ਅਭਿਨੇਤਾ ਅਲੀ ਫ਼ਜ਼ਲ ਜਲਦੀ ਹੀ ਹਾਲੀਵੁੱਡ ਫ਼ਿਲਮ ‘ਵਿਕਟੋਰੀਆ ਐਂਡ ਅਬਦੁਲ’ ਵਿੱਚ ਅਦਾਕਾਰੀ ਜੂਡੀ ਡੈਂਚ ਨਾਲ ਇੱਕ ਅਹਿਮ ਕਿਰਦਾਰ ਵਿੱਚ ਨਜ਼ਰ ਆਉਣ ਜਾ ਰਿਹਾ ਹੈ। ਅਲੀ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਸ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਸਾਬਿਤ ਹੋਵੇਗੀ। ਅਲੀ ਨੇ ਦੱਸਿਆ ਕਿ ਇਸ ਫ਼ਿਲਮ ਲਈ ਚੁਣੇ ਜਾਣ ਤੋਂ ਪਹਿਲਾ ਉਸ ਨੂੰ ਕਈ ਆਡੀਸ਼ਨ ਪਾਸ ਕਰਨੇ ਪਏ ਸਨ। ਅਲੀ ਦਾ ਕਹਿਣਾ ਹੈ ਕਿ ਫ਼ਿਲਮ ਇੱਕ ਸੱਚੀ ਕਹਾਣੀ ‘ਤੇ ਆਧਾਰਿਤ ਹੈ ਜਿਸ ਵਿੱਚ ਅਲੀ ਮਹਾਰਾਣੀ ਵਿਕਟੋਰੀਆ ਦੇ ਮੁਨਸ਼ੀ ਅਬਦੁਲ ਕਰੀਮ ਦਾ ਕਿਰਦਾਰ ਨਿਭਾ ਰਿਹਾ ਹੈ। ਜੂਡੀ ਡੈਂਚ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਅਲੀ ਦਾ ਕਹਿਣਾ ਹੈ ਕਿ ‘ਉਹ ਬਹੁਤ ਚੰਗੇ ਇਨਸਾਨ ਹਨ ਅਤੇ ਉਨ੍ਹਾਂ ਨੇ ਮੇਰਾ ਸਵਾਗਤ ਬਹੁਤ ਵਧੀਆ ਢੰਗ ਨਾਲ ਕੀਤਾ। ਸ਼ੂਟਿੰਗ ਦੌਰਾਨ ਅਸੀਂ ਕਾਫ਼ੀ ਵਧੀਆ ਦੋਸਤ ਬਣ ਗਏ ਸਾਂ।’ ਅਲੀ ਨੇ ਦੱਸਿਆ ਕਿ ਉਹ ਦੋਵੇਂ ਪਹਿਲੀ ਵਾਰ ਲੰਚ ‘ਤੇ ਮਿਲੇ ਸਾਂ ਤਾਂ ਕਿ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕੀਏ।’ ਅਲੀ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਕੀ ਵੱਡਾ ਫ਼ਰਕ ਮਹਿਸੂਸ ਕੀਤਾ? ਤਾਂ ਅਲੀ ਨੇ ਕਿਹਾ ਕਿ ‘ਕੁਝ ਜ਼ਿਆਦਾ ਅੰਤਰ ਨਹੀਂ ਹੈ। ਹਾਲੀਵੁੱਡ ਨੂੰ ਅਸੀਂ ਜ਼ਿਆਦਾ ਸਨਮਾਨ ਦਿੰਦੇ ਹਾਂ ਕਿਉਂਕਿ ਇਹ ਸਾਡੀ ਇੰਡਸਟਰੀ ਤੋਂ ਕਾਫ਼ੀ ਪੁਰਾਣਾ ਹੈ। ਤਕਨੀਕ ਦੇ ਮਾਮਲੇ ਵਿੱਚ ਹਾਲੀਵੁੱਡ ਸਾਡੇ ਤੋਂ ਅੱਗੇ ਹੈ ਪਰ ਦੋਹਾਂ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਹਨ। ਸਾਡੇ ਕੋਲ ਵੀ ਚੰਗੀਆਂ ਚੰਗੀਆਂ ਸਕ੍ਰਿਪਟਸ ਆ ਰਹੀਆਂ ਹਨ। ਸਾਡੇ ਦੇਸ਼ ਵਿੱਚ ਹੁਣ ਕਾਫ਼ੀ ਚੰਗਾ ਕੰਮ ਹੋ ਰਿਹਾ ਹੈ ਅਤੇ ਮੈਨੂੰ ਇਸ ‘ਤੇ ਬਹੁਤ ਮਾਣ ਹੈ।’ ਇੱਕ ਸਵਾਲ ਦੇ ਜਵਾਬ ਵਿੱਚ ਅਲੀ ਨੇ ਕਿਹਾ, ‘ਮੈਂ ਇਸ ਅਨੁਭਵ ਨੂੰ ਇੰਜੁਆਏ ਕਰ ਰਿਹਾ ਹਾਂ। ਸਾਨੂੰ ਕਦੇ-ਕਦੇ ਹੀ ਅਜਿਹਾ ਮੌਕਾ ਮਿਲਦਾ ਹੈ ਜਦੋਂ ਇੱਕੱਠਿਆਂ ਕੰਮ ਕਰਨ ਦਾ ਮੌਕਾ ਮਿਲਦਾ ਹੈ ਤੇ ਅਸੀਂ ਕੁਝ ਚੰਗਾ ਸਿਨੇਮਾ ਲਿਆ ਸਕਦੇ ਹਾਂ, ਜੋ ਕਿ ਗਲੋਬਲ ਸਟੇਜ ਅਤੇ ਵਰਲਡ ਸਿਨੇਮਾ ਲਈ ਬਹੁਤ ਜ਼ਰੂਰੀ ਹੈ।’ ਵਿਕਟੋਰੀਆ ਐਂਡ ਅਬਦੁਲ’ ਤੋਂ ਪਹਿਲਾਂ ਅਲੀ ਨੇ ਹਾਲੀਵੁੱਡ ਫ਼ਿਲਮ ‘ਫ਼ਾਸਟ ਐਂਡ ਫ਼ਿਊਰੀਅਸ 7’ ਵਿੱਚ ਵੀ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ।











