ਐਕਸਪੈਰੀਮੈਂਟ ਤੋਂ ਨਹੀਂ ਡਰਦੀ ਅਨੁਸ਼ਕਾ

ਫ਼ਿਲੌਰੀ’ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਆਪਣੀ ਹੋਮ ਪ੍ਰੋਡਕਸ਼ਨ ਫ਼ਿਲਮ ‘ਪਰੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਜਿਸ ਵਿੱਚ ਉਸ ਦਾ ਲੁੱਕ ਸਨਸਨੀਖ਼ੇਜ਼ ਹੈ। ਫ਼ਿਲਮ ਵਿੱਚ ਅਨੁਸ਼ਕਾ ਦੇ ਨਾਲ ਇੱਕ ਬੰਗਾਲੀ ਐਕਟਰ ਪਰਮਵ੍ਰਤ ਚੈਟਰਜੀ ਲੀਡ ਰੋਲ ਵਿੱਚ ਹੈ। ਅਨੁਸ਼ਕਾ ਸ਼ਰਮਾ ਨੂੰ ਬਾਲੀਵੁੱਡ ਇੰਡਸਟਰੀ ਵਿੱਚ ਲਗਭਗ 10 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਨ੍ਹਾ ਸਾਲਾਂ ਵਿੱਚ ਉਸ ਨੇ ਸਹੀ ਅਰਥਾਂ ਵਾਲੀ ਸਫ਼ਲਤਾ ਹਾਸਲ ਕੀਤੀ ਹੈ। ਅਨੁਸ਼ਕਾ ਉਨ੍ਹਾਂ ਚੋਣਵੀਆਂ ਅਭਿਨੇਤਰੀਆਂ ‘ਚੋਂ ਇੱਕ ਹੈ ਜਿਨ੍ਹਾਂ ਨੇ ਬਾਲੀਵੁੱਡ ਦੇ ਤਿੰਨਾਂ ਖ਼ਾਨਾਂ ਨਾਲ ਫ਼ਿਲਮਾਂ ਕੀਤੀਆਂ ਹਨ। ਜੇਕਰ ਗ਼ੌਰ ਨਾਲ ਅਨੁਸ਼ਕਾ ਦੇ ਫ਼ਿਲਮੀ ਕਰੀਅਰ ਵੱਲ ਦੇਖੀਏ ਤਾਂ ਪਤਾ ਚੱਲੇਗਾ ਕਿ ਇਨ੍ਹਾਂ ਬੀਤੇ ਸਾਲਾਂ ਵਿੱਚ ਅਨੁਸ਼ਕਾ ਨੇ ਆਪਣੀਆਂ ਫ਼ਿਲਮਾਂ ਵਿੱਚ ਵੰਨ-ਸੁਵੰਨੇ ਰੋਲ ਕੀਤੇ ਹਨ। ਉਹ ਵੀ ਇੱਕ ਤੋਂ ਵੱਧ ਕੇ ਇੱਕ ਅਤੇ ਚੈਲੈਂਜਿੰਗ! ਬਾਲੀਵੁੱਡ ਦੇ ਕਿੰਗ ਖ਼ਾਨ ਨਾਲ ਡੈਬਿਊ ਕਰਨਾ ਆਸਾਨ ਨਹੀਂ ਰਿਹਾ ਹੋਵੇਗਾ। ਇੰਨੇ ਵੱਡੇ ਕਲਾਕਾਰ ਦਾ ਕੋ-ਸਟਾਰ ਹੋਣਾ ਆਪਣੇ ਆਪ ਵਿੱਚ ਇੱਕ ਵੱਡਾ ਪ੍ਰੈਸ਼ਰ ਹੈ। ਪਰ ਹੌਲੀ-ਹੌਲੀ ਅਨੁਸ਼ਕਾ ਨੇ ਇਸ ਪ੍ਰੈਸ਼ਰ ਨੂੰ ਆਪਣਾ ਦੋਸਤ ਬਣਾ ਲਿਆ ਅਤੇ ਅੱਗੇ ਵਧਦੀ ਰਹੀ। ਆਪਣੀ ਡੈਬਿਊ ਫ਼ਿਲਮ ‘ਰਬ ਨੇ ਬਨਾ ਦੀ ਜੋੜੀ’ ਵਿੱਚ ਇੱਕ ਸਾਧਾਰਨ ਜਿਹੀ ਕੁੜੀ ਦਾ ਕਿਰਦਾਰ ਨਿਭਾਉਣ ਦੇ ਬਾਵਜੂਦ ਜਦੋਂ ਅਨੁਸ਼ਕਾ ਨੇ ‘ਬੈਂਡ ਬਾਜਾ ਬਾਰਾਤ’ ਸਾਈਨ ਕੀਤੀ ਤਾਂ ਹਰ ਕੋਈ ਇਸ ਨਵੇਂ ਚਿਹਰੇ ਨੂੰ ਦੇਖਣ ਲਈ ਉਤਸੁਕ ਸੀ। ਹਰ ਕੋਈ ਇਹੀ ਸੋਚ ਰਿਹਾ ਸੀ ਕਿ ਸ਼ਾਹਰੁਖ਼ ਨਾਲ ਡੈਬਿਊ ਕਰਨ ਤੋਂ ਬਾਅਦ ਅਨੁਸ਼ਕਾ ਕੀ ਕਮਾਲ ਦਿਖਾਵੇਗੀ? ਪਰ ਅਨੁਸ਼ਕਾ ਸਾਰੀਆਂ ਦੀਆਂ ਆਸਾਂ ‘ਤੇ ਖਰੀ ਉਤਰੀ। ਉਸ ਨੇ ਇਸ ਫ਼ਿਲਮ ਵਿੱਚ ਵੈਡਿੰਗ ਪਲਾਨਰ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਜਿਵੇਂ ਵੈਡਿੰਗ ਪਲਾਨਰ ਦੇ ਪ੍ਰਫ਼ੈਸ਼ਨ ਨੂੰ ਪ੍ਰਮੋਸ਼ਨ ਮਿਲ ਗਿਆ ਹੋਵੇ! ਇਸ ਤੋਂ ਬਾਅਦ ਸ਼ਾਹਰੁਖ਼ ਨਾਲ ਅਨੁਸ਼ਕਾ ਦੀ ਦੂਸਰੀ ਫ਼ਿਲਮ ‘ਜਬ ਤਕ ਹੈ ਜਾਨ’ ਵਿੱਚ ਅਨੁਸ਼ਕਾ ਡਾਕੂਮੈਂਟਰੀ ਫ਼ਿਲਮਮੇਕਰ ਦੇ ਕਿਰਦਾਰ ਵਿੱਚ ਨਜ਼ਰ ਆਈ ਜੋ ਡਿਸਕਵਰੀ ਚੈਨਲ ਲਈ ਕੰਮ ਕਰਦੀ ਹੈ। ਯਸ਼ ਚੋਪੜਾ ਦੀ ਇਸ ਫ਼ਿਲਮ ਵਿੱਚ ਹੱਥ ‘ਚ ਕੈਮਰਾ ਲੈ ਕੇ ਬਿੰਦਾਸ ਕੁੜੀ ਦਾ ਕਿਰਦਾਰ ਨਿਭਾ ਕੇ ਅਨੁਸ਼ਕਾ ਨੇ ਸਭ ਦਾ ਦਿਲ ਜਿੱਤ ਲਿਆ। ਅਨੁਸ਼ਕਾ ਨੇ ਇੱਕ ਹੋਰ ਐਕਸਪੈਰੀਮੈਂਟ ਕੀਤਾ ਅਤੇ ਇਹ ਸੀ ਆਮਿਰ ਖ਼ਾਨ ਨਾਲ ਫ਼ਿਲਮ ‘ਪੀਕੇ’ ਵਿੱਚ ਰਿਪੋਰਟਰ ਦਾ ਕਿਰਦਾਰ। ਕਿਰਦਾਰਾਂ ਦੇ ਨਾਲ-ਨਾਲ ਅਨੁਸ਼ਕਾ ਨੇ ਆਪਣੇ ਲੁਕਸ ‘ਤੇ ਵੀ ਵੱਖ-ਵੱਖ ਐਕਸਪੈਰੀਮੈਂਟ ਕੀਤੇ। ਸ਼ੌਰਟ ਹੇਅਰ, ਲੂਜ਼ ਜੀਨਜ਼ ਅਤੇ ਹੱਥ ‘ਚ ਮਾਈਕ, ਨਿਊਜ਼ ਚੈਨਲਾਂ ਲਈ ਵੱਡੇ ਸ਼ੋਅ ਦੀ ਐਂਕਰ ਵਰਗੇ ਉਸ ਦੇ ਕਿਰਦਾਰਾਂ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ। ਫ਼ਿਲਮ ‘ਬਾਂਬੇ ਵੈਲਵੇਟ’ ਵਿੱਚ ਅਨੁਸ਼ਕਾ ਰੋਜ਼ੀ ਨਾਂ ਦੀ ਜੈਜ਼ ਸਿੰਗਰ ਦੇ ਰੂਪ ਵਿੱਚ ਨਜ਼ਰ ਆਈ। ਹਾਲਾਂਕਿ ਇਹ ਫ਼ਿਲਮ ਜ਼ਿਆਦਾ ਸਫ਼ਲ ਨਹੀਂ ਰਹੀ। ਫ਼ਿਲਮ ‘ਦਿਲ ਧੜਕਨੇ ਦੋ’ ਵਿੱਚ ਅਨੁਸ਼ਕਾ ਇੱਕ ਡਾਂਸਰ ਦੇ ਰੂਪ ਵਿੱਚ ਨਜ਼ਰ ਆਈ ਤੇ ਖ਼ੁਦ ਨੂੰ ਪਰਫ਼ੈਕਟ ਅਭਿਨੇਤਰੀ ਸਾਬਤ ਕੀਤਾ। ਹੁਣ ਵਾਰੀ ਆਈ ਬਾਲੀਵੁੱਡ ਦੇ ਇੱਕ ਹੋਰ ਖ਼ਾਨ ਦੀ, ਸਲਮਾਨ ਖ਼ਾਨ! ਅਤੇ ਇਸ ਵਾਰ ਅਨੁਸ਼ਕਾ ਬਣੀ ਰੈਸਲਰ। ਜੀ ਹਾਂ, ‘ਸੁਲਤਾਨ’ ਵਿੱਚ ਅਨੁਸ਼ਕਾ ਦਾ ਇਹ ਰੰਗ ਵੀ ਦਰਸ਼ਕਾਂ ਦੇ ਦਿਲਾਂ ‘ਤੇ ਛਾ ਗਿਆ। ਅੱਜਕੱਲ੍ਹ ਅਨੁਸ਼ਕਾ ਮੁੜ ਸੁਰਖ਼ੀਆਂ ਵਿੱਚ ਹੈ ਆਪਣੀ ਆਉਣ ਵਾਲੀ ਫ਼ਿਲਮ ‘ਜਬ ਹੈਰੀ ਮੈੱਟ ਸੇਜਲ’ ਲਈ। ਇਸ ਫ਼ਿਲਮ ਦਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਵਾਰ ਅਨੁਸ਼ਕਾ ਪਰੀ ਦੇ ਅਵਤਾਰ ਵਿੱਚ ਹੈ। ਇਸ ਤੋਂ ਇਲਾਵਾ ਸ਼ਾਹਰੁਖ਼ ਅਤੇ ਕਟਰੀਨਾ ਨਾਲ ਉਹ ਇੱਕ ਹੋਰ ਫ਼ਿਲਮ ਕਰ ਰਹੀ ਹੈ ਜਿਸ ਵਿੱਚ ਸ਼ਾਹਰੁਖ਼ ਇੱਕ ਬੌਣੇ ਦਾ ਕਿਰਦਾਰ ਨਿਭਾ ਰਹੇ ਹਨ। ਉਮੀਦ ਹੈ ਕਿ ਅਨੁਸ਼ਕਾ ਦੇ ਇਹ ਨਵੇਂ ਰੂਪ ਵੀ ਉਸ ਦੇ ਕਰੀਅਰ ਗ੍ਰਾਫ਼ ਦੇ ਸਫ਼ਲ ਤਜਰਬੇ ਸਾਬਤ ਹੋਣਗੇ, ਸੋ ਬੈਸਟ ਆਫ਼ ਲੱਕ ਅਨੁਸ਼ਕਾ!