ਪਟਿਆਲਾ ਸਦਭਾਵਨਾ ਰੈਲੀ ਕੋਈ ਟਕਰਾਅ ਵਾਲੀ ਰੈਲੀ ਨਹੀਂ : ਪ੍ਰਕਾਸ਼ ਸਿੰਘ ਬਾਦਲ

3ਅਗਲੇ ਪੰਜ ਸਾਲਾਂ ‘ਚ ਹਰ ਪਿੰਡ ਨੂੰ ਸ਼ਹਿਰ ਵਰਗਾ ਬਣਾਵਾਂਗੇ  ਸੁਖਬੀਰ ਸਿੰਘ ਬਾਦਲ
ਰੈਲੀ ਕਾਰਨ ਜਾਮ ਵਿਚ ਫਸੀ ਐਂਬੂਲੈਂਸ, ਮਰੀਜ਼ ਦੀ ਮੌਤ  
ਪਟਿਆਲਾ  : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਟਿਆਲਾ ਵਿਚ ਸਦਭਾਵਨਾ ਰੈਲੀ ਕੀਤੀ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਕੋਈ ਟਕਰਾਅ ਵਾਲੀ ਰੈਲੀ ਨਹੀਂ ਹੈ। ਬਾਦਲ ਨੇ ਕਿਹਾ ਕਿ ਉਹਨਾਂ ਨੇ ਤੈਅ ਕੀਤਾ ਸੀ ਕਿ ਇਨ੍ਹਾਂ ਰੈਲੀਆਂ ਦੌਰਾਨ ਜਿੱਥੇ ਸਭ ਤੋਂ ਜ਼ਿਆਦਾ ਇਕੱਠ ਹੋਵੇਗਾ, ਉਸ ਰੈਲੀ ਨੂੰ ਸੋਨੇ ਦਾ ਮੈਡਲ ਦੇਣਗੇ, ਪਰ ਪਟਿਆਲਾ ਦੇ ਲੋਕਾਂ ਨੇ ਉਹਨਾਂ ਦਾ ਦਿਲ ਜਿੱਤ ਲਿਆ ਹੈ। ਬਾਦਲ ਨੇ ਕਿਹਾ ਕਿ ਪਟਿਆਲੇ ਦੇ ਲੋਕਾਂ ਨੂੰ ਸੋਨੇ ਦਾ ਨਹੀਂ ਸਗੋਂ ਡਾਇਮੰਡ ਦਾ ਮੈਡਲ ਦੇਣਾ ਚਾਹੀਦਾ ਹੈ।
ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਪੰਜਾਬ ਦੀ ਦੁਸ਼ਮਣ ਪਾਰਟੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਨੀਤੀ ਪਾੜੋ ਤੇ ਰਾਜ ਕਰੋ ਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਰੈਲੀ ਵਿਚ ਲੱਖਾਂ ਦਾ ਇਕੱਠ ਹੈ ਤੇ ਕੈਪਟਨ ਦੀ ਬਠਿੰਡਾ ਰੈਲੀ ਵਿਚ ਸਿਰਫ 25 ਹਜ਼ਾਰ ਦਾ ਇਕੱਠ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੇਲੇ ਪੰਜਾਬ ਵਿਚੋਂ ਇੰਡਸਟਰੀ ਭੱਜੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਧੋਖੇਬਾਜ਼ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ ਅਗਲੇ ਆਉਣ ਵਾਲੇ 5 ਸਾਲਾਂ ਵਿਚ ਪੰਜਾਬ ਦਾ ਹਰ ਪਿੰਡ ਸ਼ਹਿਰ ਵਰਗਾ ਹੋਵੇਗਾ।
ਇਸੇ ਦੌਰਾਨ ਪਟਿਆਲਾ ਵਿਚ ਅਕਾਲੀ ਦਲ ਦੀ ਸਦਭਾਵਨਾ ਰੈਲੀ ਦੌਰਾਨ ਲੱਗੇ ਜਾਮ ਵਿਚ ਫਸੀ ਐਂਬੂਲੈਂਸ ਦੇ ਅੰਦਰ ਹੀ ਇਕ ਮਰੀਜ਼ ਦੀ ਮੌਤ ਹੋ ਗਈ। ਇਸ ਮਰੀਜ਼ ਨੂੰ ਦਿਲ ਦਾ ਦੌਰਾ ਪੈਣ ਕਾਰਨ ਰਜਿੰਦਰਾ ਹਸਪਤਾਲ ਤੋਂ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ।