ਬਠਿੰਡਾ : ਅੱਜ ਬਠਿੰਡਾ ਵਿਖੇ ਹੋਈ ਕਾਂਗਰਸ ਦੀ ਰੈਲੀ ਸਾਰੀ ਰੈਲੀਆਂ ਦੀ ਮਾਂ ਸੀ, ਜਿਸ ‘ਚ 5 ਲੱਖ ਤੋਂ ਵੱਧ ਲੋਕਾਂ ਦੀ ਮੌਜ਼ੂਦਗੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਤੀਜੀ ਵਾਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਲੋਕਾਂ ਦੀ ਮੌਜੂਦਗੀ ਹੇਠ ਇੰਨਾ ਵੱਡਾ ਇਕੱਠ ਪੰਜਾਬ ਦੇ ਇਤਿਹਾਸ ‘ਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ ਸੀ। ਇਸ ਲੜੀ ਹੇਠ ਬੀਤੇ ਮਹੀਨੇ ਇਸੇ ਸਥਾਨ ‘ਤੇ ਅਕਾਲੀਆਂ ਦੀ ਰੈਲੀ ਦੇ ਪੰਡਾਲ ਤੋਂ ਦੋਗੁਣਾਂ ਹੋਣ ਦੇ ਬਾਵਜੂਦ ਅੱਜ ਪੰਡਾਲ ਛੋਟਾ ਪੈ ਰਿਹਾ ਸੀ ਤੇ ਵੱਡੀ ਗਿਣਤੀ ‘ਚ ਲੋਕ ਦਰਖਤਾਂ ਤੇ ਇਮਾਰਤਾਂ ਅਤੇ ਇਥੋਂ ਤੱਕ ਬਿਜਲੀ ਦੇ ਟ੍ਰਾਂਸਫਾਰਮਰਾਂ ‘ਤੇ ਚੜ੍ਹ ਕੇ ਦੇਖ ਰਹੇ ਸਨ।
ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਕਾਂਗੜ ਤੇ ਕਿੱਕੀ ਢਿਲੋਂ ਨੂੰ ਵਾਰ ਵਾਰ ਲੋਕਾਂ ਨੂੰ ਟ੍ਰਾਂਸਫਾਰਮਰਾਂ ਤੋਂ ਹੇਠਾਂ ਉਤਰਨ ਦੀ ਅਪੀਲ ਕਰਨੀ ਪੈ ਰਹੀ ਸੀ। ਜਦਕਿ ਪੰਜ ਲੱਖ ਦੇ ਕਰੀਬ ਲੋਕ ਪੰਡਾਲ ਦੇ ਅੰਦਰ ਤੇ ਰੈਲੀ ਸਥਾਨ ਦੇ ਆਲੇ ਦੁਆਲੇ ਮੌਜ਼ੂਦ ਸਨ, ਇੰਨੀ ਹੀ ਗਿਣਤੀ ‘ਚ ਲੋਕ ਸੜਕਾਂ ‘ਤੇ ਭਾਰੀ ਜਾਮ੍ਹ ਲੱਗਣ ਕਾਰਨ ਰੈਲੀ ਸਥਾਨ ‘ਤੇ ਪਹੁੰਚ ਨਹੀਂ ਸਕੇ ਸਨ। ਲੋਕ ਮੀਲਾਂ ਤੋਂ ਤੁਰ ਕੇ ਰੈਲੀ ਸਥਾਨ ‘ਤੇ ਪਹੁੰਚ ਕੇ ਇਸ ਅਹੁਦਾ ਸੰਭਾਲ ਸਮਾਰੋਹ ਦੇ ਗਵਾਹ ਬਣਨ ਆ ਰਹੇ ਸਨ। ਜੋ ਅਸਲਿਅਤ ‘ਚ ਲੱਖਾਂ ਲੋਕਾਂ ਦਾ ਮਾਰਚ ਲੱਗ ਰਿਹਾ ਸੀ।
ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਸਮੀ ਤੌਰ ‘ਤੇ ਕੈਪਟਨ ਅਮਰਿੰਦਰ ਨੂੰ ਪਾਰਟੀ ਝੰਡਾ ਸੌਂਪ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਚਾਰਜ ਸੌਂਪਿਆ ਗਿਆ, ਜਿਸ ਦੌਰਾਨ ਲੋਕਾਂ ਵੱਲੋਂ ਬੋਲੇ ਸੋ ਨਿਹਾਲ ਦੇ ਨਾਅਰਿਆਂ ਦਾ ਹੁੰਗਾਰਾ ਭਰਿਆ ਗਿਆ, ਜਿਨ੍ਹਾਂ ਦੀ ਕੈਪਟਨ ਅਮਰਿੰਦਰ ਨੇ ਹਵਾ ‘ਚ ਹੱਥ ਹਿਲਾ ਕੇ ਵਧਾਈ ਕਬੂਲੀ।
ਇਸ ਮੌਕੇ ਕਾਂਗਰਸ ਦੀ ਲਗਭਗ ਪੂਰੀ ਲੀਡਰਸ਼ਿਪ ਮੌਜ਼ੂਦ ਸੀ। ਜਿਨ੍ਹਾਂ ‘ਚ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ਼ ਸ਼ਕੀਲ ਅਹਿਮਦ, ਸਕੱਤਰ ਹਰੀਸ਼ ਚੌਧਰੀ, ਕਾਂਗਰਸ ਪ੍ਰਚਾਰ ਕਮੇਟੀ ਦੀ ਚੇਅਰਮੈਨ ਅੰਬਿਕਾ ਸੋਨੀ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰਾਂ ‘ਚ ਅਸ਼ਵਨੀ ਕੁਮਾਰ, ਚੌਧਰੀ ਸੰਤੋਖ, ਰਵਨੀਤ ਬਿੱਟੂ ਤੇ ਸਾਰੇ ਵਿਧਾਇਕ, ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਤੇ ਸੂਬੇ ਦੇ ਅਹੁਦੇਦਾਰ ਸ਼ਾਮਿਲ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਵੱਡੀ ਗਿਣਤੀ ‘ਚ ਉਨ੍ਹਾਂ ਦੇ ਅਹੁਦਾ ਸੰਭਾਲ ਸਮਾਰੋਹ ‘ਚ ਸ਼ਾਮਿਲ ਹੋ ਕੇ ਦਿੱਤੇ ਗਏ ਪਿਆਰ ਤੇ ਸਤਿਕਾਰ ਲਈ ਖੁਦ ਨੂੰ ਬੇਹਦ ਨਿਮਾਣਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ ਤੇ 2017 ‘ਚ ਕਾਂਗਰਸ ਦੀ ਜਿੱਤ ਪੁਖਤਾ ਕਰਨਗੇ। ਉਨ੍ਹਾਂ ਨੇ ਸ੍ਰੀ ਗੁਟਖਾ ਸਾਹਿਬ ‘ਤੇ ਹੱਥ ਰੱਖ ਕੇ ਸੌਂਹ ਖਾਧੀ ਕਿ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਉਹ ਪੰਜਾਬ ‘ਚ ਨਸ਼ਾਖੋਰੀ ਦਾ ਖਾਤਮਾ ਕਰਨਗੇ ਅਤੇ ਦੋਸ਼ੀਆਂ ਨੂੰ ਸਜ਼ਾ ਦੇਣਗੇ, ਭ੍ਰਿਸ਼ਟਾਚਾਰ ਨੂੰ ਖਤਮ ਕਰਨਗੇ ਅਤੇ ਕਾਂਗਰਸੀ ਵਰਕਰਾਂ ਖਿਲਾਫ ਦਰਜ਼ ਸਾਰੇ ਝੂਠੇ ਕੇਸ ਰੱਦ ਕਰਨਗੇ।
ਸਾਬਕਾ ਪ੍ਰਧਾਨ ਬਾਜਵਾ ਨੇ ਆਉਂਦੀਆਂ ਚੋਣਾਂ ‘ਚ ਕਾਂਗਰਸ ਦੀ ਜਿੱਤ ਪੁਖਤਾ ਕਰਨ ਲਈ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹ ਬਾਦਲਾਂ ‘ਤੇ ਪੰਜਾਬ ਨੂੰ ਬਰਬਾਦ ਕਰਨ ਲਈ ਵਰ੍ਹੇ ਤੇ ਕਿਹਾ ਕਿ ਰੈਲੀ ‘ਚ ਵੱਡੀ ਗਿਣਤੀ ‘ਚ ਲੋਕਾਂ ਦੀ ਮੌਜ਼ੂਦਲੀ ਨੇ ਬਾਦਲਾਂ ਖਿਲਾਫ ਲੋਕਾਂ ਦੇ ਗੁੱਸੇ ਨੂੰ ਦਰਸਾ ਦਿੱਤਾ ਹੈ।
ਰੈਲੀ ਨੂੰ ਸ੍ਰੀਮਤੀ ਸੋਨੀ, ਭੱਠਲ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਸਾਬਕਾ ਸੀ.ਐਲ.ਪੀ ਲੀਡਰ ਸੁਨੀਲ ਜਾਖੜ, ਐਮ.ਪੀ ਰਵਨੀਤ ਬਿੱਟੂ, ਚੌਧਰੀ ਸੰਤੋਖ, ਅਸ਼ਵਨੀ ਕੁਮਾਰ, ਇੰਡੀਅਨ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਪਾਰਟੀ ਦਾ ਪੰਜਾਬ ਦੀਆਂ ਅਗਲੀ ਚੋਣਾਂ ਜਿੱਤਣਾ ਤੈਅ ਹੈ।













