ਬੌਲੀਵੁੱਡ ਦੀ ਹਵਾ ਹਵਾਈ…ਸ੍ਰੀਦੇਵੀ

ਸਾਲ 1997 ਵਿੱਚ ਬੋਨੀ ਕਪੂਰ ਨਿਰਮਤ ਫ਼ਿਲਮ ‘ਜੁਦਾਈ’ ਤੋਂ ਬਾਅਦ ਸ੍ਰੀਦੇਵੀ ਨੇ ਫ਼ਿਲਮਾਂ ਤੋਂ 15 ਸਾਲ ਦਾ ਬਰੇਕ ਲਿਆ ਸੀ। ਇਸ ਦੌਰਾਨ ਉਸ ਨੇ ਇੱਕ ਦੋ ਟੀਵੀ ਲੜੀਵਾਰਾਂ ਵਿੱਚ ਜ਼ਰੂਰ ਕੰਮ ਕੀਤਾ, ਪਰ ਫ਼ਿਲਮਾਂ ਤੋਂ ਦੂਰ ਰਹੀ। ਫ਼ਿਰ ਉਸ ਨੇ ਨਿਰਦੇਸ਼ਕ ਗੌਰੀ ਸ਼ਿੰਦੇ ਦੀ ‘ਇੰਗਲਿਸ਼ ਵਿੰਗਲਿਸ਼’ ਤੋਂ ਬੌਲੀਵੁੱਡ ਵਿੱਚ ਵਾਪਸੀ ਕੀਤੀ ਜੋ ਕਾਫ਼ੀ ਸ਼ਲਾਘਾਯੋਗ ਰਹੀ। ਹੁਣ ਉਹ ਚਾਰ ਸਾਲ ਬਾਅਦ ਦੁਬਾਰਾ ਫ਼ਿਲਮਕਾਰ ਪਤੀ ਬੋਨੀ ਕਪੂਰ ਨਿਰਮਤ ਫ਼ਿਲਮ ‘ਮੌਮ’ ਦੇ ਜ਼ਰੀਏ ਵੱਡੇ ਪਰਦੇ ‘ਤੇ ਦਰਸ਼ਨ ਦੇਣ ਵਾਲੀ ਹੈ। 7 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਉਹ ਇੱਕ ਵਾਰ ਫ਼ਿਰ ਗਲੈਮਰਸ ਦਿੱਖ ਵਿੱਚ ਨਜ਼ਰ ਆਏਗੀ। ਪੇਸ਼ ਹੈ ਸ੍ਰੀਦੇਵੀ ਨਾਲ ਹੋਈ ਗੱਲਬਾਤ ਦੇ ਅੰਸ਼:
-‘ਮੌਮ’ ਤੁਹਾਡੇ ਕਰੀਅਰ ਦੀ 300ਵੀਂ ਫ਼ਿਲਮ ਹੈ। ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ?
-ਸਮਾਂ ਇੰਨੀ ਤੇਜ਼ੀ ਨਾਲ ਗੁਜ਼ਰ ਗਿਆ ਕਿ ਕੁਝ ਪਤਾ ਹੀ ਨਹੀਂ ਲੱਗਿਆ। ਮੈਂ ਕਰੀਅਰ ਦੀ ਸ਼ੁਰੂਆਤ 1967 ਵਿੱਚ ਸਿਰਫ਼ ਚਾਰ ਸਾਲ ਦੀ ਉਮਰ ਵਿੱਚ ਬਤੌਰ ਬਾਲ ਕਲਾਕਾਰ ਕੀਤੀ ਸੀ ਅਤੇ ਚਰਿੱਤਰ ਕਿਰਦਾਰ ਵਿੱਚ ਆਪਣੀ 300ਵੀਂ ਫ਼ਿਲਮ ਕਰ ਰਹੀ ਹਾਂ। ਵੈਸੇ ‘ਮੌਮ’ ਵਿੱਚ ਮੇਰੇ ਨਾਲ ਨਵਾਜ਼ੂਦੀਨ ਸਦੀਕੀ ਅਤੇ ਅਕਸ਼ੈ ਖੰਨਾ ਦੀਆਂ ਵੀ ਮੁੱਖ ਭੂਮਿਕਾਵਾਂ ਹਨ। ਹਾਲਾਂਕਿ ਇਸ ਦੌਰਾਨ ਪੰਦਰਾਂ ਸਾਲਾਂ ਦਾ ਅੰਤਰ ਵੀ ਰਿਹਾ, ਪਰ ਇਸ ਦੇ ਬਾਵਜੂਦ ਲੋਕਾਂ ਨੇ ਮੇਰੀ ਵਾਪਸੀ ‘ਤੇ ਜੋ ਉਤਸ਼ਾਹ ਦਿਖਾਇਆ ਹੈ, ਉਸ ਨਾਲ ਮੈਂ ਪ੍ਰਸੰਨ ਹਾਂ। ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਲੋਕਾਂ ਨੇ ਮੈਨੂੰ ਨਾ ਕੇਵਲ ਬਾਖ਼ੂਬੀ ਯਾਦ ਰੱਖਿਆ, ਬਲਕਿ ਉਹ ਮੈਨੂੰ ਪਹਿਲਾਂ ਦੀ ਤਰ੍ਹਾਂ ਹੀ ਪਸੰਦ ਵੀ ਕਰਦੇ ਹਨ। ਮੇਰੇ ਕਰੀਅਰ ਦੀ ਇਸ 300ਵੀਂ ਫ਼ਿਲਮ ਨੂੰ ਅਸੀਂ ਤਮਿਲ, ਤੈਲਗੂ, ਮਲਿਆਲਮ ਅਤੇ ਹਿੰਦੀ ਵਿੱਚ ਡੱਬ ਕਰ ਰਹੇ ਹਾਂ ਤਾਂ ਕਿ ਇਹ ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਰਿਲੀਜ਼ ਹੋ ਸਕੇ। ਦਰਅਸਲ, ਦੱਖਣ ਭਾਰਤ ਵਿੱਚ ਮੇਰੇ ਪ੍ਰਸੰਸਕਾਂ ਦੀ ਸੰਖਿਆ ਬਹੁਤ ਹੈ। ਅਜਿਹੇ ਵਿੱਚ ਦੱਖਣ ਭਾਰਤੀ ਫ਼ਿਲਮ ਡਿਸਟਰੀਬਿਊਟਰਾਂ ਦੀ ਮੰਗ ‘ਤੇ ਇਸ ਨੂੰ ਦੱਖਣੀ ਭਾਰਤੀ ਭਾਸ਼ਾਵਾਂ ਵਿੱਚ ਵੀ ਡਬ ਕਰਨ ਦਾ ਫ਼ੈਸਲਾ ਕੀਤਾ ਹੈ। ਸੁਭਾਵਿਕ ਹੈ ਕਿ ਆਪਣੀ ਇਸ ਯਾਤਰਾ ਨੂੰ ਲੈ ਕੇ ਮੈਂ ਕਾਫ਼ੀ ਰੁਮਾਂਚਿਤ ਮਹਿਸੂਸ ਕਰ ਰਹੀ ਹਾਂ।
-‘ਮੌਮ’ ਨਾਲ ਤੁਸੀਂ ਬੌਲੀਵੁੱਡ ਵਿੱਚ 50 ਸਾਲ ਵੀ ਪੂਰੇ ਕਰ ਰਹੇ ਹੋ। ਕੀ ਕਹੋਗੇ?
– ਹਾਂ, ਇਸ ਸਾਲ ਮੈਂ ਭਾਰਤੀ ਫ਼ਿਲਮ ਉਦਯੋਗ ਵਿੱਚ 50 ਸਾਲ ਪੂਰੇ ਕਰ ਰਹੀ ਹਾਂ। ਤਮਿਲ ਫ਼ਿਲਮ ‘ਥੁਨੀਵਾਵਨ’ ਤੋਂ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਮੈਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ  ਸੀ ਅਤੇ ਉਦੋਂ ਤੋਂ ਹੀ ਬਹੁਭਾਸ਼ੀ ਫ਼ਿਲਮਾਂ ਵਿੱਚ ਕੰਮ ਕਰ ਰਹੀ ਹਾਂ। ਇਸ ਤਰ੍ਹਾਂ ਬੋਨੀ ਕਪੂਰ, ਸੁਨੀਲ ਮਨਚੰਦਾ, ਨਰੇਸ਼ ਅਗਰਵਾਲ, ਮੁਕੇਸ਼ ਤਲਰੇਜਾ, ਗੌਤਮ ਜੈਨ ਦੇ ਸਹਿ ਨਿਰਮਾਣ ਵਿੱਚ ਬਣੀ ਅਤੇ ਰਵੀ ਉਦਯਵਾਰ ਨਿਰਦੇਸ਼ਤ ‘ਮੌਮ’ ਜ਼ੀ ਸਟੂਡੀਓ ਦੀ ਪੇਸ਼ਕਸ਼ ਹੈ। ਮੇਰੀ ਪਹਿਲੀ ਫ਼ਿਲਮ ਵੀ 7 ਜੁਲਾਈ 1967 ਨੂੰ ਰਿਲੀਜ਼ ਹੋਈ ਸੀ। ਇਸ ਲਈ ਮੇਰੇ ਫ਼ਿਲਮਕਾਰ ਪਤੀ ਬੋਨੀ ਕਪੂਰ ਨੇ ‘ਮੌਮ’ ਨੂੰ ਉਸੀ ਦਿਨ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।
-ਤੁਸੀਂ ਪੰਦਰਾਂ ਸਾਲ ਤੋਂ ਬਾਅਦ ਵਾਪਸੀ ਦਾ ਸਿਹਰਾ ਕਿਸ ਨੂੰ ਦੇਣਾ ਚਾਹੋਗੇ?
-ਨਿਸ਼ਚਤ ਹੀ ਆਪਣੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਪਿਆਰ ਨੂੰ ਜਿਨ੍ਹਾਂ ਨੇ ਪੰਦਰਾਂ ਸਾਲ ਬਾਅਦ ਮੇਰੀ ਵਾਪਸੀ ਕਰਵਾਈ ਹੈ। ਮੈਂ ਸੋਚਦੀ ਹਾਂ ਕਿ ਵਾਪਸੀ ਲਈ ਮੈਨੂੰ ਸਹੀ ਭੂਮਿਕਾ ਅਤੇ ਸਹੀ ਨਿਰਦੇਸ਼ਕ ਦਾ ਇੰਤਜ਼ਾਰ ਸੀ। ਜਦੋਂ ਗੌਰੀ ਸ਼ਿੰਦੇ ਨੇ ਮੇਰੇ ਨਾਲ ‘ਇੰਗਲਿਸ਼ ਵਿੰਗਲਿਸ਼’ ਲਈ ਚਰਚਾ ਕੀਤੀ ਤਾਂ ਸਭ ਕੁਝ ਉਸ ਤਰ੍ਹਾਂ ਦਾ ਹੀ ਸੀ ਜਿਸ ਤਰ੍ਹਾਂ ਦਾ ਮੈਂ ਸੋਚਿਆ ਸੀ। ਇਸ ਨਾਲ ਮੈਨੂੰ ਵਾਪਸੀ ਦਾ ਫ਼ੈਸਲਾ ਸਹੀ ਲੱਗਿਆ। ਗੌਰੀ ਦੀ ਪ੍ਰਤਿਭਾ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਨੂੰ ਲੱਗਿਆ ਕਿ ਵਾਪਸੀ ਲਈ ਇਸ ਫ਼ਿਲਮ ਤੋਂ ਵਧੀਆ ਹੋਰ ਕੁਝ ਹੋ ਹੀ ਨਹੀਂ ਸਕਦਾ।
-ਪੰਦਰਾਂ ਸਾਲ ਬਾਅਦ ਕੈਮਰੇ ਦਾ ਸਾਹਮਣਾ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ ਸੀ?
-ਜਦੋਂ ਮੈਂ ਪਹਿਲਾ ਸ਼ੌਟ ਦਿੱਤਾ ਤਾਂ ਮੈਨੂੰ ਲੱਗਿਆ ਜਿਵੇਂ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰ ਰਹੀ ਹਾਂ। ਬਿਲਕੁਲ ਨਵੇਂ ਕਲਾਕਾਰ ਵਰਗਾ ਮਹਿਸੂਸ ਹੋਇਆ।  ਹਾਲਾਂਕਿ  ਮੈਂ ਸੋਚਦੀ ਹਾਂ ਕਿ ਕਿਸੇ ਵੀ ਕਲਾਕਾਰ ਲਈ ਇਹ ਇੱਕ ਚੰਗੀ ਪਹੁੰਚ ਹੈ ਕਿ ਹਰ ਵਾਰ ਕੈਮਰੇ ਦਾ ਸਾਹਮਣਾ ਕਰਨ ‘ਤੇ ਉਸ ਨੂੰ ਅਜਿਹਾ ਮਹਿਸੂਸ ਹੋਵੇ।  ਇਸ ਦਾ ਕਾਰਨ ਹੈ ਕਿ ਨਵੇਂ ਕਲਾਕਾਰ ਸਪੰਜ ਦੀ ਤਰ੍ਹਾਂ ਹੁੰਦੇ ਹਨ ਜੋ ਹਰ ਚੀਜ਼ ਨੂੰ ਜਜ਼ਬ ਕਰ ਲੈਂਦੇ ਹਨ। ਉਹ ਬਹੁਤ ਕੁਝ ਸਿੱਖ ਕੇ ਉਸ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਨ ਲਈ ਹਮੇਸ਼ਾਂ ਬੇਚੈਨ ਹੁੰਦੇ ਹਨ। ਮੈਂ ਆਪਣੇ ਵਿੱਚ ਵੀ ਇਹ ਗੁਣ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਜਦੋਂ ਮੈਂ ਇੰਨੇ ਸਮੇਂ ਬਾਅਦ ਕੈਮਰੇ ਦੇ ਸਾਹਮਣੇ ਆਈ ਤਾਂ ਤਕਨੀਕੀ ਰੂਪ ਵਿੱਚ ਬੌਲੀਵੁੱਡ ਵਿੱਚ ਬਹੁਤ ਕੁਝ ਬਦਲ ਗਿਆ ਹੈ। ਅਜਿਹੇ ਵਿੱਚ ਸਾਡੇ ਵਰਗੇ ਕਲਾਕਾਰ ਨੂੰ ਕਾਫ਼ੀ ਕੁਝ ਸਿੱਖਣ ਦੀ ਜ਼ਰੂਰਤ ਹੈ।
-ਤੁਸੀਂ ਕਿਹਾ ਕਿ ਅੱਜ ਬੌਲੀਵੁੱਡ ਵਿੱਚ ਕਾਫ਼ੀ ਕੁਝ ਬਦਲ ਚੁੱਕਿਆ ਹੈ। ਇਹ ਤਬਦੀਲੀ ਸਾਕਾਰਾਤਮ ਹੈ ?
-ਇਹ ਤਬਦੀਲੀ ਪੂਰੀ ਤਰ੍ਹਾਂ ਨਾਲ ਸਾਕਾਰਾਤਮਕ ਹੈ ਕਿਉਂਕਿ ਤਕਨੀਕੀ ਰੂਪ ਨਾਲ ਫ਼ਿਲਮ ਇੰਡਸਟਰੀ ਦਾ ਬਹੁਤ ਵਿਕਾਸ ਹੋਇਆ ਹੈ। ਹਰ ਤਰ੍ਹਾਂ ਦੇ ਕੰਮਾਂ ਵਿੱਚ ਤੇਜ਼ੀ ਆ ਗਈ ਹੈ। ਲੋਕ ਫ਼ਟਾਫ਼ਟ ਫ਼ਿਲਮਾਂ ਵੀ ਬਣਾ ਲੈਂਦੇ ਹਨ ਜਦੋਂਕਿ ਪਹਿਲਾਂ ਦੋ-ਦੋ ਸਾਲ ਵਿੱਚ ਫ਼ਿਲਮ ਬਣਦੀ ਸੀ। ਇੰਡਸਟਰੀ ਦੇ ਲੋਕ ਉੱਚ ਪੱਧਰ ‘ਤੇ ਪੇਸ਼ੇਵਰ ਹੋ ਗਏ ਹਨ। ਅਜਿਹੇ ਵਿੱਚ ਲੋਕ ਸਮਾਂ ਸੀਮਾ ਨਾਲ ਜੁੜੇ ਰਹਿੰਦੇ ਹਨ ਅਤੇ ਬਜਟ ਦੀ ਚਤੁਰਾਈ ਨਾਲ ਵਰਤੋਂ ਕਰਦੇ ਹਨ। ਫ਼ਿਲਮਕਾਰ ਲੀਕ ਤੋਂ ਹਟ ਕੇ ਫ਼ਿਲਮਾਂ ਬਣਾਉਣ ਦਾ ਪ੍ਰਯੋਗ ਕਰਨ ਲੱਗੇ ਹਨ।
-‘ਮੌਮ’ ਵਿੱਚ ਤੁਹਾਡਾ ਗੰਭੀਰ ਚਰਿੱਤਰ ਹੈ, ਜਦੋਂ ਕਿ ਤੁਸੀਂ ਤਾਂ ਜਬਰਦਸਤ ਕਾਮੇਡੀ ਕਰਦੇ ਹੋ। ਕੀ ਤੁਸੀਂ ਭਵਿੱਖ ਵਿੱਚ ਕਾਮੇਡੀ ਕਰ ਸਕਦੇ ਹੋ?
-ਕਿਉਂ ਨਹੀਂ, ਮੈਨੂੰ ਉਮੀਦ ਹੈ ਕਿ ਸਹੀ ਫ਼ਿਲਮ ਦਾ ਪ੍ਰਾਜੈਕਟ ਸਾਹਮਣੇ ਆਏਗਾ ਅਤੇ ਮੈਨੂੰ ਹਲਕੀ ਫ਼ੁਲਕੀ ਕਾਮੇਡੀ ਕਰਨ ਦਾ ਮੌਕਾ ਮਿਲੇਗਾ। ਇਹ ਇੱਕ ਅਜਿਹੀ ਸ਼ੈਲੀ ਹੈ, ਜਿਸ ਨੂੰ ਕਰਨਾ ਮੇਰੇ ਲਈ ਬਹੁਤ ਆਸਾਨ ਹੈ। ਮੈਂ ਕਈ ਅਜਿਹੀਆਂ ਫ਼ਿਲਮਾਂ ਕੀਤੀਆਂ ਹਨ ਜਿਸ ਵਿੱਚ ਮੇਰਾ ਕਿਰਦਾਰ ਕਾਮੇਡੀ ਨਾਲ ਭਰਪੂਰ ਸੀ ਅਤੇ ਉਨ੍ਹਾਂ ਕਿਰਦਾਰਾਂ ਨੂੰ ਦਰਸ਼ਕਾਂ ਨੇ ਪਸੰਦ ਵੀ ਬਹੁਤ ਕੀਤਾ ਹੈ। ਅਜਿਹੇ ਵਿੱਚ ਜੇਕਰ ਕੋਈ ਦਮਦਾਰ ਕਿਰਦਾਰ ਅਤੇ ਬਿਹਤਰੀਨ ਕਹਾਣੀ ਵਾਲੀ ਕਾਮੇਡੀ ਫ਼ਿਲਮ ਦਾ ਪ੍ਰਸਤਾਵ ਮਿਲਿਆ ਤਾਂ ਜ਼ਰੂਰ ਕਰਨਾ ਚਾਹਾਂਗੀ।
-ਤੁਹਾਨੂੰ ਡਾਂਸ ਵਿੱਚ ਮੁਹਾਰਤ ਹੈ, ਜਦੋਂ ਕਿ ਅੱਜ ਆਈਟਮ ਗੀਤਾਂ ਦਾ ਜ਼ਮਾਨਾ ਚੱਲ ਰਿਹਾ ਹੈ। ਇਸ ਸਬੰਧੀ ਕੀ ਕਹੋਗੇ?
-ਡਾਂਸ ਤਾਂ ਡਾਂਸ ਹੀ ਹੁੰਦਾ ਹੈ, ਤੁਸੀਂ ਚਾਹੋ ਤਾਂ ਕੋਈ ਵੀ ਨਾਂ ਦੇ ਦਿਓ। ਜਿੱਥੋਂ ਤਕ ਪ੍ਰਚਲਿੱਤ ਆਈਟਮ ਗੀਤਾਂ ਦਾ ਸੁਆਲ ਹੈ ਤਾਂ ਮੈਨੂੰ ‘ਸ਼ੀਲਾ ਕੀ ਜਵਾਨੀ’ ਬਹੁਤ ਪਸੰਦ ਆਇਆ ਸੀ। ਇਸ ਗੀਤ ਵਿੱਚ ਕੈਟਰੀਨਾ ਨੇ ਬਹੁਤ ਚੰਗਾ ਕੰਮ ਕੀਤਾ ਹੈ। ਵੈਸੇ ਆਈਟਮ ਨੰਬਰ ਇਸ ‘ਤੇ ਨਿਰਭਰ ਕਰਦਾ ਹੈ ਕਿ ਫ਼ਿਲਮ ਕਿਵੇਂ ਦੀ ਹੈ। ਜੇਕਰ ਇਹ ਕੋਈ ਕਮਰਸ਼ੀਅਲ ਫ਼ਿਲਮ ਹੈ ਅਤੇ ਇਹ ਜ਼ਰੂਰੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁਝ ਗ਼ਲਤ ਨਹੀਂ ਹੈ।
-ਤੁਹਾਡੇ ਦੌਰ ਵਿੱਚ ਮਾਧੁਰੀ, ਜੂਹੀ ਚਾਵਲਾ ਵਰਗੀਆਂ ਅਭਿਨੇਤਰੀਆਂ ਸਨ, ਜਦੋਂ ਕਿ ਅੱਜ ਕਈ ਅਭਿਨੇਤਰੀਆਂ ਮੈਦਾਨ ਵਿੱਚ ਹਨ। ਤੁਹਾਨੂੰ ਕਿਹੜੀਆਂ ਅਭਿਨੇਤਰੀਆਂ ਦਾ ਕੰਮ ਚੰਗਾ ਲੱਗਦਾ ਹੈ?
-ਮੇਰਾ ਮੰਨਣਾ ਹੈ ਕਿ ਵਿਦਿਆ ਬਾਲਨ ਬਹੁਤ ਪ੍ਰਤਿਭਾਸ਼ਾਲੀ ਹੈ। ਉਹ ਬਿਨਾਂ ਕੋਸ਼ਿਸ਼ ਕੀਤੇ ਹੀ ਸਭ ਕੁਝ ਕਰ ਸਕਦੀ ਹੈ। ਹਾਲਾਂਕਿ ਮੈਂ ‘ਬਰਫ਼ੀ’ ਨਹੀਂ ਦੇਖੀ, ਪਰ ਲੋਕ ਕਹਿੰਦੇ ਹਨ ਕਿ ਉਸ ਵਿੱਚ ਪ੍ਰਿਅੰਕਾ ਨੇ ਕਾਫ਼ੀ ਚੰਗਾ ਕੰਮ ਕੀਤਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਿਅੰਕਾ ਨੇ ਜ਼ਰੂਰ ਇਸ ਵਿੱਚ ਆਸਾਧਾਰਨ ਕੰਮ ਕੀਤਾ ਹੋਏਗਾ। ਉਹ ਵੀ ਬਹੁਤ ਪ੍ਰਤਿਭਾਸ਼ਾਲੀ ਅਭਿਨੇਤਰੀ ਹੈ। ਕਰੀਨਾ ਕਪੂਰ ਅਤੇ ਕੰਗਣਾ ਰਣੌਤ ਵੀ ਬਹੁਤ ਖ਼ੂਬਸੂਰਤ ਹੋਣ ਦੇ ਨਾਲ ਨਾਲ ਸੁਭਾਵਿਕ ਅਭਿਨੇਤਰੀਆਂ ਹਨ। ਆਲੀਅ ਭੱਟ ਵੀ ਬਹੁਤ ਅੱਗੇ ਤਕ ਜਾਣ ਦਾ ਮਾਦ ਰੱਖਦੀ ਹੈ।
-ਤੁਸੀਂ ਬੱਚਿਆਂ ਲਈ ਫ਼ਿਲਮਾਂ ਤੋਂ ਬਰੇਕ ਲਿਆ ਸੀ। ਅਜਿਹੇ ਵਿੱਚ ਤੁਹਾਡੀ ਵਾਪਸੀ ਵਾਲੀ ਫ਼ਿਲਮ ਦੇਖਣ ਤੋਂ ਬਾਅਦ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ?
-ਇਹ ਮੇਰੀਆਂ ਦੋਨੋਂ ਬੇਟੀਆਂ ਲਈ ਵੀ ਯਾਦਗਾਰ ਰਹੀ ਕਿਉਂਕਿ ਇੰਨੇ ਸਾਲਾਂ ਦੇ ਦੌਰਾਨ ਉਨ੍ਹਾਂ ਨੇ ਟੈਲੀਵੀਜ਼ਨ ‘ਤੇ ਮੇਰੀ ਕੋਈ ਫ਼ਿਲਮ ਨਹੀਂ ਦੇਖੀ ਸੀ। ਇਹ ਪਹਿਲਾ ਮੌਕਾ ਸੀ ਜਦੋਂ ਦਰਸ਼ਕਾਂ ਦੇ ਵਿਚਕਾਰ ਬੈਠ ਕੇ ਉਨ੍ਹਾਂ ਨੇ ਮੈਨੂੰ ਵੱਡੇ ਪਰਦੇ ‘ਤੇ ਦੇਖਿਆ। ਲੋਕਾਂ ਦੀ ਸਾਕਾਰਾਤਮਕ ਪ੍ਰਤੀਕਿਰਿਆ ਦੇਖ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ। ਉਹ ਬਹੁਤ ਖ਼ੁਸ਼ ਸਨ। ਜ਼ਾਹਿਰ ਹੈ ਕਿ ਉਨ੍ਹਾਂ ਨੂੰ ਆਪਣੀ ਮਾਂ ‘ਤੇ ਮਾਣ ਹੋ ਰਿਹਾ ਸੀ। ਦਰਅਸਲ, ਹਰ ਕਲਾਕਾਰ ਨੂੰ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਸ ‘ਤੇ ਯਕੀਨ ਕਰਦੇ ਹਨ ਅਤੇ ਤੁਹਾਨੂੰ ਫ਼ਿਰ ਤੋਂ ਅਭਿਨੈ ਕਰਦੇ ਹੋਏ ਦੇਖਣਾ ਚਾਹੁੰਦੇ ਹਨ।