ ਗਿਆ ਹੈ।
ਬਿਰਲਾ ਨੂੰ ਸੰਬੋਧਤ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸੰਸਦ ਦੀ ਕਾਰਵਾਈ ਦੌਰਾਨ ਕਾਮਕੋਟੀ ਲਈ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਤਾਂ ਉਚਿਤ ਸਿਆਸੀ ਆਲੋਚਨਾ ਹੈ ਅਤੇ ਨਾ ਹੀ ਤਰਕਪੂਰਨ ਬਹਿਸ ਦਾ ਹਿੱਸਾ ਹੈ। ਪਟੀਸ਼ਨਰਾਂ ਅਨੁਸਾਰ ਇਸ ਨਾਲ ਇਕ ਨਾਮਵਰ ਵਿਗਿਆਨੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸੰਸਥਾ ਦੇ ਮਾਣ ਨੂੰ ਪ੍ਰਭਾਵਿਤ ਕਰਦਾ ਹੈ।















