ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਵਿਧਾਇਕ ਅਹੁਦੇ ਦੀ ਸਹੁੰ ਚੁੱਕੀ, ਸਦਨ ਦੀ ਕਾਰਵਾਈ ‘ਚ ਨਹੀਂ ਲੈਣਗੇ ਹਿੱਸਾ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲਈ| ਇਨ੍ਹਾਂ ਦੋਨਾਂ ਆਗੂਆਂ ਨੇ ਅੱਜ ਸਪੀਕਰ ਦੇ ਚੈਂਬਰ ਵਿਚ ਅਹੁਦੇ ਦੀ ਸਹੁੰ ਚੁੱਕੀ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 15ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ 24 ਮਾਰਚ ਨੂੰ ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀ ਦੇ ਆਗੂਆਂ ਨੇ ਵਿਧਾਇਕ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਦਨ ਵਿਚ ਹਾਜ਼ਿਰ ਨਾ ਹੋਣ ਕਾਰਨ ਸਹੁੰ ਨਹੀਂ ਚੁੱਕ ਸਕੇ ਸਨ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਦੋਨਾਂ ਸੀਨੀਅਰ ਆਗੂਆਂ ਨੇ ਅੱਜ ਵਿਧਾਇਕ ਅਹੁਦੇ ਦੀ ਸਹੁੰ ਚੁੱਕੀ|
ਇਸ ਦੌਰਾਨ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਪਿੱਠ ਵਿਚ ਦਰਦ ਹੋਣ ਕਾਰਨ ਸਦਨ ਵਿਚ ਹਾਜ਼ਿਰ ਨਹੀਂ ਹੋ ਸਕਣਗੇ, ਜਿਸ ਨੂੰ ਸਪੀਕਰ ਨੇ ਮਨਜੂਰ ਕਰ ਲਿਆ| ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਵਿਚ ਮਿਉਂਸਪਲ ਕਮੇਟੀ ਦੀ ਚੋਣ ਦੇ ਪ੍ਰਚਾਰ ਕਾਰਨ ਉਹ ਵਿਧਾਨ ਸਭਾ ਦੀ ਇਸ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕਣਗੇ|