ਦਮਦਾਰ ਅਦਾਕਾਰ ਕਮਲ ਹਾਸਨ ਅਤੇ ਸਾਰਿਕਾ ਦੀ ਧੀ ਸ਼ਰੁਤੀ ਹਾਸਨ ਅਦਾਕਾਰੀ ‘ਚ ਸਫ਼ਲ ਸ਼ੁਰੂਆਤ ਕਰ ਚੁੱਕੀ ਹੈ ਪਰ ਉਹ ਅਦਾਕਾਰੀ ਦੇ ਨਾਲ-ਨਾਲ ਉਹ ਆਪਣੇ ਪਹਿਲੇ ਪਿਆਰ ਗਾਇਕੀ ਅਤੇ ਸੰਗੀਤ ਨਾਲ ਮੁੜ ਤੋਂ ਜੁੜਨਾ ਚਾਹੁੰਦੀ ਹੈ। ਬਾਲੀਵੁੱਡ ਅਤੇ ਦੱਖਣ ਭਾਰਤੀ ਫ਼ਿਲਮਾਂ ਵਿੱਚ ਆਪਣੇ ਅਭਿਨੈ ਦਾ ਲੋਹਾ ਮਨਵਾਉਣ ਤੋਂ ਪਹਿਲਾਂ ਗਾਇਕੀ ਅਤੇ ਸੰਗੀਤ ਨਿਰਦੇਸ਼ਨ ਨਾਲ ਆਪਣੀ ਪਛਾਣ ਬਣਾਉਣ ਵਾਲੀ ਸ਼ਰੁਤੀ ਦਾ ਕਹਿਣਾ ਹੈ ਕਿ ਗਾਇਕੀ ਅਤੇ ਸੰਗੀਤ ਤੋਂ ਦੂਰੀ ਉਸ ਨੂੰ ਹੁਣ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ ਕਿਉਂਕਿ ਐਕਟਿੰਗ ਵਿੱਚ ਮਸਰੂਫ਼ ਹੋਣ ਕਾਰਨ ਉਹ ਸੰਗੀਤ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੀ ਹੈ। ਮਹਿਜ਼ ਛੇ ਸਾਲਾਂ ਦੀ ਉਮਰ ਵਿੱਚ ਪਿਤਾ ਦੀ ਫ਼ਿਲਮ ‘ਥੇਵਰ ਮਗਨ’ ਨਾਲ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਸ਼ਰੁਤੀ ਨੇ ਕਿਹਾ ਕਿ ‘ਫ਼ਿਲਮਾਂ ਵਿੱਚ ਅਦਾਕਾਰੀ ਕਰਨ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਸੰਗੀਤਕਾਰ ਸੀ ਤੇ ਹਮੇਸ਼ਾ ਸੰਗੀਤ ਨਾਲ ਜੁੜੀ ਰਹਿੰਦੀ ਸਾਂ। ਫ਼ਿਰ ਅਜਿਹਾ ਦੌਰ ਆਇਆ ਕਿ ਪੂਰਾ ਸਮਾਂ ਐਕਟਿੰਗ ਕਰੀਅਰ ਨੂੰ ਦੇਣਾ ਪਿਆ। ਫ਼ਿਲਮ ਕਰੀਅਰ ਨੂੰ ਬਹੁਤ ਸਮਾਂ ਦੇਣਾ ਪੈਂਦਾ ਹੈ।’ ਸ਼ਰੁਤੀ ਨੇ ਕਿਹਾ ਕਿ ‘ਮੈਂ ਸੰਗੀਤ ਨੂੰ ਕਾਫ਼ੀ ਮਿਸ ਕਰ ਰਹੀ ਹਾਂ ਅਤੇ ਮੁੜ ਸੰਗੀਤ ਨਾਲ ਜੁੜਨਾ ਚਾਹੁੰਦੀ ਹਾਂ। ਇਸ ਲਈ ਮੈਂ ਐਕਟਿੰਗ ਅਤੇ ਸੰਗੀਤ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂਕਿ ਦੋਹਾਂ ਲਈ ਸਮਾਂ ਕੱਢ ਸਕਾਂ।’ ਸ਼ਰੁਤੀ ਨੇ ਕਿਹਾ ਕਿ ਉਸ ਦੀ ਫ਼ਿਲਮ ‘ਬਹਿਨ ਹੋਗੀ ਤੇਰੀ’ ਵੀ ਸੰਗੀਤ ਨਾਲ ਜੁੜੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਸ਼ਰੁਤੀ ਇੱਕ ਜਾਗਰਣ ਬੈਂਡ ਮਾਲਿਕ ਦੀ ਧੀ ਬਿੰਨੀ ਦਾ ਕਿਰਦਾਰ ਨਿਭਾ ਰਹੀ ਹੈ। ਉਸ ਨੇ ਕਿਹਾ, ‘ਸ਼ੂਟਿੰਗ ਦੌਰਾਨ ਵੀ ਲਗਦਾ ਸੀ ਜਿਵੇਂ ਮੈਂ ਕਿਸੇ ਸੰਗੀਤ ਟੂਰ ‘ਤੇ ਆਈ ਹਾਂ ਕਿਉਂਕਿ ਬਿੰਨੀ ਅਤੇ ਮੈਂ ਤਕਰੀਬਨ ਇੱਕੋ ਜਿਹੇ ਹਾਂ। ਬਿੰਨੀ ਸਾਧਾਰਨ ਕੁੜੀ ਹੈ, ਅੰਦਰੋਂ ਕਾਫ਼ੀ ਮਜ਼ਬੂਤ ਹੈ ਪਰ ਕਾਫ਼ੀ ਸੰਵੇਦਨਸ਼ੀਲ ਵੀ, ਮੈਂ ਵੀ ਅਜਿਹੀ ਹੀ ਹਾਂ।’ ਸ਼ਰੁਤੀ ਦੀ ਮੁੱਖ ਭੂਮਿਕਾ ਵਾਲੀ ਅਤੇ ਅਜੈ ਕੇ. ਪਰਾਸ਼ਰ ਦੇ ਨਿਰਦੇਸ਼ਨ ਵਿੱਚ ਬਣੀ ‘ਬਹਿਨ ਹੋਗੀ ਤੇਰੀ’ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।











