ਫ਼ਿਲਮਜ਼ ਦੀ ਖੋਜ ਮੰਨੀ ਜਾਣ ਵਾਲੀ ਪਰਿਣੀਤੀ ਚੋਪੜਾ ਆਪਣੇ ਕਰੀਅਰ ਦੀ ਪਹਿਲੀ ਕਾਮੇਡੀ ਫ਼ਿਲਮ ‘ਗੋਲਮਾਲ ਅਗੇਨ’ ਵਿੱਚ ਕੰਮ ਕਰ ਰਹੀ ਹੈ। ਉਹ ਹੈਦਾਰਬਾਦ ਵਿੱਚ ਇਸ ਫ਼ਿਲਮ ਦੀ ਤੀਹ ਫ਼ੀਸਦੀ ਸ਼ੂਟਿੰਗ ਮੁਕੰਮਲ ਕਰ ਚੁੱਕੀ ਹੈ। ਉਹ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਇਹ ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਪਰਿਣੀਤੀ ਚੋਪੜਾ ਦਾ ਦਾਅਵਾ ਹੈ ਕਿ ਉਸ ਦੀ ਇਹ ਫ਼ਿਲਮ ਖ਼ੁਸ਼ੀਆਂ ਦੇ ਤਿਓਹਾਰ ਮੌਕੇ ਲੋਕਾਂ ਦੀਆਂ ਖ਼ੁਸ਼ੀਆਂ ਵਿੱਚ ਵਾਧਾ ਕਰੇਗੀ। ਉਹ ਢਾਈ ਸਾਲ ਬਾਅਦ ਫ਼ਿਲਮ ‘ਮੇਰੀ ਪਿਆਰੀ ਬਿੰਦੂ’ ਵਿੱਚ ਨਜ਼ਰ ਆਈ ਸੀ ਜੋ ਟਿਕਟ ਖਿੜਕੀ ‘ਤੇ ਕਾਮਯਾਬ ਨਹੀਂ ਹੋ ਸਕੀ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਤੁਸੀਂ ਆਪਣੇ ਹੁਣ ਤਕ ਦੇ ਕਰੀਅਰ ਨੂੰ ਕਿਵੇਂ ਦੇਖਦੇ ਹੋ?
-ਮੇਰਾ ਕਰੀਅਰ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਮੈਨੂੰ ਹੁਣ ਤਕ ਕਮਾਲ ਦੀਆਂ ਫ਼ਿਲਮਾਂ ਮਿਲੀਆਂ ਹਨ। ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ, ਉਨ੍ਹਾਂ ਸਾਰੀਆਂ ਵਿੱਚ ਮੇਰੇ ਕਿਰਦਾਰ ਵੱਖ ਵੱਖ ਤਰ੍ਹਾਂ ਦੇ ਰਹੇ ਹਨ।
-ਤੁਹਾਡੀ ਫ਼ਿਲਮ ‘ਮੇਰੀ ਪਿਆਰੀ ਬਿੰਦੂ’ ਨਹੀਂ ਚੱਲ ਸਕੀ। ਇਸ ਬਾਰੇ ਕੀ ਕਹੋਗੇ?
-ਅਸੀਂ ਇਸ ਫ਼ਿਲਮ ਲਈ ਕਾਫ਼ੀ ਮਿਹਨਤ ਕੀਤੀ ਸੀ ਅਤੇ ਸਾਨੂੰ ਇਸ ਤੋਂ ਬਹੁਤ ਉਮੀਦਾਂ ਸਨ, ਪਰ ਫ਼ਿਲਮਾਂ ਨੂੰ ਪਸੰਦ ਜਾਂ ਨਾਪਸੰਦ ਕਰਨ ਦਾ ਆਖਿਰੀ ਫ਼ੈਸਲਾ ਦਰਸ਼ਕਾਂ ਨੇ ਕਰਨਾ ਹੁੰਦਾ ਹੈ। ਅਸੀਂ ਫ਼ਿਲਮ ਦੀ ਅਸਫ਼ਲਤਾ ਤੋਂ ਸਿੱਖਦੇ ਹਾਂ ਕਿ ਗ਼ਲਤੀ ਕਿੱਥੇ ਹੋਈ ਅਤੇ ਭਵਿੱਖ ਵਿੱਚ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਫ਼ਿਲਮ ਨਾ ਚੱਲਣ ‘ਤੇ ਗੁੱਸਾ ਨਹੀਂ ਆਉਂਦਾ। ਬੌਲੀਵੁੱਡ ਵਿੱਚ ਅਸਫ਼ਲਤਾ ਮਿਲਣਾ ਲਾਜ਼ਮੀ ਹੈ ਕਿਉਂਕਿ ਇੱਕ ਫ਼ਿਲਮ ਦੀ ਸਫ਼ਲਤਾ ਲਈ ਕਈ ਲੱਖ ਲੋਕਾਂ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ। ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਕਿ ਹਰ ਕਿਸੇ ਦੀ ਪਸੰਦ ਨਾਪਸੰਦ ਵੱਖਰੀ ਹੁੰਦੀ ਹੈ। ਸੱਚ ਆਖਾਂ ਤਾਂ ਮੈਂ ਆਪਣੇ ਲਈ ਹਮੇਸ਼ਾਂ ਸਫ਼ਲਤਾ ਹੀ ਚਾਹੁੰਦੀ ਹਾਂ।
-ਤੁਹਾਡੇ ਨਾਲ ਹੀ ਸ਼ੁਰੂਆਤ ਕਰਨ ਵਾਲੀ ਆਲੀਆ ਭੱਟ ਦਾ ਕਰੀਅਰ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ?
-ਮੈਨੂੰ ਕਿਸੇ ਦੀ ਸਫ਼ਲਤਾ ਤੋਂ ਸਾੜਾ ਨਹੀਂ ਹੁੰਦਾ। ਅਸੀਂ ਸਾਰੇ ਵੱਖ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਕਰ ਰਹੇ ਹਾਂ। ਫ਼ਿਲਮ ਸਫ਼ਲ ਹੋਵੇ ਚਾਹੇ ਅਸਫ਼ਲ ਅਸੀਂ ਇੱਕ ਦੂਜੇ ਪ੍ਰਤੀ ਸਾਕਾਰਾਤਮਕ ਰਵੱਈਆ ਰੱਖਦੇ ਹਾਂ।
-ਤੁਸੀਂ ਬੌਲੀਵੁੱਡ ਦੀ ਅਜਿਹੀ ਕਲਾਕਾਰ ਹੋ ਜਿਸ ਨੇ ਖੁੱਲ੍ਹ ਕੇ ਫ਼ਿਲਮਾਂ ਤੋਂ ਬਰੇਕ ਲੈਣ ਦੀ ਗੱਲ ਨੂੰ ਜੱਗ ਜ਼ਾਹਿਰ ਕੀਤਾ। ਅਜਿਹਾ ਹੌਸਲਾ ਬਹੁਤ ਥੋੜ੍ਹੇ ਕਲਾਕਾਰ ਹੀ ਦਿਖਾਉਂਦੇ ਹਨ?
-ਮੈਨੂੰ ਦਿਖਾਵਾ ਪਸੰਦ ਨਹੀਂ ਹੈ। ਸੱਚ ਨੂੰ ਬਿਆਨ ਕਰਨ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੁੰਦੀ। ਮੈਂ ਪੂਰੇ ਦੋ ਸਾਲਾਂ ਲਈ ਫ਼ਿਲਮਾਂ ਤੋਂ ਬਰੇਕ ਲਈ ਸੀ ਤਾਂ ਮੈਂ ਇਸ ਗੱਲ ਨੂੰ ਸਵੀਕਾਰ ਕੀਤਾ ਸੀ। ਸੱਚ ਇਹ ਹੈ ਕਿ ਮੈਂ ਇਨ੍ਹਾਂ ਦੋ ਸਾਲਾਂ ਵਿੱਚ ਘਰ ਨਹੀਂ ਬੈਠੀ ਰਹੀ। ਮੈਂ ਉਸ ਸਮੇਂ ਕਾਫ਼ੀ ਕੰਮ ਕੀਤਾ। ਮੈਂ ਜਿਵੇਂ ਜਿੰਮ ਬਗੈਰਾ ਜਾਂਦੀ ਰਹੀ। ਇਸ਼ਤਿਹਾਰੀ ਫ਼ਿਲਮਾਂ ਕਰਦੀ ਰਹੀ। ਮੈਂ ਕਾਫ਼ੀ ਵਜ਼ਨ ਘਟਾਇਆ। ਮੇਰੇ ਕਹਿਣ ਦਾ ਭਾਵ ਹੈ ਕਿ ਮੈਂ ਇਨ੍ਹਾਂ ਦੋ ਸਾਲਾਂ ਵਿੱਚ ਇੰਨੀ ਰੁੱਝੀ ਰਹੀ ਕਿ ਮੈਨੂੰ ਕਦੇ ਵੀ ਖਾਲੀਪਣ ਜਾਂ ਇੱਕੱਲੇਪਣ ਦਾ ਅਹਿਸਾਸ ਨਹੀਂ ਹੋਇਆ।
-ਦੋ ਸਾਲ ਤੁਸੀਂ ਖ਼ੂਬ ਡਾਈਟਿੰਗ ਕੀਤੀ?
-ਹਾਂ ਜੀ, ਮੈਂ ਆਪਣਾ ਭਾਰ ਘਟਾਉਣਾ ਸੀ। ਇਸ ਲਈ ਮੈਂ ਆਪਣੀਆਂ ਸਾਰੀਆਂ ਮਨਪਸੰਦ ਚੀਜ਼ਾਂ ਖਾਣੀਆਂ ਬੰਦ ਕਰ ਦਿੱਤੀਆਂ। ਪੀਜ਼ਾ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਹੈ। ਪਹਿਲਾਂ ਮੈਂ ਦਿਨ ਵਿੱਚ ਚਾਰ-ਪੰਜ ਪੀਜ਼ੇ ਖਾ ਜਾਂਦੀ ਸੀ, ਪਰ ਪਿਛਲੇ ਤਿੰਨ ਸਾਲਾਂ ਤੋਂ ਮੈਂ ਪੀਜ਼ਾ ਨਹੀਂ ਖਾ ਰਹੀ। ਮੈਂ ਕਿਸੇ ਫ਼ਿਲਮ ਲਈ ਆਪਣਾ ਵਜ਼ਨ ਨਹੀਂ ਘਟਾਇਆ ਸਗੋਂ ਮੈਂ ਆਪਣੇ ਮੁਟਾਪੇ ਬਾਰੇ ਲੋਕਾਂ ਦੀਆਂ ਟਿੱਪਣੀਆਂ ਸੁਣ ਕੇ ਥੱਕ ਗਈ ਸੀ। ਇਸ ਲਈ ਹੀ ਮੈਂ ਆਪਣਾ ਭਾਰ ਘਟਾਇਆ। ਹੁਣ ਮੈਂ ਤਰ੍ਹਾਂ ਤਰ੍ਹਾਂ ਦੇ ਲਿਬਾਸ ਸਹਿਜਤਾ ਨਾਲ ਪਹਿਨ ਸਕਦੀ ਹਾਂ।
-‘ਮੇਰੀ ਪਿਆਰੀ ਬਿੰਦੂ’ ਵਰਗੀ ਰੁਮਾਂਟਿਕ ਫ਼ਿਲਮ ਕਰਨ ਮਗਰੋਂ ਹੁਣ ਤੁਸੀਂ ਕਾਮੇਡੀ ਫ਼ਿਲਮ ਕਰ ਰਹੇ ਹੋ?
-ਇਹ ਮੇਰੇ ਲਈ ਪਹਿਲਾ ਮੌਕਾ ਹੈ ਜਦੋਂ ਮੈਂ 14 ਵੱਡੇ ਸਿਤਾਰਿਆਂ ਨਾਲ ਇਸ ਫ਼ਿਲਮ ਵਿੱਚ ਅਦਾਕਾਰੀ ਕਰ ਰਹੀ ਹਾਂ। ਇਹ ਸਾਰੇ ਕਲਾਕਾਰ ਕਾਮੇਡੀ ਵਿੱਚ ਮਾਹਿਰ ਹਨ। ‘ਗੋਲਮਾਲ’ ਸੀਰੀਜ਼ ਮੇਰੀਆਂ ਮਨਪਸੰਦ ਫ਼ਿਲਮਾਂ ਰਹੀਆਂ ਹਨ।
-ਹੁਣ ਤੁਸੀਂ ਇਸੇ ਲੜੀ ਦੀ ਫ਼ਿਲਮ ‘ਗੋਲਮਾਲ ਅਗੇਨ’ ਦਾ ਹਿੱਸਾ ਬਣ ਗਏ ਹੋ?
-ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਅਜੇ ਦੇਵਗਨ ਦੀ ਪ੍ਰਸ਼ੰਸਕ ਹਾਂ। ਮੈਨੂੰ ਫ਼ਿਲਮ ਵਿੱਚ ਉਨ੍ਹਾਂ ਨਾਲ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਹੈ। ਮੈਂ ਹਮੇਸ਼ਾਂ ਅਜੇ ਦੇਵਗਨ ਤੋਂ ਉਨ੍ਹਾਂ ਦੇ ਕਰੀਅਰ ਨਾਲ ਜੁੜੀਆਂ ਕਹਾਣੀਆਂ ਸੁਣਨਾ ਚਾਹੁੰਦੀ ਸੀ। ‘ਗੋਲਮਾਲ ਅਗੇਨ’ ਸਦਕਾ ਮੈਨੂੰ ਇਹ ਮੌਕਾ ਮਿਲਿਆ। ਉਹ ਬਹੁਤ ਵੱਡੇ ਸਟਾਰ ਹਨ, ਪਰ ਉਹ ਕਦੇ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੰਦੇ। ਮੈਂ ਉਨ੍ਹਾਂ ਨਾਲ ਬਿਲਕੁਲ ਦੋਸਤਾਨਾ ਮਾਹੌਲ ਵਿੱਚ ਗੱਲਬਾਤ ਕੀਤੀ। ਮੈਨੂੰ ਉਨ੍ਹਾਂ ਨਾਲ ਮਿਲਿਆਂ ਸਿਰਫ਼ ਦੋ ਮਹੀਨੇ ਹੀ ਹੋਏ ਹਨ, ਪਰ ਉਨ੍ਹਾਂ ਨੇ ਮੈਨੂੰ ਹਮੇਸ਼ਾਂ ਇਹੀ ਅਹਿਸਾਸ ਕਰਾਇਆ ਕਿ ਮੈਂ ਵੀ ‘ਗੋਲਮਾਲ’ ਲੜੀ ਦਾ ਹਿੱਸਾ ਹਾਂ।
-ਤੁਹਾਡੇ ਲਈ ਕਾਮੇਡੀ ਕਰਨਾ ਕਿੰਨਾ ਕੁ ਸੌਖਾ ਹੈ?
-ਬਹੁਤ ਮੁਸ਼ਕਿਲ ਹੈ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਹਸਾਉਣਾ ਸੌਖਾ ਹੁੰਦਾ ਹੈ। ਉਂਜ ਤਾਂ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਅਤੇ ‘ਹੰਸੀ ਤੋਂ ਫ਼ੰਸੀ’ ਵਿੱਚ ਵੀ ਕਾਮੇਡੀ ਸੀ, ਪਰ ‘ਗੋਲਮਾਲ ਅਗੇਨ’ ਪੂਰੀ ਤਰ੍ਹਾਂ ਕਾਮੇਡੀ ਫ਼ਿਲਮ ਹੈ। ਅਜਿਹੀ ਫ਼ਿਲਮ ਲਈ ਕਲਾਕਾਰ ਵਜੋਂ ਕਾਮੇਡੀ ਕਿਰਦਾਰ ਦੀਆਂ ਬਾਰੀਕੀਆਂ ਨੂੰ ਫ਼ੜਨਾ ਮੇਰੇ ਲਈ ਕਾਫ਼ੀ ਮੁਸ਼ਕਿਲ ਰਿਹਾ। ਇਹ ਬਹੁਤ ਵੱਡਾ ਸਿੱਖਣ ਵਾਲਾ ਮੌਕਾ ਸੀ। ਬਾਕੀ ਕਲਾਕਾਰਾਂ ਦੇ ਸਹਿਯੋਗ ਨਾਲ ਮੈਂ ਦੋ ਚਾਰ ਦਿਨਾਂ ਵਿੱਚ ਹੀ ਰਵਾਂ ਹੋ ਗਈ। ਮੈਨੂੰ ਸਮਝ ਆਇਆ ਕਿ ਆਮ ਕਮਰਸ਼ਲ ਫ਼ਿਲਮਾਂ ਦੇ ਮੁਕਾਬਲੇ ‘ਗੋਲਮਾਲ’ ਸੀਰੀਜ਼ ਦੀਆਂ ਫ਼ਿਲਮਾਂ ਵਿੱਚ ਕਿੰਨਾ ਫ਼ਰਕ ਹੈ।
-ਸੁਣਿਆ ਹੈ ਕਿ ਸੰਜੇ ਦੱਤ ਇਸ ਵਿੱਚ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਉਣਗੇ?
-ਪਤਾ ਨਹੀਂ, ਪਰ ‘ਗੋਲਮਾਲ ਅਗੇਨ’ ਦੇ ਸੈੱਟ ‘ਤੇ ਅਕਸਰ ਵੱਡੇ ਵੱਡੇ ਕਲਾਕਾਰ ਆਉਂਦੇ ਰਹਿੰਦੇ ਹਨ। ਸੰਜੇ ਦੱਤ ਵੀ ਇੱਕ ਦੋ ਵਾਰ ਆਏ।
-ਤੁਸੀਂ ਵੀ ਆਪਣੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਵਾਂਗੂ ਗੀਤ ਗਾਉਣ ਲੱਗੇ ਹੋ?
-ਮੇਰੀ ਸਿਰਫ਼ ਸੰਗੀਤ ਵਿੱਚ ਦਿਲਚਸਪੀ ਹੀ ਨਹੀਂ, ਸਗੋਂ ਮੈਂ ਇਸ ਦੀ ਬਾਕਾਇਦਾ ਸਿਖਲਾਈ ਲਈ ਹੈ। ਮੈਨੂੰ ਰਾਗਾਂ ਦੀ ਜਾਣਕਾਰੀ ਹੈ। ਮੈਂ ਭਾਰਤੀ ਸ਼ਾਸਤਰੀ ਸੰਗੀਤ ਸਿੱਖਿਆ ਵੀ ਹੈ। ਮੈਂ ਆਪਣੀ ਫ਼ਿਲਮ ‘ਮੇਰੀ ਪਿਆਰੀ ਬਿੰਦੂ’ ਲਈ ਪਹਿਲੀ ਵਾਰ ਗੀਤ ਗਾਇਆ ਹੈ। ਪ੍ਰਿਅੰਕਾ ਵਾਂਗੂ ਮੈਂ ਵੀ ਵੱਡੇ ਪੱਧਰ ‘ਤੇ ਗੀਤ ਗਾਉਣਾ ਚਾਹੁੰਦੀ ਹਾਂ। ਗਾਇੱਕੀ ਮੇਰਾ ਪਹਿਲਾ ਪਿਆਰ ਹੈ। ਦਰਅਸਲ, ਮੇਰੇ ਘਰ ਵਿੱਚ ਵੀ ਸੰਗੀਤਕ ਮਾਹੌਲ ਹੈ। ਮੇਰੇ ਮੰਮੀ ਪਰਵਾਸੀ ਭਾਰਤੀ ਹਨ। ਉਹ ਸਿੰਗਾਪੁਰ ਵਿੱਚ ਜਨਮੇ ਅਤੇ ਕੀਨੀਆ ਵਿੱਚ ਪਲੇ ਹਨ। ਇਸ ਲਈ ਉਹ ਅੰਗਰੇਜ਼ੀ ਗੀਤ ਸੁਣਦੇ ਹਨ। ਜਦੋਂਕਿ ਮੇਰੇ ਪਿਤਾ ਨੂੰ ਮੁਕੇਸ਼ ਦੇ ਗੀਤ ਬਹੁਤ ਪਸੰਦ ਹਨ। ਮੇਰੇ ਨਾਨਾ ਜੀ ਫ਼ਰੀਦਾ ਖ਼ਾਨੁਮ ਦੇ ਗੀਤ ਸੁਣਨਾ ਪਸੰਦ ਕਰਦੇ ਸਨ। ਜਦੋਂ ਕਿ ਮੈਂ ਲਤਾ ਮੰਗੇਸ਼ਕਰ, ਸੁਨਿਧੀ ਚੌਹਾਨ ਅਤੇ ਸ਼੍ਰੇਆ ਘੋਸ਼ਾਲ ਦੇ ਗੀਤ ਗਾਉਂਦੀ ਸੀ।
-ਤੁਸੀਂ ਕਿਸ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਪਸੰਦ ਕਰੋਗੇ?
-ਕਿਰਦਾਰਾਂ ਨੂੰ ਲੈ ਕੇ ਮੈਂ ਹਮੇਸ਼ਾਂ ਪ੍ਰਯੋਗ ਕਰਦੀ ਰਹਿਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਹੀ ਕਿਰਦਾਰਾਂ ਨੂੰ ਚੁਣਨਾ ਪਸੰਦ ਕਰਦੀ ਹਾਂ ਜੋ ਮੈਂ ਵਧੀਆ ਢੰਗ ਨਾਲ ਨਿਭਾ ਸਕਾਂ। ਫ਼ਿਲਹਾਲ ਜਿਹੜੀਆਂ ਪੇਸ਼ਕਸ਼ਾਂ ਮੇਰੇ ਕੋਲ ਆਉਂਦੀਆਂ ਹਨ, ਉਨ੍ਹਾਂ ਵਿੱਚੋਂ ਹੀ ਬਿਹਤਰ ਚੁਣ ਰਹੀ ਹਾਂ। ਮੇਰਾ ਸਫ਼ਰ ਇਸੇ ਤਰ੍ਹਾਂ ਚੱਲ ਰਿਹਾ ਹੈ। ਫ਼ਿਲਹਾਲ ਕਮਰਸ਼ਲ ਫ਼ਿਲਮਾਂ ਨੂੰ ਪਹਿਲ ਦੇ ਰਹੀ ਹਾਂ।
-‘ਗੋਲਮਾਲ ਅਗੇਨ’ ਤੋਂ ਬਾਅਦ ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
-ਉਂਜ ਤਾਂ ਮੈਂ ਕਈ ਫ਼ਿਲਮਾਂ ਲਈ ਹਾਮੀ ਭਰੀ ਹੋਈ ਹੈ, ਪਰ ਜਦੋਂ ਤਕ ਉਨ੍ਹਾਂ ਫ਼ਿਲਮਾਂ ਬਾਰੇ ਨਿਰਮਾਤਾਵਾਂ ਵੱਲੋਂ ਐਲਾਨ ਨਾ ਹੋ ਜਾਵੇ, ਉਦੋਂ ਤਕ ਮੇਰਾ ਉਨ੍ਹਾਂ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਏਗਾ। ਮੈਂ ਨਿਰਮਾਤਾਵਾਂ ਵੱਲੋਂ ਐਲਾਨ ਕੀਤੇ ਜਾਣ ਦੀ ਉਡੀਕ ਕਰ ਰਹੀ ਹਾਂ।.











