ਨਵੀਂ ਦਿੱਲੀ— ਸਕੂਲ ‘ਚ ਸਾਡੀ ਭਾਸ਼ਾ ਸੁਧਾਰਨ ਦਾ ਕੰਮ ਸਾਡੇ ਅਧਿਆਪਕ ਕਰਦੇ ਹਨ, ਠੀਕ ਉਸੇ ਤਰ੍ਹਾਂ ਹੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਥੋੜ੍ਹੀ ਦੇਰ ਲਈ ਹਿੰਦੀ ਭਾਸ਼ਾ ਦਾ ਟੀਚਰ ਬਣਨਾ ਪਿਆ। ਦਰਅਸਲ, ਇਕ ਸੰਸਦ ਮੈਂਬਰ ਨੇ ਜਦੋਂ ‘ਹੜ੍ਹ ‘ਚ ਕਤਲ’ ਦਾ ਜ਼ਿਕਰ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਹਿੰਦੀ ਦੇ ਸ਼ਬਦ ‘ਚ ਸੁਧਾਰ ਕਰਦੇ ਹੋਏ ਕਿਹਾ ਕਿ ਹੜ੍ਹ ‘ਚ ਕਤਲ ਨਹੀਂ, ਸਗੋਂ ਮੌਤ ਹੁੰਦੀ ਹੈ। ਹਿੰਦੀ ‘ਚ ਸੁਧਾਰ ਕਰਨ ‘ਤੇ ਸੰਸਦ ਮੈਂਬਰ ਨੇ ਮਹਾਜਨ ਦਾ ਆਭਾਰ ਜ਼ਾਹਰ ਕੀਤਾ।
ਲੋਕ ਸਭਾ ‘ਚ ਵੀਰਵਾਰ ਨੂੰ ਹੜ੍ਹ ‘ਤੇ ਕੁਝ ਮੈਂਬਰਾਂ ਵੱਲੋਂ ਪੇਸ਼ ਧਿਆਨਾਕਰਸ਼ਨ ਪ੍ਰਸਤਾਵ ‘ਤੇ ਚਰਚਾ ਚੱਲ ਰਹੀ ਸੀ। ਇਸੇ ਦੌਰਾਨ ਸਪੀਕਰ ਸੁਮਿਤਰਾ ਮਹਾਜਨ ਨੇ ਕਾਂਗਰਸ ਦੇ ਗੌਰਵ ਗੋਗੋਈ ਨੂੰ ਇਹ ਗਲਤੀ ਸੁਧਾਰਨ ਲਈ ਕਿਹਾ। ਆਸਾਮ ਨਾਲ ਤਾਲੁਕ ਰੱਖਣ ਵਾਲੇ ਗੋਗੋਈ ਨੇ ਹਿੰਦੀ ‘ਚ ਆਪਣੀ ਗੱਲ ਰੱਖਦੇ ਹੋਏ ਕਿਹਾ,”ਹੜ੍ਹ ‘ਚ 750 ਲੋਕਾਂ ਦਾ ਕਤਲ ਹੋਇਆ ਹੈ।” ਇਸ ‘ਤੇ ਲੋਕ ਸਭਾ ਸਪੀਕਰ ਨੇ ਤੁਰੰਤ ਕਿਹਾ ਕਿ ਇਸ ਲਈ ਮੌਤ ਸ਼ਬਦ ਦੀ ਵਰਤੋਂ ਹੋਣੀ ਚਾਹੀਦੀ ਹੈ। ਗੋਗੋਈ ਨੇ ਕਿਹਾ,”ਮੇਰੀ ਹਿੰਦੀ ‘ਚ ਸੁਧਾਰ ਕਰਵਾਉਣ ਲਈ ਤੁਹਾਡਾ ਧੰਨਵਾਦ।”















