ਤਬੂ ਕਹੇਗੀ ਮੁੜ ਮੁੜ ਕੇ ਨਾ ਦੇਖ

ਬਾਲੀਵੁੱਡ ਅਭਿਨੇਤਰੀ ਤਬੂ ਇੱਕ ਵਾਰ ਫ਼ਿਰ ਤਿਆਰ ਹੈ ਆਪਣੀ ਬਿਹਤਰੀਨ ਅਦਾਕਾਰੀ ਦਿਖਾਉਣ ਲਈ। ਤੱਬੂ ਅੱਜਕੱਲ ਇੱਕੱਠੀਆਂ ਦੋ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ। ਅਜੈ ਦੇਵਗਨ ਨਾਲ ਜਿਥੇ ਉਹ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਅਗਲੀ ਹਿੱਟ ਸੀਰੀਜ਼ ‘ਗੋਲਮਾਲ’ ਦੇ ਅਗਲੇ ਭਾਗ ਦੀ ਸ਼ੂਟਿੰਗ ‘ਚ ਬਿਜ਼ੀ ਹੈ, ਉਥੇ ਦੂਜੇ ਪਾਸੇ ਸ੍ਰੀਰਾਮ ਰਾਘਵਨ ਦੇ ਨਿਰਦੇਸ਼ਨ ਵਿੱਚ ਉਹ ਆਯੁਸ਼ਮਾਨ ਖੁਰਾਨਾ ਨਾਲ ਫ਼ਿਲਮ ‘ਮੁੜ ਮੁੜ ਕੇ ਨਾ ਦੇਖ’ ਦੀ ਸ਼ੂਟਿੰਗ ਵਿੱਚ ਮਸਰੂਫ਼ ਹੈ। ਤੱਬੂ ਅਤੇ ਆਯੁਸ਼ਮਾਨ ਖ਼ੁਰਾਨਾ ਸਟਾਰਰ ਇਸ ਫ਼ਿਲਮ ਦਾ ਟਾਈਟਲ ਕਾਫ਼ੀ ਅਰਸੇ ਤੋਂ ਲਟਕਿਆ ਸੀ ਜੋ ਹੁਣ ਜਾ ਕੇ ਫ਼ਾਈਨਲ ਕੀਤਾ ਗਿਆ ਹੈ। ਸਾਲ 1955 ਵਿੱਚ ਆਈ ਰਾਜ ਕਪੂਰ ਦੀ ਸੁਪਰਹਿੱਟ ਫ਼ਿਲਮ ‘ਸ੍ਰੀ 420’ ਦੇ ਹਿੱਟ ਗੀਤ ‘ਮੁੜ ਮੁੜ ਕੇ ਨਾ ਦੇਖ’ ਦੀ ਇਸ ਪਹਿਲੀ ਲਾਈਨ ਨੂੰ ਫ਼ਿਲਮ ਦਾ ਟਾਈਟਲ ਬਣਾਇਆ ਗਿਆ ਹੈ। ਤਬੂ ਦੀ ਇਹ ਫ਼ਿਲਮ ਇਸੇ ਸਾਲ ਦੇ ਅਖ਼ੀਰ ‘ਚ ਰਿਲੀਜ਼ ਕਰਨ ਦੀ ਯੋਜਨਾ ਹੈ ਪਰ ਅਜੇ ਤਕ ਰਿਲੀਜ਼ ਡੇਟ ਤੈਅ ਨਹੀਂ ਕੀਤੀ ਗਈ ਹੈ। ਫ਼ਿਲਮ ਦੀ ਸ਼ੂਟਿੰਗ ਤੇਜ਼ੀ ਨਾਲ ਲੋਨਾਵਾਲਾ ਅਤੇ ਪੁਣੇ ਵਿੱਚ ਕੀਤੀ ਜਾ ਰਹੀ ਹੈ ਤੇ ਕਰੀਬਨ 30 ਫ਼ੀਸਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਸ੍ਰੀਰਾਮ ‘ਬਦਲਾਪੁਰ’ ਤੋਂ ਕਰੀਬ ਦੋ ਸਾਲ ਬਾਅਦ ਆਪਣੀ ਅਗਲੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਆਯੁਸ਼ਮਾਨ ਖ਼ੁਰਾਨਾ ਪਹਿਲੀ ਵਾਰ ਤੱਬੂ ਨਾਲ ਨਜ਼ਰ ਆਵੇਗਾ। 45 ਸਾਲਾ ਤੱਬੂ ਅਤੇ 32 ਸਾਲਾ ਆਯੁਸ਼ਮਾਨ ਨੂੰ ਆਪੋਜ਼ਿਟ ਦੇਖਣਾ ਦਿਲਚਸਪ ਰਹੇਗਾ। ਤੱਬੂ ਪਿਛਲੀ ਵਾਰ ਫ਼ਿਲਮ ‘ਫ਼ਿਤੂਰ’ ਵਿੱਚ ਨਜ਼ਰ ਆਈ ਸੀ ਅਤੇ ਆਯੁਸ਼ਮਾਨ ਦੀ ਪਿਛਲੇ ਦਿਨੀਂ ਫ਼ਿਲਮ ‘ਮੇਰੀ ਪਿਆਰੀ ਬਿੰਦੂ’ ਰਿਲੀਜ਼ ਹੋਈ ਸੀ।