ਲਖਨਊ — ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨਕਸਲਵਾਦ,ਅੱਤਵਾਦ ਅਤੇ ਕੱਟੜਵਾਦ ‘ਤੇ ਜਿੱਤ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ਅੱਤਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਪਿੱਛਲੇ 3 ਸਾਲਾਂ ‘ਚ ਪੂਰਬ ‘ਚ ਅੱਤਵਾਦ 75 ਫੀਸਦੀ ਘੱਟ ਹੋਇਆ ਹੈ ਜਦੋਂਕਿ ਨਕਸਲਵਾਦ ‘ਚ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਐਨ.ਆਈ.ਏ. ਦੀ ਕਿਰਿਆਸ਼ੀਲ ਭੂਮਿਕਾ ਕਾਰਨ ਵੀ ਜੰਮੂ-ਕਸ਼ਮੀਰ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਵੀ ਕਮੀ ਆਈ ਹੈ। ਸਿੰਘ ਨੇ ਕਿਹਾ ਕਿ ਨਕਸਲਵਾਦ,ਅੱਤਵਾਦ ਅਤੇ ਕੱਟੜਵਾਦ ਲਈ ਨਕਲੀ ਨੋਟਾਂ ਦੀ ਮੁੱਖ ਭੂਮਿਕਾ ਹੈ। ਰਾਸ਼ਟਰੀ ਜਾਂਚ ਏਜੰਸੀ ਇਸ ਤਰ੍ਹਾਂ ਦੇ ਕਈ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ। ਜੇਕਰ ਅੱਤਵਾਦ ਦਾ ਵਿੱਤ ਪੋਸ਼ਣ ਕਰਨ ਵਾਲੇ ਸਾਧਨਾਂ ਨੂੰ ਹੀ ਖਤਮ ਕਰ ਦਿੱਤਾ ਜਾਵੇ ਤਾਂ ਅੱਤਵਾਦ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਐਨ.ਆਈ.ਏ. ਇਸ ਪਾਸੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਐਨ.ਆਈ.ਏ. ਦੇਸ਼ ਦੀ ਵਧੀਆ ਜਾਂਚ ਏਜੰਸੀ ਹੈ ਅਤੇ ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ ਵਾਲੇ ਲੋਕ ਇਸ ਦਾ ਨਾਂ ਸੁਣਦੇ ਹੀ ਦਹਿਸ਼ਤ ‘ਚ ਆ ਜਾਂਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਭਾਰਤ ‘ਚ ਐਨ.ਆਈ.ਏ. ਦਾ ਪਹਿਲਾ ਰਿਹਾਇਸ਼ੀ ਕੰਪਲੈਕਸ ਅਤੇ ਦਫਤਰ ਲਖਨਊ ‘ਚ ਸਥਾਪਿਤ ਕੀਤਾ ਗਿਆ ਹੈ। ਇਸ ਦੇ ਕਾਰਜ ਖੇਤਰ ‘ਚ ਉੱਤਰ-ਪ੍ਰਦੇਸ਼, ਉੱਤਰਾਖੰਡ,ਬਿਹਾਰ ਅਤੇ ਮੱਧ ਪ੍ਰਦੇਸ਼ ਆਉਂਦੇ ਹਨ। ਇਹ ਚਾਰੋਂ ਸੂਬੇ ਅੱਤਵਾਦ ਦੀ ਨਜ਼ਰ ਤੋਂ ਸ਼ਾਂਤ ਖੇਤਰ ਮੰਨੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਐਨ.ਆਈ.ਏ. ਸਾਰੇ ਦੇਸ਼ ‘ਚ 165 ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਕਰੀਬ 95 ਫੀਸਦੀ ਮਾਮਲਿਆਂ ‘ਚ ਕਾਮਯਾਬ ਵੀ ਹੋਈ ਹੈ। ਇਸ ਤਰ੍ਹਾਂ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਏਜੰਸੀ ਹੈ। ਲਖਨਊ ‘ਚ ਇਸ ਦਾ ਕੰਪਲੈਕਸ ਬਣਾਉਣ ਨਾਲ ਇਸ ਦੀ ਕਾਰਜਪ੍ਰਣਾਲੀ ‘ਚ ਹੋਰ ਸੁਧਾਰ ਹੋਵੇਗਾ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਸੀਨੀਅਰ ਮਹਿਮਾਨ ਮੁੱਖ ਮੰਤਰੀ ਯੋਗੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਐਨ.ਆਈ.ਏ. ਅਤੇ ਉੱਤਰ-ਪ੍ਰਦੇਸ਼ ਦੀਆਂ ਵੱਖ-ਵੱਖ ਜਾਂਚ ਅਤੇ ਖੁਫੀਆ ਏਜੰਸੀਆਂ ਦੇ ਵਿਚਕਾਰ ਹਰੇਕ 6 ਮਹੀਨੇ ‘ਚ ਉੱਚ ਪੱਧਰੀ ਬੈਠਕ ਹੋਵੇ ਤਾਂ ਜੋ ਅਸਰਦਾਰ ਢੰਗ ਨਾਲ ਆਪਸੀ ਤਾਲਮੇਲ ਦੇ ਨਾਲ ਕੰਮ ਹੋ ਸਕੇ। ਯੋਗੀ ਨੇ ਕਿਹਾ ਹੈ ਕਿ ਅੱਤਵਾਦ ਨਾਲ ਲੜਣ ਦੇ ਲਈ ਆਪਣੀਆਂ ਜਾਂਚ ਏਜੰਸੀਆਂ ਨੂੰ ਆਧੁਨਿਕ ਅਤੇ ਸ਼ਕਤੀਸ਼ਾਲੀ ਬਣਨਾ ਹੋਵੇਗਾ। ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਜਾਂਚ ਏਜੰਸੀਆਂ ਐਨ.ਆਈ.ਏ. ਨੂੰ ਹਰ ਪੱਧਰ ‘ਤੇ ਸਹਿਯੋਗ ਦੇਣਗੀਆਂ ।
ਯੋਗੀ ਨੇ ਕਿਹਾ ਕਿ ਭਾਰਤ ਅੱਤਵਾਦ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਨਾਜ਼ੁਕ ਦੇਸ਼ ਹੈ। ਗੁਆਂਢ ਦੇ ਕੁਝ ਦੇਸ਼ਾਂ ਨੇ ਅੱਤਵਾਦ ਨੂੰ ਆਪਣੀ ਵਿਦੇਸ਼ੀ ਨੀਤੀ ਦਾ ਹਿੱਸਾ ਬਣਾ ਲਿਆ ਹੈ, ਐਨ.ਆਈ.ਏ. ਦੇ ਜ਼ਰੀਏ ਉਨ੍ਹਾਂ ਨੂੰ ਤਬਾਹ ਕੀਤਾ ਜਾ ਸਕੇਗਾ। ਐਨ.ਆਈ.ਏ. ਦੇ ਡਾਇਰੈਕਟਰ ਜਨਰਲ ਸ਼ਰਦ ਕੁਮਾਰ ਨੇ ਦੱਸਿਆ ਹੈ ਕਿ ਐਨ.ਆਈ.ਏ. ਦੇ ਲਖਨਊ ਕੰਪਲੈਕਸ ਦੇ ਨਿਰਮਾਣ ‘ਤੇ 36 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਐਨ.ਆਈ.ਏ ਨੇ ਹੁਣ ਤੱਕ 24 ਮਾਮਲੇ ਰਜਿਸਟਰਡ ਕੀਤੇ ਹਨ ਜਿਨ੍ਹਾਂ ‘ਚੋਂ 23 ਮਾਮਲਿਆਂ ‘ਚ ਕਾਮਯਾਬੀ ਮਿਲੀ ਹੈ।















