ਅੰਮ੍ਰਿਤਸਰ – ਅੰਮ੍ਰਿਤਸਰ ‘ਚ ਕਰੋੜਾਂ ਦੀ ਲਾਗਤ ਨਾਲ ਸ਼ੁਰੂ ਕਰਵਾਏ ਗਏ ਬੀ. ਆਰ. ਟੀ. ਐੱਸ. ਪ੍ਰੋਜੈਕਟ ਦਾ ਸ਼ਹਿਰ ਵਾਸੀਆਂ ਨੂੰ ਕੋਈ ਵਿਸ਼ੇਸ਼ ਲਾਭ ਹੁੰਦਾ ਦਿਖਾਈ ਨਹੀਂ ਦਿੱਤਾ, ਉੱਲਟ ਬੀ. ਆਰ. ਟੀ. ਐੱਸ. ਪ੍ਰੋਜੈਕਟ ਨੂੰ ਚਲਾਉਣ ਵਾਲੀ ਕੰਪਨੀ ਵੀ ਅੰਦਰਖਾਤੇ ਘਾਟਾ ਮਹਿਸੂਸ ਕਰ ਰਹੀ ਹੈ। ਇਹ ਦੇਖ ਇਸ ਪ੍ਰੋਜੈਕਟ ਦਾ ਭਵਿੱਖ ਹੁਣ ਖਤਰੇ ‘ਚ ਦਿਖਾਈ ਦੇ ਰਿਹਾ ਹੈ। ਇਸ ਦਾ ਅਨੁਮਾਨ ਐਤਵਾਰ ਨੂੰ ਸਥਾਨਕ ਰਣਜੀਤ ਐਵੀਨਿਓ ‘ਚ ਸਥਿਤ ਨਿਗਮ ਦਫਤਰ ‘ਚ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਰਿਵਿਊ ਬੈਠਕ ਦੇ ਦੌਰਾਨ ਪਤਾ ਲੱਗ ਸਕਿਆ ਹੈ।
ਸ਼ਹਿਰ ਵਾਸੀਆਂ ਦੀ ਬੀ. ਆਰ. ਟੀ. ਐੱਸ. ਬੱਸਾਂ ‘ਚ ਨਹੀਂ ਦਿਲਚਸਪੀ
ਹਾਲਾਂਕਿ ਬੀ. ਆਰ. ਟੀ. ਐੱਸ. ਪ੍ਰੋਜੈਕਟ ਦੇ ਤਰ੍ਹਾਂ ਕੁਝ ਮਾਰਗਾਂ ‘ਤੇ ਹੀ ਬੀ. ਆਰ. ਟੀ. ਐੱਸ. ਦੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ, ਪਰ ਉਨ੍ਹਾਂ ਮਾਰਗਾਂ ‘ਤੇ ਵੀ ਸ਼ਹਿਰ ਵਾਸੀਆਂ ਦੀ ਇਨ੍ਹੀ ਦਿਲਚਸਪੀ ਦਿਖਾਈ ਨਹੀਂ ਦੇ ਰਹੀ। ਬੀ. ਆਰ. ਟੀ. ਐੱਸ. ਦੀ ਕਿਸੇ ਵੀ ਬੱਸ ਨੂੰ ਦੇਖਿਆ ਜਾਵੇ ਤਾਂ ਉਸ ‘ਚ 5-7 ਯਾਤਰੀ ਹੀ ਬੈਠੇ ਦਿਖਾਈ ਦਿੰਦੇ ਹਨ ਅਤੇ ਜ਼ਿਆਦਾਤਰ ਸੀਟਾਂ ਖਾਲੀ ਰਹਿੰਦੀਆਂ ਹਨ। ਇਸ ਦਾ ਕਾਰਨ ਬੱਸਾਂ ਦੀ ਘੱਟ ਗਿਣਤੀ ਹੋਣ ਦੇ ਨਾਲ-ਨਾਲ ਆਟੋ ਦੀ ਤੁਲਨਾ ‘ਚ ਬਸ ਦਾ ਕਿਰਾਇਆ ਕੁਝ ਜ਼ਿਆਦਾ ਹੋਣਾ ਵੀ ਦੱਸਿਆ ਜਾ ਰਿਹਾ ਹੈ। ਉਂਝ ਤਾਂ ਹੁਣ ਤੱਕ ਅੰਮ੍ਰਿਤਸਰ ‘ਚ ਬੀ. ਆਰ. ਟੀ. ਐੱਸ. ਪ੍ਰੋਜੈਕਟ ਫੈਲ ਸਾਬਿਤ ਹੋ ਰਿਹਾ ਹੈ।
ਪ੍ਰੋਜੈਕਟ ‘ਤੇ ਰਿਵਿਊ ਕਰ ਲਈ ਪਹਿਲਾਂ ਹੀ ਕਹਿ ਚੁੱਕੇ ਹਨ ਸਿੱਧੂ
ਪਿਛਲੇ ਮਹੀਨੇ ਸਿੱਧੂ ਜਦੋਂ ਸਥਾਨਕ ਕੰਪਨੀ ਬਾਗ ‘ਚ ਆਮ ਜਨਤਾ ਨੂੰ ਮਿਲਣ ਪਹੁੰਚੇ ਤਾਂ ਉਸ ਦੌਰਾਨ ਪੁੱਛੇ ਗਏ ਸਵਾਲਾ ਦੇ ਜਵਾਬ ‘ਚ ਸਿੱਧੂ ਵੀ ਬੀ. ਆਰ. ਟੀ. ਐੱਸ. ਪ੍ਰੋਜੈਕਟ ਦੇ ਫੇਲ ਹੋਣ ਦੀ ਗੱਲ ਸਵੀਕਾਰ ਕਰ ਚੁੱਕੇ ਸਨ। ਉਸ ਦੌਰਾਨ ਉਨ੍ਹਾਂ ਨੇ ਖੁਦ ਹੀ ਇਸ ਪ੍ਰੋਜੈਕਟ ਨੂੰ ਰਿਵਿਊ ਕਰਨ ਦੀ ਗੱਲ ਕਰਦੇ ਹੋਏ ਇਸ ਪ੍ਰੋਜੈਕਟ ‘ਚ ਸੁਧਾਰ ਲਿਆਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਬੀ. ਆਰ. ਟੀ. ਐੱਸ. ਬੱਸਾਂ ਦੇ ਕਿਰਾਏ ਨੂੰ ਘੱਟ ਕਰਨ ਦੇ ਨਾਲ-ਨਾਲ ਬੱਸਾਂ ਦੀ ਗਿਣਤੀ ਵਧਾਉਣ ਅਤੇ ਸ਼ਹਿਰ ਦੇ ਹੋਰ ਮਾਰਗਾਂ ‘ਤੇ ਵੀ ਖਾਸ ਕਰਕੇ ਏਅਰਪੋਟ ਰੋਡ ਵੱਲ ਵੀ ਬੀ. ਆਰ. ਟੀ. ਐੱਸ. ਪ੍ਰੋਜੈਕਟ ਨੂੰ ਲੈ ਕੇ ਜਾਣ ਦੀ ਗੱਲ ਕਹੀ ਸੀ।
ਹੁਣ ਦੇਖਣਾ ਇਹ ਹੈ ਕਿ ਐਤਵਾਰ ਨੂੰ ਬੀ. ਆਰ. ਟੀ. ਐੱਸ. ਪ੍ਰੋਜੈਕਟ ‘ਤੇ ਹੋਣ ਜਾ ਰਹੀ ਰਿਵਿਊ ਬੈਠਕ ‘ਚ ਸਥਾਨਕ ਸਰਕਾਰ ਮੰਤਰੀ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੀ ਨਵਾਂ ਫੈਸਲਾ ਲੈਂਦੇ ਹਨ? ਇਸ ਲਈ ਬੀ. ਆਰ. ਟੀ. ਐੱਸ. ਪ੍ਰੋਜੈਕਟ ਦਾ ਭਵਿੱਖ ਹੁਣ ਦੋਹਾਂ ਕੈਬੀਨੇਟ ਮੰਤਰੀਆਂ ਵੱਲੋਂ ਲਏ ਜਾਣ ਮਹੱਤਵਪੂਰਨ ਫੈਸਲਿਆਂ ‘ਤੇ ਹੀ ਨਿਰਭਰ ਕਰੇਗਾ।















