ਸੂਰਤ : ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਅੱਤਵਾਦੀ ਹਮਲੇ ਵਿਚ ਮਾਰੇ ਗਏ ਅਮਰਨਾਥ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ| ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ| ਦੱਸਣਯੋਗ ਹੈ ਕਿ ਅੱਤਵਾਦੀ ਹਮਲੇ ਵਿਚ ਮਾਰੇ ਗਏ 7 ਸ਼ਰਧਾਲੂਆਂ ਵਿਚੋਂ 5 ਗੁਜਰਾਤ ਨਾਲ ਸਬੰਧਤ ਹਨ|
ਇਸ ਤੋਂ ਪਹਿਲਾਂ ਹਮਲੇ ਵਿਚ ਮਾਰੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਅਤੇ ਜ਼ਖਮੀਆਂ ਨੂੰ ਗੁਜਰਾਤ ਦੇ ਸੂਰਤ ਹਵਾਈ ਅੱਡੇ ਉਤੇ ਏਅਰ ਫੋਰਸ ਦੇ ਜਹਾਜ਼ ਰਾਹੀਂ ਲਿਆਂਦਾ ਗਿਆ, ਜਿਥੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਮੌਜੂਦ ਸਨ| ਇਸ ਮੌਕੇ ਸ੍ਰੀ ਰੁਪਾਨੀ ਨੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆਂ ਅਤੇ ਉਨ੍ਹਾਂ ਦੇ ਇਲਾਜ ਲਈ ਹਰ ਸੰਭਵ ਸਹਾਇਤਾ ਦਾ ਐਲਾਨ ਵੀ ਕੀਤਾ| ਇਸ ਦੌਰਾਨ ਸ੍ਰੀ ਰੁਪਾਨੀ ਨੇ ਕਿਹਾ ਕਿ ਜਿਸ ਬੱਸ ਉਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ, ਉਸ ਦੇ ਡਰਾਈਵਰ ਨੂੰ ਬਹਾਦਰੀ ਪੁਰਸਕਾਰ ਦਿੱਤਾ ਜਾਵੇਗਾ ਕਿਉਂਕਿ ਉਸ ਨੇ ਕਈ ਯਾਤਰੀਆਂ ਦੀ ਜਾਨ ਨੂੰ ਬਚਾਇਆ|
ਇਸ ਦੌਰਾਨ ਆਪਣੇ ਮ੍ਰਿਤਕ ਮੈਂਬਰਾਂ ਨੂੰ ਲੈਣ ਲਈ ਹਵਾਈ ਅੱਡੇ ਪਹੁੰਚੇ ਲੋਕਾਂ ਵਿਚ ਅੱਤਵਾਦੀ ਹਮਲੇ ਪ੍ਰਤੀ ਕਾਫੀ ਗੁੱਸਾ ਸੀ| ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਅੱਤਵਾਦ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|















