ਨਵੀਂ ਦਿੱਲੀ— ਗੋਰਖਪੁਰ ਹਾਦਸਾ ਇਕ ਤਰ੍ਹਾਂ ਦੀ ਗਲਤੀ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। ਇਹ ਕਹਿਣਾ ਸੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ। ਗੋਰਖਪੁਰ ‘ਚ ਹੋਈ ਬੱਚਿਆਂ ਦੀ ਮੌਤ ‘ਤੇ ਪਹਿਲੀ ਵਾਰ ਭਾਜਪਾ ਪ੍ਰਧਾਨ ਦਾ ਬਿਆਨ ਆਇਆ। ਉਨ੍ਹਾਂ ਨੇ ਕਿਹਾ, ਜਦੋਂ ਤੱਕ ਇਸ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਹੈ, ਸਾਨੂੰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਅਸੀਂ ਕਾਂਗਰਸ ਦੀ ਤਰ੍ਹਾਂ ਬਿਨਾਂ ਕਿਸੇ ਸਬੂਤ ਦੇ ਕਿਸੇ ‘ਤੇ ਗਲਤੀ ਨਹੀਂ ਥੋਪ ਸਕਦੇ, ਯੋਗੀ ਜੀ ਨੇ ਤੈਅ ਸਮੇਂ ‘ਚ ਜਾਂਚ ਦੇ ਆਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਗੋਰਖਪੁਰ ‘ਚ ਪਿਛਲੇ 7 ਦਿਨਾਂ ‘ਚ ਹੋਈ ਕਰੀਬ 60 ਬੱਚਿਆਂ ਦੀ ਮੌਤ ਨੇ ਯੋਗੀ ਸਰਕਾਰ ਨੂੰ ਚਾਰੇ ਪਾਸਿਓਂ ਘੇਰ ਕੇ ਰੱਖ ਦਿੱਤਾ ਹੈ। ਇਸ ਹਾਦਸੇ ‘ਚ ਪੀ.ਐੱਮ. ਮੋਦੀ ਨੇ ਟਵੀਟ ਨਾ ਕਰਨ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਜਿੱਥੇ ਤੱਕ ਟਵੀਟ ਦਾ ਸਵਾਲ ਹੈ, ਅਜੇ ਇਸ ‘ਤੇ ਜਾਂਚ ਚੱਲ ਰਹੀ ਹੈ, ਪੀ.ਐੱਮ. ਨੇ ਦੁਖ ਜ਼ਾਹਰ ਕੀਤਾ ਹੈ। ਟਵੀਟ ਸਿਰਫ ਇਕ ਮਾਧਿਅਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਖੋ ਬੱਚੇ ਮਰੇ ਹਨ, ਇਸ ਦਾ ਦੁਖ ਹੈ ਪਰ ਕ੍ਰਿਸ਼ਨ ਜਨਮ ਅਸ਼ਟਮੀ ਆਪਣੀ ਜਗ੍ਹਾ ਹੈ ਅਤੇ 15 ਅਗਸਤ ਵੀ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਗੋਰਖਪੁਰ ਘਟਨਾ ‘ਤੇ ਪੀ.ਐੱਮ.ਓ. ਵੱਲੋਂ ਟਵੀਟ ਕੀਤਾ ਗਿਆ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਪੀ.ਐੱਸ. ਇਸ ਘਟਨਾ ‘ਤੇ ਨਜ਼ਰ ਬਣਾਏ ਹੋਏ ਹਨ ਪਰ ਇੰਨੇ ਵੱਡੇ ਮੁੱਦੇ ‘ਤੇ ਮੋਦੀ ਦੇ ਪਰਸਨਲ ਅਕਾਊਂਟ ਤੋਂ ਕੋਈ ਟਵੀਟ ਨਹੀਂ ਕੀਤਾ ਗਿਆ ਸੀ।















