ਅੱਜ ਛੁੱਟੀ ਹੋਣ ਕਰਕੇ ਅਵਤਾਰ ਘਰੇ ਹੀ ਸੀ। ਸਵੇਰੇ ਬਾਜ਼ਾਰ ਜਾਣ ਤੋਂ ਬਾਅਦ ਉਹ ਵਿਹਲਾ ਕਦੇ ਟੀ. ਵੀ. ਲਾ ਦੇਖਦਾ, ਕਦੇ ਖਿੜਕੀ ਥਾਣੀਂ ਬਾਹਰ ਸੜਕ ‘ਤੇ ਭੱਜਦੀਆਂ ਕਾਰਾਂ ਦੇਖਦਾ ਜਿਵੇਂ ਉਹ ਥੱਕ ਗਿਆ ਸੀ। ਉਸ ਨੇ ਸ਼ਾਮੀਂ ਚਾਰ ਵਜੇ ਨਾਲ ਹੀ ਦਾਰੂ ਪੀਣੀ ਸ਼ੁਰੂ ਕਰ ਦਿੱਤੀ। ਪੀਂਦਾ-ਪੀਂਦਾ ਖਿਆਲਾਂ ਦੇ ਘੋੜੇ ਦੌੜਾਉਣ ਲੱਗਦਾ ਹੈ। ਦਿਲ ਵਿਚ ਹੀ ਕੁਝ ਸੋਚਦਾ ਹੈ ਤੇ ਇੱਕਦਮ ਉਹਦੇ ਮੂੰਹੋਂ ਨਿਕਲਦਾ ਹੈ, ”ਨਹੀਂ….ਨਹੀਂ….ਮੈਂ ਐਨਾ ਗਿਰਿਆ ਹੋਇਆ ਨਹੀਂ ਹਾਂ। ਕੀ ਹੋਇਆ ਜੇ ਮੈਂ ਬੇਗਾਨੇ ਮੁਲਕ ਵਿਚ ਆ ਗਿਆ ਹਾਂ। ਮੈਂ ਆਪਣੇ ਰਿਸ਼ਤੇ-ਨਾਤੇ ਤਾਂ ਨਹੀਂ ਤੋੜ ਸਕਦਾ। ਆਖਿਰ ਮੈਂ ਪੰਜਾਬੀ ਹਾਂ। ਪੰਜਾਬੀ ਤਾਂ ਆਪਣੀ ਜ਼ੁਬਾਨ ਪਿੱਛੇ ਜਾਨ ਦੇ ਦਿੰਦੇ ਹਨ ਤੇ ਮੈਂ…..? ਨਹੀਂ! ਨਹੀਂ!!
ਮੈਂ ਐਨਾ ਨੀਚ ਕਿਉਂ ਹੋਵਾਂ? ਹਾਏ ਰੱਬਾ! ਮੇਰੀ ਸੋਚ ਅੰਦਰ ਹੀ ਦੱਬੀ ਰਹੇ।
ਇਹ ਸੋਚ ਅਵਤਾਰ ਬੋਤਲ ‘ਚੋਂ ਇੱਕ ਪੈੱਗ ਹੋਰ ਪਾ ਲੈਂਦਾ ਹੈ। ਫ਼ਿਰ ਉਹ ਆਪਣੇ ਅਤੀਤ ਵਿਚ ਗੁੰਮ ਜਾਂਦਾ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਐ। ਜਦੋਂ ਅਸੀਂ ਨਿੱਕੇ ਹੁੰਦੇ ਸੀ। ਮੈਂ ਇਸੇ ਰਿੰਪੀ ਨਾਲ ਹੀ ਖੇਡਦਾ ਹੁੰਦਾ ਸੀ। ਰਿੰਪੀ ਨਾਲ ਘਰ-ਘਰ ਬਣਾਉਣ ਖੇਡਦੇ ਕਈ ਵਾਰ ਅਸੀਂ ਪਤੀ-ਪਤਨੀ ਬਣੇ ਸੀ। ਮੈਂ ਇਸ ਰਿੰਪੀ ਨੂੰ ਕਿੰਨਾ ਪਿਆਰ ਕਰਦਾ ਸੀ। ਸ਼ਾਇਦ ਮੈਂ ਉਸ ਪਿਆਰ ਸਦਕੇ ਹੀ ਤਾਂ ਉਸ ਨੂੰ ਇਥੇ ਲੈ ਆਇਆ ਹਾਂ। ਪਿਆਰ ਕਰਕੇ ਨਹੀਂ, ਸ਼ਾਇਦ ਕਿਸੇ ਹੋਰ ਕਾਰਨ ਕਰਕੇ ਇਹਨੂੰ ਇਥੇ ਲਿਆਂਦਾ ਹੈ। ਅੱਜ ਇਹ ਮੇਰੀ ਪਤਨੀ ਹੈ। ਮੇਰਾ ਇਹਦੇ ਨਾਲ ਵਿਆਹ ਹੋਇਆ ਹੈ। ਮੈਂ ਸਿਹਰੇ ਬੰਨ੍ਹ ਕੇ ਇਹਦੇ ਘਰ ਨਹੀਂ, ਇੱਕ ਮੈਰਿਜ ਪੈਲੇਸ ਵਿਚ ਤਾਂ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਸਾਡੇ ਆਨੰਦ ਕਾਰਜ ਹੋਏ ਸਨ। ਸਾਰੇ ਸ਼ਗਨ ਹੋਏ। ਇਹਨੇ ਵੀ ਮਹਿੰਦੀ ਲਾਈ, ਲਾਲ ਚੂੜਾ ਪਹਿਨਿਆ ਹੋਇਆ ਸੀ। ਮੇਰੇ ਮਗਰ ਲੱਗ ਕੇ ਚਾਰ ਲਾਵਾਂ ਲਈਆਂ। ਮੇਰੇ ਨਾਲ ਡੋਲੀ ਚੜ੍ਹੀ। ਮਾਂ ਨੇ ਵੀ ਪਾਣੀ ਵਾਰ ਕੇ ਪੀਤਾ ਸੀ। ਕੀ ਹੋਇਆ ਜੇ ਪਾਣੀ ਸਾਡੇ ਘਰ ਅੱਗੇ ਨਹੀਂ ਵਾਰਿਆ ਗਿਆ। ਸ਼ਹਿਰ ਕਿਰਾਏ ਦੀ ਕੋਠੀ ਅੱਗੇ ਤਾਂ ਵਾਰਿਆ ਹੀ ਸੀ। ਫ਼ੋਟੋ ਵੀ ਹੋਏ, ਮੂਵੀ ਵੀ ਬਣੀ। ਜੋ ਅੱਜ ਵੀ ਮੇਰੇ ਕੋਲ ਪਈ ਐ। ਇਹ ਸਾਰਾ ਕੁਝ ਸਾਡਾ ਵਿਆਹ ਨਹੀਂ ਤਾਂ ਹੋਰ ਕੀ ਸੀ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਇੱਕ-ਦੂਜੇ ਦੇ ਪਤੀ-ਪਤਨੀ ਹਾਂ। ਫ਼ਿਰ ਅਸੀਂ ਕੋਰਟ ਮੈਰਿਜ ਵੀ ਕਰਵਾਈ। ਸਰਕਾਰ ਦੇ ਕਾਨੂੰਨ ਮੁਤਾਬਿਕ ਵੀ ਅਸੀਂ ਪਤੀ-ਪਤਨੀ ਹੀ ਹਾਂ। ਜੇ ਅਜਿਹਾ ਕਰਦੇ ਸਮੇਂ ਸਾਨੂੰ ਕੋਈ ਸ਼ਰਮ-ਹਯਾ ਨਹੀਂ ਸੀ ਤਾਂ ਫ਼ਿਰ….।
ਲੱਗਦਾ ਇਨ੍ਹਾਂ ਸੋਚਾਂ ਨੇ ਅਵਤਾਰ ਦਾ ਨਸ਼ਾ ਕੁਝ ਘੱਟ ਕਰ ਦਿੱਤਾ ਸੀ। ਉਸ ਨੇ ਵੱਡਾ ਸਾਰਾ ਪੈੱਗ ਅੰਦਰ ਸੁੱਟ ਲਿਆ ਤੇ ਮੀਟ ਖਾਣਾ ਸ਼ੁਰੂ ਕਰ ਦਿੱਤਾ। ਖਿਆਲਾਂ ਦੀ ਸੂਈ ਫ਼ਿਰ ਉਥੇ ਹੀ ਜਾ ਟਿਕੀ ਕਿ ਅਸੀਂ ਇਹ ਧੋਖਾ ਕਿਸ ਨਾਲ ਕੀਤਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਾਂ ਰਿੰਪੀ ਨੂੰ ਇਥੇ ਲਿਆਉਣ ਲਈ ਅੰਬੈਸੀ ਨਾਲ ਜਾਂ ਫ਼ਿਰ ਅਸੀਂ ਆਪਣੇ-ਆਪ ਨਾਲ ਹੀ ਇਹ ਧੋਖਾ ਕੀਤਾ ਹੈ? ਅਸੀਂ ਪੰਜਾਬੀ ਅਮਰੀਕਾ, ਕੈਨੇਡਾ ਆਉਣ ਲਈ ਐਨੇ ਗਿਰ ਗਏ ਹਾਂ ਕਿ ਆਪਣੇ ਗੁਰੂ, ਆਪਣੀ ਸਰਕਾਰ, ਇਥੋਂ ਦੀ ਸਰਕਾਰ, ਹੋਰ ਪਤਾ ਨਹੀਂ ਕਿਸ-ਕਿਸ ਨਾਲ ਧੋਖਾ ਕਰ ਰਹੇ ਹਾਂ। ਕੀ ਐ ਐਥੇ? ਕੰਮ ਤੇ ਪੈਸਾ, ਹੋਰ ਕੁਝ ਵੀ ਨਹੀਂ। ਪੰਜਾਬ ਦੀ ਧਰਤੀ ਤਾਂ ਸਵਰਗ ਹੈ ਸਵਰਗ। ਹਰ ਪਾਸੇ ਮੋਹ-ਮੁਹੱਬਤ। ਚਾਰੇ ਪਾਸੇ ਆਪਣੇ ਲੋਕ। ਅਸੀਂ ਕੁਦਰਤ ਦਾ ਆਨੰਦ ਤਾਂ ਪੰਜਾਬ ਵਿਚ ਹੀ ਮਾਣ ਸਕਦੇ ਹਾਂ। ਇਥੇ ਤਾਂ ਸਭ ਕੁਝ ਨਕਲੀ ਹੀ ਹੈ। ਕਿੰਨਾ ਚਿਰ ਹੋ ਗਿਆ ਇਥੇ ਆਏ ਨੂੰ, ਕਦੇ ਖੜ੍ਹੀ ਫ਼ਸਲ ਨਹੀਂ ਤੱਕੀ, ਖੁੱਲ੍ਹੀ ਹਵਾ ਦਾ ਆਨੰਦ ਨਹੀਂ ਮਾਣ ਸਕਿਆ, ਬਸ ਨਕਲੀ ਹਵਾ, ਏ. ਸੀ. ਦੀ। ਹੋਰ ਤਾਂ ਹੋਰ ਕਦੇ ਸ਼ੁੱਧ ਦੁੱਧ ਵੀ ਨਹੀਂ ਪੀਤਾ ਕਾੜ੍ਹਨੀ ਦਾ। ਬਿਨਾਂ ਫ਼ੈਂਟ ਜਿੰਨਾ ਮਰਜ਼ੀ ਪੀ ਲਓ। ਅਸੀਂ ਸਿਰਫ਼ ਡਾਲਰਾਂ ਨੂੰ ਰੁਪਏ ਨਾਲ ਗੁਣਾ ਕਰਕੇ ਹੀ ਦੇਖਦੇ ਹਾਂ। ਹੋਰ ਤਾਂ ਕੁਝ ਨਹੀਂ ਇਥੇ। ਇਥੇ ਆਏ ਬੰਦੇ ਤਾਂ ਮਿੱਠੀ ਜੇਲ ਵਿਚ ਹੁੰਦੇ ਹਨ। ਜ਼ਿੰਦਗੀ ਦਾ ਕੋਈ ਵੀ ਚਾਅ ਉਹ ਪੂਰਾ ਨਹੀਂ ਕਰ ਸਕਦੇ। ਹੋਰ ਤਾਂ ਹੋਰ ਵਿਆਹ ਵੀ ਉਮਰ ਸਿਰ ਨਹੀਂ ਹੁੰਦਾ। ਮੈਂ ਹੁਣ ਤੀਹ ਤੋਂ ਟੱਪ ਗਿਆ ਹਾਂ, ਦੋ-ਤਿੰਨ ਸਾਲ ਤਾਂ ਰਿੰਪੀ ਨੂੰ ਇਥੇ ਸੈੱਟ ਕਰਨ ‘ਤੇ ਲੱਗ ਜਾਣਗੇ। ਫ਼ਿਰ ਇਸ ਨੂੰ ਤਲਾਕ ਦੇਵਾਂਗਾ। ਫ਼ਿਰ ਪੰਜਾਬ ਜਾ ਕੇ ਵਿਆਹ ਬਾਰੇ ਗੱਲ ਕਰਾਂਗਾ। ਫ਼ਿਰ ਜੇ ਕਿਸੇ ਹੋਰ ਰਿਸ਼ਤੇਦਾਰ ਦਾ ਜ਼ੋਰ ਪੈ ਗਿਆ ਤਾਂ ਉਨ੍ਹਾਂ ਦੀ ਕੁੜੀ ਨਾਲ ਸਭ ਕੁਝ ਰਿੰਪੀ ਵਾਂਗ ਕਰਾਂਗਾ। ਪੰਜ-ਸੱਤ ਸਾਲ ਹੋਰ ਲੰਘ ਜਾਣਗੇ। ਤੀਜਾ ਵਿਆਹ ਕਰਾਵਾਂਗਾ। ਉਦੋਂ ਨੂੰ ਮੈਂ ਚਾਲੀ ਸਾਲ ਤੋਂ ਟੱਪ ਜਾਵਾਂਗਾ। ਫ਼ਿਰ ਭਲਾ ਈਦ ਪਿੱਛੋਂ ਤੂੰਬਾ ਫ਼ੂਕਣਾ ਐ। ਨਾਲੇ ਵਿਆਹੁਣ ਵਾਲੀ ਦੀ ਜ਼ਿੰਦਗੀ ਖਰਾਬ ਕਰਾਂਗਾ।
ਇਹ ਸੋਚਦੇ ਨੂੰ ਮਹਿਸੂਸ ਹੋਇਆ ਜਿਵੇਂ ਉਹਨੂੰ ਕੋਈ ਤੋੜ ਜਿਹੀ ਆ ਗਈ ਹੋਵੇ। ਲੰਮੀ ਉਬਾਸੀ ਲਈ ਤੇ ਇੱਕ ਪੈੱਗ ਹੋਰ ਪਾ ਲਿਆ। ਮੀਟ ਦੀਆਂ ਬੋਟੀਆਂ ਚੂੰਡਣ ਲੱਗ ਪਿਆ। ਮੀਟ ਚੂੰਡਦੇ ਦਾ ਖਿਆਲ ਫ਼ਿਰ ਉਥੇ ਹੀ ਆ ਗਿਆ। ਕੁਝ ਸੋਚਦੇ ਨੇ ਮੋਟੀ ਜਿਹੀ ਗਾਲ੍ਹ ਕੱਢੀ। ਸਾਲੇ ਲੋਕ…..। ਆਖਣਗੇ ਤੂੰ ਤਾਂ ਸਵਰਗ ਵਿਚ ਰਹਿੰਦਾ ਐਂ। ਪੁੱਛਣ ਵਾਲਾ ਹੋਵੇ, ਇਹ ਸਵਰਗ ਸੁਆਹ ਦਾ ਹੈ। ਜਿੱਥੇ ਬੰਦਾ ਟਾਈਮ ਸਿਰ ਖਾ ਨਹੀਂ ਸਕਦਾ, ਪੀ ਨਹੀਂ ਸਕਦਾ, ਸੌਂ ਨਹੀਂ ਸਕਦਾ, ਸੋਲ੍ਹਾਂ-ਸੋਲ੍ਹਾਂ ਘੰਟੇ ਮਸ਼ੀਨ ਵਾਂਗ ਕੰਮ ਹੀ ਕਰੀ ਜਾਂਦਾ ਹੈ। ਇਥੇ ਬੰਦਾ, ਬੰਦਾ ਨਹੀਂ ਮਸ਼ੀਨ ਬਣ ਜਾਂਦਾ ਹੈ। ਨਿਰੀ ਮਸ਼ੀਨ।
ਜ਼ਿੰਦਗੀ ਦੇ ਅਨੇਕਾਂ ਚਾਅ ਦਿਲ ਵਿਚ ਹੀ ਰਹਿ ਜਾਂਦੇ ਹਨ। ਹੋਰ ਤਾਂ ਹੋਰ ਆਪਣੀ ਉਮਰ ਵਿਚ ਬੱਚੇ ਵੀ ਪੈਦਾ ਨਹੀਂ ਕਰ ਸਕਦਾ। ਇਥੇ ਤਾਂ ਸਵਰਗ ਐ ਜੇ ਬੰਦੇ ਨੂੰ ਪਿੱਛੇ ਦਾ ਕੋਈ ਫ਼ਿਕਰ ਨਾ ਹੋਵੇ। ਸਾਰਾ ਪਰਿਵਾਰ ਹੀ ਇਥੇ ਹੋਵੇ। ਮੈਂ ਇਥੇ ਦਿਨ-ਰਾਤ ਕੰਮ ਕਰਦਾ ਹਾਂ ਤਾਂ ਉਹ ਪੰਜਾਬ ਵਿਚ ਮੌਜਾਂ ਮਾਣਦੇ ਹਨ। ਪੁੱਛਣ ਵਾਲਾ ਹੋਵੇ, ਸਵਰਗ ਇਥੇ ਹੈ ਜਾਂ ਉਥੇ? ਹੁਣ ਨਹੀਂ ਮੈਂ ਪੈਸਾ ਘੱਲਣਾ। ਬਥੇਰਾ ਚਿਰ ਓਵਰ ਟਾਈਮ ਲਾ ਕੇ ਪੈਸੇ ਭੇਜੇ ਹਨ। ਉਨ੍ਹਾਂ ਨੂੰ ਪੰਜਾਬ ਵਿਚ ਪੰਜਾਂ ਤੋਂ ਪੱਚੀ ਕਿੱਲੇ ਜ਼ਮੀਨ ਬਣਾ ਦਿੱਤੀ ਹੈ। ਜੇ ਹੁਣ ਨਾ ਭੇਜਾਂ, ਕਿਹੜਾ ਉਹ ਭੁੱਖੇ ਮਰ ਜਾਣਗੇ। ਕੰਮ ਕਰਨ, ਪੱਚੀ ਏਕੜ ਜ਼ਮੀਨ ਦੀ ਆਮਦਨ ਕਿਹੜਾ ਥੋੜ੍ਹੀ ਹੁੰਦੀ ਹੈ। ਇੰਨਾ ਸੋਚਦੇ ਦੀ ਲੜੀ ਉਦੋਂ ਟੁੱਟ ਗਈ, ਜਦੋਂ ਰਿੰਪੀ ਆ ਕੇ ਪੁੱਛਦੀ ਹੈ। ”ਬਾਈ ਰੋਟੀ ਲੈ ਕੇ ਆਵਾਂ?” ”ਹਾਂ, ਦੋ ਮਿੰਟ ਠਹਿਰ ਕੇ ਲੈ ਆਈਂ।”
”ਬਾਈ, ਬਸ ਕਰ ਹੁਣ ਤੈਨੂੰ ਨਸ਼ਾ ਬਹੁਤ ਹੋ ਗਿਆ। ਅੱਜ ਕਿਹੜੀਆਂ ਸੋਚਾਂ ਵਿਚ ਡੁੱਬ ਗਿਆ ਹੈਂ, ਜਿਹੜੀ ਐਨੀ ਪੀ ਰਿਹਾ ਹੈਂ? ਨਾਲ ਇੱਕੱਲਾ ਹੀ ਕਿਸ ਨੂੰ ਗਾਲ੍ਹਾਂ ਕੱਢਦਾ ਸੀ। ਕਿਸੇ ਨਾਲ ਲੜ ਕੇ ਤਾਂ ਨੀਂ ਆਇਆ?” ਰਿੰਪੀ ਨੇ ਸਵਾਲਾਂ ਦੀ ਝੜੀ ਹੀ ਲਾ ਦਿੱਤੀ।
”ਨਹੀਂ, ਲੜਨਾ ਕਿਸ ਨਾਲ ਐ, ਮੈਂ ਸੋਚਦਾ ਸੀ ਸਾਲੇ ਲੋਕ ਕਹਿੰਦੇ ਹਨ ਆਪਾਂ ਸਵਰਗ ਵਿਚ ਰਹਿੰਦੇ ਹਾਂ, ਤੂੰ ਹੀ ਦੱਸ ਭਲਾ ਇਥੇ ਕਿਹੜਾ ਸਵਰਗ ਐ ਸਾਲਾ…..। ਕੰਮ ਹੀ ਕੰਮ, ਬੰਦਾ ਨਾ ਚੱਜ ਨਾਲ ਖਾ-ਪੀ ਸਕਦਾ ਹੈ, ਨਾ ਕੋਈ ਹੋਰ ਸ਼ੌਕ ਪੂਰਾ ਕਰ ਸਕਦਾ ਹੈ। ਹੋਰ ਤਾਂ ਹੋਰ, ਵਿਆਹ ਵੀ ਟਾਈਮ ਨਾਲ ਨਹੀਂ ਕਰਵਾ ਸਕਦਾ।”
”ਚੱਲ ਛੱਡ ਬਾਈ।” ਆਖ ਰਿੰਪੀ ਰਸੋਈ ਵਿਚ ਚਲੀ ਗਈ। ਵਿਆਹ ਵੀ ਟਾਈਮ ਨਾਲ ਨਹੀਂ ਹੁੰਦਾ। ਅਵਤਾਰ ਦੇ ਕਹੇ ਸ਼ਬਦ ਉਹਦੇ ਦਿਮਾਗ ਵਿਚ ਹਥੌੜੇ ਵਾਂਗ ਵੱਜਣ ਲੱਗ ਪਏ। ਉਸ ਨੂੰ ਖਿਆਲ ਆਇਆ ਕਿ ਉਸ ਨੇ ਇਥੇ ਪੱਕੀ ਹੋ ਕੇ ਅਵਤਾਰ ਦੇ ਚਾਚੇ ਦੇ ਪੁੱਤ ਵਰਿੰਦਰ ਨਾਲ ਵਿਆਹ ਕਰਨਾ ਹੈ। ਸਿਰਫ਼ ਉਸ ਨੂੰ ਇਥੇ ਲਿਆਉਣ ਲਈ। ਉਸ ਨੂੰ ਇਥੇ ਪੱਕਾ ਕਰਕੇ ਫ਼ਿਰ ਅਸਲੀ ਵਿਆਹ ਕਰਨਾ ਹੈ, ਪੱਕਾ ਫ਼ਿਰ ਵੀ ਨਹੀਂ ਪਤਾ ਕਿਸੇ ਹੋਰ ਦਾ ਜ਼ੋਰ ਪੈ ਗਿਆ ਤਾਂ ਅਸਲੀ ਵਿਆਹ ਹੋਰ ਪਿੱਛੇ ਪੈ ਜਾਵੇ। ਮੈਂ ਹੁਣ ਤੀਹ ਸਾਲ ਦੀ ਤਾਂ ਹੋ ਗਈ ਹਾਂ, ਫ਼ਿਰ ਵਰਿੰਦਰ ਨੂੰ ਲਿਆਉਣਾ ਹੈ, ਉਦੋਂ ਨੂੰ ਤਾਂ ਮੈਂ ਪੈਂਤੀ ਤੋਂ ਟੱਪ ਜਾਵਾਂਗੀ। ਵਰਿੰਦਰ ਬਾਰੇ ਸੋਚ ਕੇ ਤਾਂ ਉਸ ਨੂੰ ਕੰਬਣੀ ਹੀ ਛਿੜ ਗਈ। ਉਸ ਵਰਿੰਦਰ ਨੂੰ ਤਾਂ ਉਹ ਦੇਖਣਾ ਵੀ ਪਸੰਦ ਨਹੀਂ ਕਰਦੀ।
ਬੇ-ਸ਼ਕਲ, ਬਿਲਕੁਲ ਕਾਲਾ ਕੱਟੇ ਵਰਗਾ, ਅੱਖਾਂ ਹਰ ਦਮ ਲਾਲ, ਕਿਸੇ ਫ਼ਿਲਮ ਦੇ ਗੁੰਡੇ ਵਰਗਾ। ਸੋਚਦੀ ਹੈ ਜੇ ਮੈਂ ਉਸ ਨੂੰ ਇਥੇ ਵਿਆਹ ਲਿਆਈ, ਇਸੇ ਤਰ੍ਹਾਂ ਵੱਖਰੇ ਮਕਾਨ ਵਿਚ ਰਹਿਣ ਲੱਗ ਪਏ ਜਿਵੇਂ ਮੈਂ ਤੇ ਅਵਤਾਰ ਰਹਿੰਦੇ ਹਾਂ। ਉਸ ਬਾਂਦਰ ਨੇ ਤਾਂ ਮੇਰੀ ਇੱਜ਼ਤ ਨਹੀਂ ਛੱਡਣੀ। ਉਸ ਬਾਂਦਰ ਨਾਲੋਂ ਤਾਂ ਮੈਂ ਮਰੀ ਹੀ ਚੰਗੀ ਹਾਂ। ਕੀ ਕਰਨਾ ਹੈ ਪੰਜਾਬ ਜਾ ਕੇ, ਮੈਂ ਨਹੀਂ ਜਾਣਾ ਉਥੇ। ਮੈਂ ਨਹੀਂ ਹੋਰ ਵਿਆਹ ਕਰਨਾ, ਜੇ ਮੈਂ ਮੁੜ ਦੇਸ਼ ਜਾਵਾਂ ਹੀ ਨਾ ਤਾਂ ਕਿਵੇਂ ਮੇਰਾ ਵਿਆਹ ਹੋਊ ਉਸ ਬਾਂਦਰ ਨਾਲ। ਜੇ ਮੈਂ ਚਲੀ ਗਈ ਤਾਂ ਪਿਓ ਨੇ ਤਾਂ ਜ਼ਰੂਰ ਉਸ ਬਾਂਦਰ ਨਾਲ ਵਿਆਹ ਕਰ ਦੇਣਾ ਹੈ। ਉਹ ਜ਼ੁਬਾਨ ਦਾ ਪੱਕਾ ਆਦਮੀ ਹੈ। ਮੇਰਾ ਵਿਆਹ ਹੋਇਆ ਤਾਂ ਹੈ, ਮੈਂ ਤਾਰੀ ਨਾਲ ਇਥੇ ਹੀ ਰਹਾਂਗੀ। ਰਿੰਪੀ ਡੋਰ ‘ਚ ਦੇਖਦੀ ਹੈ, ਅਵਤਾਰ ਨੇ ਹੋਰ ਪੈੱਗ ਲਾ ਲਿਆ। ਅਵਤਾਰ ਪੈੱਗ ਪੀ ਕੇ ਸੋਚਦਾ ਹੈ, ਰਿੰਪੀ ਮੇਰਾ ਬਚਪਨ ਦਾ ਪਿਆਰ ਹੈ। ਇਸੇ ਪਿਆਰ ਕਰਕੇ ਹੀ ਤਾਂ ਮੈਂ ਇਹਨੂੰ ਇਥੇ ਲੈ ਕੇ ਆਇਆ ਹਾਂ। ਇਥੇ ਅਮਰੀਕਾ ਦੀ ਧਰਤੀ ‘ਤੇ ਲਿਆਉਣ ਲਈ ਹੀ ਤਾਂ ਮੈਂ ਇਹਦੇ ਨਾਲ ਵਿਆਹ ਕੀਤਾ ਹੈ। ਉਂਝ ਤਾਂ ਭੂਆ ਵੀ ਬਥੇਰਾ ਜ਼ੋਰ ਪਾਉਂਦੀ ਸੀ ਆਪਣੀ ਕੁੜੀ ਨਾਲ ਇਸ ਤਰ੍ਹਾਂ ਦਾ ਵਿਆਹ ਕਰਨ ਲਈ। ਮੈਂ ਆਪਣੇ ਪਹਿਲੇ ਪਿਆਰ ਨੂੰ ਪੂਰਨ ਤੌਰ ‘ਤੇ ਅਪਣਾ ਹੀ ਕਿਉਂ ਨਾ ਲਵਾਂ? ਕਿਉਂ ਨਾ ਨਕਲੀ ਵਿਆਹ ਨੂੰ ਅਸਲੀ ਵਿਆਹ ਵਿਚ ਤਬਦੀਲ ਕਰ ਲਵਾਂ? ਅਸੀਂ ਹਰ ਪਾਸੇ ਤੋਂ ਮੀਆਂ-ਬੀਵੀ ਹਾਂ। ਸਰਕਾਰ ਦੇ ਕਾਗਜ਼ਾਂ ਵਿਚ ਵੀ ਤੇ ਗੁਰੂਘਰ ਵਿਚ ਵੀ, ਸਾਡੇ ਅਨੰਦ ਹੋਏ ਹਨ। ਇੱਕ ਘਰ ਵਿਚ ਅਸੀਂ ਹੋਰ ਕਿੰਨਾ ਚਿਰ ਇਸ ਤਰ੍ਹਾਂ ਰਹਾਂਗੇ। ਅੱਜ ਰਿੰਪੀ ਨੂੰ ਦਿਲ ਦੀ ਗੱਲ ਦੱਸ ਹੀ ਦੇਣੀ ਹੈ। ਜੇ ਉਸ ਨੂੰ ਠੀਕ ਲੱਗਾ ਤਾਂ ਠੀਕ ਹੈ। ਉਂਝ ਧੱਕਾ ਨਹੀਂ ਕਰਨਾ। ਇੰਨਾ ਸੋਚਦਾ ਹੀ ਇੱਕ ਪੈੱਗ ਹੋਰ ਪੀ ਗਿਆ ਤੇ ਮਨ ਹੀ ਮਨ ਕਹਿਣ ਲੱਗਾ, ਇਹ ਮੇਰੀ ਮਾਸੀ ਦੀ ਕੁੜੀ ਹੈ। ਇੰਨੇ ਨੂੰ ਰਿੰਪੀ ਰੋਟੀ ਲੈ ਆਉਂਦੀ ਹੈ, ਅਵਤਾਰ ਕਹਿੰਦਾ ਹੈ, ”ਰਿੰਪੀ, ਆਪਣੀ ਰੋਟੀ ਵੀ ਇਥੇ ਹੀ ਲੈ ਆ, ਅੱਜ ਤੋਂ ਆਪਾਂ ਇੱਕੱਠੇ ਹੀ ਰੋਟੀ ਇੱਕੋ ਥਾਲੀ ਵਿਚ ਖਾਇਆ ਕਰਾਂਗੇ। ਰਿੰਪੀ ਥੋੜ੍ਹਾ ਜਿਹਾ ਝਿਜਕੀ ਪਰ ਉਸ ਦੇ ਦੁਬਾਰਾ ਕਹਿਣ ‘ਤੇ….।
ਜਸਕਰਨ ਲੰਡੇ















