ਲਖਨਊ— ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ ‘ਚ ਆਕਸੀਜਨ ਦੀ ਕਮੀ ਨਾਲ ਹੋਈ ਬੱਚਿਆਂ ਦੀ ਮੌਤ ‘ਤੇ ਸਫ਼ਾਈ ਪੇਸ਼ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਨੇ ਬੇਹੱਦ ਸ਼ਰਮਨਾਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਅਗਸਤ ‘ਚ ਬੱਚਿਆਂ ਦੀ ਮੌਤ ਹੁੰਦੀ ਹੈ। ਬੱਚਿਆਂ ਦੀ ਮੌਤ ਲਈ ਆਕਸੀਜਨ ਦੀ ਕਮੀ ਨੂੰ ਉਨ੍ਹਾਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਸਿਧਾਰਥ ਨਾਥ ਸਿੰਘ ਨੇ ਸਫ਼ਾਈ ਪੇਸ਼ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਬੱਚਿਆਂ ਦੀ ਮੌਤ ਨੂੰ ਘੱਟ ਨਹੀਂ ਆਂਕ ਰਹੀ ਹੈ। ਹਸਪਤਾਲ ‘ਚ ਹੁਣ ਆਕਸੀਜਨ ਦੀ ਕਮੀ ਨਹੀਂ ਹੈ। ਸਾਡੀ ਸਰਕਾਰ ਇਸ ਘਟਨਾ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮੈਨੂੰ ਗੋਰਖਪੁਰ ਜਾਣ ਦਾ ਨਿਰਦੇਸ਼ ਦਿੱਤਾ ਹੈ।
ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਜ਼ਿਲੇ ‘ਚ 63 ਲੋਕਾਂ ਨੇ ਆਕਸੀਜਨ ਸਪਲਾਈ ਰੋਕੇ ਜਾਣ ਕਾਰਨ ਦਮ ਤੋੜ ਦਿੱਤਾ। ਬੀ.ਆਰ.ਡੀ. ਮੈਡੀਕਲ ਕਾਲਜ ‘ਚ ਇੰਸੇਫਲਾਈਟਿਸ (ਦਿਮਾਗ਼ੀ ਬੁਖਰਾ) ਦੇ ਮਰੀਜ਼ਾਂ ਲਈ ਬਣੇ 100 ਬੈੱਡਾਂ ਦੇ ਆਈ.ਸੀ.ਯੂ. ਸਮੇਤ ਦੂਜੇ ਆਈ.ਸੀ.ਯੂ. ਅਤੇ ਵਾਰਡਾਂ ‘ਚ ਦੇਰ ਰਾਤ ਤੱਕ ਰੁਕ-ਰੁਕ ਕੇ ਆਕਸੀਜਨ ਸਪਲਾਈ ਠੱਪ ਹੋਣ ਕਾਰਨ ਮਾਸੂਮਾਂ ਅਤੇ ਹੋਰ ਮਰੀਜ਼ਾਂ ਨੇ ਆਪਣੀ ਜਾਨ ਗਵਾ ਦਿੱਤੀ। ਖਬਰ ਹੈ ਕਿ ਮੈਡੀਕਲ ਕਾਲਜ ਦੇ ਨਹਿਰੂ ਹਸਪਤਾਲ ‘ਚ ਸਪਲਾਈ ਕਰਨ ਵਾਲੀ ਫਰਮ ਦਾ 83 ਲੱਖ ਰੁਪਏ ਦਾ ਭੁਗਤਾਨ ਬਕਾਇਆ ਸੀ, ਜਿਸ ਕਾਰਨ ਵੀਰਵਾਰ ਦੀ ਸ਼ਾਮ ਨੂੰ ਫਰਮ ਨੇ ਹਸਪਤਾਲ ‘ਚ ਲਿਕਵਿਡ ਆਕਸੀਜਨ ਦੀ ਸਪਲਾਈ ਠੱਪ ਕਰ ਦਿੱਤੀ।















