ਅੱਜ ਹਰ ਦੂਜਾ ਇਨਸਾਨ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਅਤੇ ਇਸ ਦੇ ਹੱਲ ਲਈ ਵੰਨ-ਸੁਵੰਨੇ ਸ਼ੈਂਪੂ ਅਤੇ ਤੇਲਾਂ ਦੀ ਵਰਤੋਂ ਕਰਦਾ ਹੈ ਪਰ ਫ਼ਿਰ ਵੀ ਫ਼ਰਕ ਨਹੀਂ ਪੈਂਦਾ। ਜੇਕਰ ਤੁਸੀਂ ਵੀ ਇਸੇ ਸ਼੍ਰੇਣੀ ‘ਚ ਆਉਂਦੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਇਸ ਦਾ ਕਾਰਗਰ ਤਰੀਕਾ। ਇਸ ਸਮੱਸਿਆ ਤੋਂ ਛੁਟਕਾਰਾ ਹਾਸਲ ਕਰਨ ਲਈ ਸਰਵਾਂਗ ਆਸਨ ਦਾ ਅਭਿਆਸ ਕਰੋ ਕਿਉਂਕਿ ਇਸ ਆਸਨ ਦੀ ਮਦਦ ਨਾਲ ਥਾਇਰਾਇਡ ਗਲੈਂਡ ਕੰਟਰੋਲ ਹੁੰਦਾ ਹੈ ਅਤੇ ਸਿਰ ਤੱਕ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ। ਇਸ ਆਸਨ ਦੇ ਰੁਟੀਨ ਅਭਿਆਸ ਨਾਲ ਵਾਲਾਂ ਦੇ ਝੜਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਆਸਨ ਦੇ ਰੋਜ਼ਾਨਾ ਅਭਿਆਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਸਰੀਰ ‘ਚ ਹਾਰਮੋਨਲ ਸੰਤੁਲਨ ਬਣਾਈ ਰੱਖਣ ‘ਚ ਇਹ ਆਸਨ ਮਦਦ ਕਰਦਾ ਹੈ ਅਤੇ ਇਸ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ।
ਕਿਵੇਂ ਕਰੀਏ
1. ਸਭ ਤੋਂ ਪਹਿਲਾਂ ਪਿੱਠ ਪਰਨੇ ਸਿੱਧੇ ਲੇਟ ਜਾਓ। ਦੋਹਾਂ ਪੈਰਾਂ ਨੂੰ ਜੋੜ ਕੇ ਰੱਖੋ ਅਤੇ ਹੱਥਾਂ ਨੂੰ ਲੱਕ ‘ਤੇ ਰੱਖੋ।
2. ਸਾਹ ਅੰਦਰ ਵੱਲ ਲੈਂਦਿਆਂ ਦੋਹਾਂ ਪੈਰਾਂ ਨੂੰ ਪਹਿਲਾਂ 30 ਡਿਗਰੀ ਦੇ ਕੋਣ ‘ਚ ਚੁੱਕੋ, ਕੁਝ ਸੈਕਿੰਡ ਇਸੇ ਸਥਿਤੀ ‘ਚ ਰਹੋ ਅਤੇ ਫ਼ਿਰ 60 ਡਿਗਰੀ ਤੱਕ ਚੁੱਕੋ। ਇਸ ਤਰ੍ਹਾਂ ਹੌਲੀ-ਹੌਲੀ 90 ਡਿਗਰੀ ਤੱਕ ਚੁੱਕ ਲਓ।
3. ਸਾਹ ਛੱਡਦਿਆਂ ਦੋਹਾਂ ਪੈਰਾਂ ਨੂੰ ਹੇਠਾਂ ਲੈ ਆਓ ਅਤੇ ਕੁਝ ਸੈਕਿੰਡ ਸ਼ਵ ਆਸਨ ‘ਚ ਲੇਟੋ।










