ਹੋਣ ਵਾਲੇ ਬੱਚੇ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਕਿ ਗਰਭ ਅਵਸਥਾ ਦੌਰਾਨ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖਿਆ ਜਾਵੇ, ਇਸ ਨਾਲ ਮਾਂ ਅਤੇ ਬੱਚੇ ਦੋਹਾਂ ਨੂੰ ਫ਼ਾਇਦਾ ਹੁੰਦਾ ਹੈ।
ਗਰਭ ਅਵਸਥਾ ਦੌਰਾਨ ਮਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ, ਇਹ ਬਹੁਤ ਜ਼ਰੂਰੀ ਹੈ। ਇਸ ਨਾਲ ਹੋਣ ਵਾਲੇ ਬੱਚੇ ਦੀ ਸਿਹਤ ‘ਤੇ ਵੀ ਅਸਰ ਪੈਂਦਾ ਹੈ। ਮਾਂ ਲਈ ਉਸ ਦਾ ਬੱਚਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੁਸ਼ੀਆਂ ‘ਚੋਂ ਇਕ ਹੁੰਦਾ ਹੈ। ਜ਼ਰੂਰੀ ਹੈ ਕਿ ਉਹ ਇਸ ਅਹਿਸਾਸ ਨੂੰ ਮਰਨ ਨਾ ਦੇਵੇ।
ਮਾਂ ਅਤੇ ਬੱਚੇ ਦੀ ਸਿਹਤ ਦੀ ਜ਼ਿੰਮੇਵਾਰੀ ਘਰ ਦੇ ਦੂਜੇ ਮੈਂਬਰਾਂ ‘ਤੇ ਵੀ ਹੁੰਦੀ ਹੈ। ਸਰੀਰ ਵਿੱਚ ਹਾਰਮੋਨ ਬਦਲਾਅ ਕਾਰਨ ਮਾਂ ਦਾ ਮੂਡ ਪਲ ਭਰ ਵਿੱਚ ਬਦਲ ਸਕਦਾ ਹੈ। ਅਜਿਹੇ ‘ਚ ਬਾਕੀਆਂ ਦਾ ਸਹਿਯੋਗ ਜ਼ਰੂਰੀ ਹੈ, ਖਾਸ ਕਰ ਕੇ ਪਤੀ ਦਾ।
ਮਾਂ ਦੇ ਸਰੀਰ ਵਿੱਚ ਹੋ ਰਹੇ ਹਾਰਮੋਨ ਬਦਲਾਅ ਕਾਰਨ ਚਮੜੀ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਹਫ਼ਤੇ ਵਿੱਚ ਇਕ ਦਿਨ ਚਿਹਰੇ ‘ਤੇ ਮਾਸਕ ਦਾ ਇਸਤੇਮਾਲ ਚੰਗਾ ਹੈ। ਇਕ ਚਮਚ ਦਹੀਂ ਵਿੱਚ ਕੱਚਾ ਅਵੋਕਾਡੋ ਮਿਲਾ ਕੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ।
ਗਰਭ ਅਵਸਥਾ ਦੌਰਾਨ ਕਸਰਤ ਜ਼ਰੂਰੀ ਹੈ। ਆਸਣ ਲਗਾ ਕੇ ਪੇਟ ਦੇ ਹੇਠਲੇ ਹਿੱਸੇ ‘ਚ ਸਾਹ ਖਿੱਚ ਕੇ ਛੱਡਣਾ ਤਣਾਅ ਦੂਰ ਕਰਦਾ ਹੈ। ਇਸ ਦੌਰਾਨ ਦਿਮਾਗ ਵਿੱਚ ਇਕ ਹੀ ਖਿਆਲ ਹੋਵੇ ਕਿ ਇਹ ਸਾਹ ਮੇਰੇ ਬੱਚੇ ਨੂੰ ਛੂਹ ਕੇ ਲੰਘ ਰਿਹਾ ਹੈ।
ਸਵੇਰੇ ਬਹੁਤਾ ਖਾ ਸਕਣਾ ਆਸਾਨ ਨਹੀਂ, ਅਕਸਰ ਸਵੇਰ ਦੇ ਸਮੇਂ ਮਾਂ ਨੂੰ ਉਲਟੀ ਦੀ ਸ਼ਿਕਾਇਤ ਰਹਿੰਦੀ ਹੈ। ਹਰਬਲ ਚਾਹ ਜਾਂ ਫ਼ਿਰ ਹਲਕੇ-ਫ਼ੁਲਕੇ ਬਿਸਕੁਟ ਜਾਂ ਟੋਸਟ ਖਾਣਾ ਵਧੀਆ ਹੈ। ਨਾਸ਼ਤੇ ਵਿੱਚ ਇਸ ਗੱਲ ‘ਤੇ ਧਿਆਨ ਦਿਓ ਕਿ ਉਹ ਫ਼ਾਈਵਰ ਵਾਲਾ ਖਾਣਾ ਹੋਵੇ। ਫ਼ਲ ਖਾਣਾ ਹੋਰ ਵੀ ਚੰਗਾ ਹੈ।
ਅਕਸਰ ਗਰਭ ਅਵਸਥਾ ਦੌਰਾਨ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਵਾਲਾਂ ਲਈ ਇਸ ਦੌਰਾਨ ਹਲਕੇ ਕੈਮੀਕਲਸ ਵਾਲੇ ਸ਼ੈਂਪੂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਹਫ਼ਤੇ ਵਿੱਚ ਇਕ ਦਿਨ ਇਕ ਚਮਚ ਜੈਤੂਨ ਦੇ ਤੇਲ ਵਿੱਚ ਦਹੀਂ ਅਤੇ ਆਂਡੇ ਦਾ ਪੀਲਾ ਹਿੱਸਾ ਮਿਲਾ ਕੇ ਲਗਾਉਣ ਨਾਲ ਵਾਲਾਂ ਦੀ ਨਮੀ ਪਰਤ ਆਉਂਦੀ ਹੈ। ਗਰਭ ਅਵਸਥਾ ਵਿੱਚ ਹੇਅਰ ਕਲਰ ਦਾ ਇਸਤੇਮਾਲ ਨਾ ਕਰੋ।
ਸਰੀਰ ਅਤੇ ਦਿਮਾਗ ਦੇ ਤੰਦਰੁਸਤ ਹੋਣ ਦੇ ਨਾਲ-ਨਾਲ ਦੋਹਾਂ ਦਰਮਿਆਨ ਸੰਤੁਲਨ ਹੋਣਾ ਬਹੁਤ ਹੀ ਜ਼ਰੂਰੀ ਹੈ। ਗਰਭ ਅਵਸਥਾ ਦੌਰਾਨ ਪੈਦਲ ਚੱਲਣਾ ਫ਼ਾਇਦੇਮੰਦ ਹੈ।
ਮਾਂ ਲਈ ਦੰਦਾਂ ਨੂੰ ਸਾਫ਼ ਰੱਖਣਾ ਵੀ ਜ਼ਰੂਰੀ ਹੈ। ਦਿਨ ਵਿੱਚ 2 ਵਾਰ ਨਰਮ ਬਰੱਸ਼ ਨਾਲ ਦੰਦ ਸਾਫ਼ ਕਰੋ। ਸ਼ੁਰੂਆਤੀ 6 ਮਹੀਨਿਆਂ ਵਿੱਚ ਦੰਦਾਂ ਦਾ ਖਾਸ ਖਿਆਲ ਰੱਖੋ ਅਤੇ ਡੈਂਟਿਸਟ ਨੂੰ ਵੀ ਸਮੇਂ-ਸਮੇਂ ‘ਤੇ ਮਿਲਦੇ ਰਹੋ।
ਮਾਹਿਰਾਂ ਮੁਤਾਬਕ ਬੱਚਿਆਂ ਲਈ ਹਰੀਆਂ ਸਬਜ਼ੀਆਂ ਅਤੇ ਆਇਓਡੀਨ ਭਰਪੂਰ ਭੋਜਨ ਫ਼ਾਇਦੇਮੰਦ ਹੈ। ਬੱਚੇ ਨੂੰ ਖੂਬ ਆਇਰਨ ਅਤੇ ਕੈਲਸ਼ੀਅਮ ਦੀ ਵੀ ਲੋੜ ਹੁੰਦੀ ਹੈ। ਧਿਆਨ ਰਹੇ ਕਿ ਖਾਣ-ਪੀਣ ਵਿੱਚ ਇਨ੍ਹਾਂ ਚੀਜ਼ਾਂ ਦੀ ਕਮੀ ਨਹੀਂ ਹੋਣੀ ਚਾਹੀਦੀ। ਸਮੇਂ-ਸਮੇਂ ‘ਤੇ ਡਾਕਟਰ ਕੋਲ ਵੀ ਜਾਣਾ ਜ਼ਰੂਰੀ ਹੈ।










