ਫ਼ਿੱਟ ਹੈ ਤਾਂ ਹਿੱਟ ਹੈ: ਸ਼ੈਟੀ

ਪਿਛਲੇ ਦਿਨਾਂ ਵਿੱਚ ਸ਼ਿਲਪਾ ਸ਼ੈਟੀ ਨੂੰ ਬੱਚਿਆਂ ਲਈ ਇੱਕ ਡਾਂਸ ਰਿਐਲਿਟੀ ਸ਼ੋਅ ਵਿੱਚ ਜੱਜ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਅਸਲ ਵਿੱਚ ਬੱਚੇ ਸ਼ੁਰੂ ਤੋਂ ਹੀ ਸ਼ਿਲਪਾ ਦੇ ਪ੍ਰੇਰਨਾ ਸਰੋਤ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨਾਲ ਥੋੜ੍ਹਾ ਵਕਤ ਗੁਜ਼ਾਰਨ ਨਾਲ ਵੀ ਉਸ ਨੂੰ ਊਰਜਾ ਮਿਲਦੀ ਹੈ। ਉਸ ਦਾ ਕਹਿਣਾ ਹੈ ਕਿ ਬੇਟੇ ਵਿਆਨ ਦੇ ਆਉਣ ਨਾਲ ਉਸ ਨੂੰ ਲੱਗਾ ਕਿ ਉਸ ਨੂੰ ਸੰਪੂਰਨਤਾ ਮਿਲ ਗਈ ਹੈ। ਉਸ ਦੇ ਆਉਣ ਤੋਂ ਕੁਝ ਮਹੀਨੇ ਪਹਿਲਾਂ ਤੋਂ ਹੀ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਕੋਈ ਫ਼ਿਲਮ ਨਾ ਕਰਨ ਦੇ ਬਾਵਜੂਦ ਵੀ ਉਸ ਨੇਂ ਆਪਣੀ ਫ਼ਿੱਟਨੈੱਸ ਅਤੇ ਸਟਾਈਲ ‘ਤੇ ਬਹੁਤ ਧਿਆਨ ਦਿੱਤਾ ਹੈ ਜਿਸ ਕਾਰਨ ਦਰਸ਼ਕ ਉਸ ਨੂੰ ਫ਼ਿਲਮਾਂ ਨਾ ਹੋਣ ਦੇ ਬਾਵਜੂਦ ਵੀ ਬਹੁਤ ਪਸੰਦ ਕਰਦੇ ਹਨ। ਬੌਲੀਵੁੱਡ ਵਿੱਚ ਅੱਜ ਵੀ ਕੋਈ ਉਸ ਦੀ ਫ਼ਿੱਟਨੈੱਸ ਨੂੰ ਚੁਣੌਤੀ ਨਹੀਂ ਦਿੰਦਾ।ਫ਼ਿਲਮਾਂ ਤੋਂ ਦੂਰੀ ਬਣਾਉਣ ਦਾ ਕਾਰਨ ਦੱਸਦੇ ਹੋਏ ਉਹ ਕਹਿੰਦੀ ਹੈ, ‘ਹੁਣ ਮੇਰੀ ਪਹਿਲ ਪਰਿਵਾਰ ਹੈ। ਉਸ ਦੇ ਨਾਲ ਹੀ ਪਤੀ ਦੇ ਕਾਰੋਬਾਰ ਵਿੱਚ ਦਿਲਚਸਪੀ ਲੈਣ ਕਰਕੇ ਇੱਕ ਕਾਰੋਬਾਰੀ ਔਰਤ ਦੇ ਤੌਰ ‘ਤੇ ਮੇਰਾ ਨਾਂ ਸਾਹਮਣੇ ਆਇਆ ਹੈ।’ ਸ਼ਿਲਪਾ ਦਾ ਕਹਿਣਾ ਹੈ ਕਿ ਉਸ ਦੀ ਇੱਕ ਕੋਸ਼ਿਸ਼ ਕਾਮਯਾਬ ਹੋਈ ਹੈ ਕਿ ਮਾਂ ਬਣਨ ਤੋਂ ਬਾਅਦ ਵੀ ਉਸ ਨੇ ਆਪਣੀ ਫ਼ਿੱਟਨੈੱਸ ਨੂੰ ਚੰਗੀ ਤਰ੍ਹਾਂ ਬਣਾਈ ਰੱਖਿਆ ਹੋਇਆ ਹੈ। ਅੱਜ ਵੀ ਕੋਈ ਜੇਕਰ ਕੋਈ ਇਹ ਕਹਿੰਦਾ ਹੈ ਕਿ ਉਸ ਦੀ ਫ਼ਿਟਨੈੱਸ ਦੇਖ ਕੇ ਉਸ ਦੀ ਪਹਿਲੀ ਫ਼ਿਲਮ ‘ਬਾਜ਼ੀਗਰ’ ਦੀ ਸ਼ਿਲਪਾ ਯਾਦ ਆ ਜਾਂਦੀ ਹੈ ਤਾਂ ਉਸ ਨੂੰ ਉਹ ਆਪਣੀ ਸਭ ਤੋਂ ਵਧੀਆ ਤਾਰੀਫ਼ ਮੰਨਦੀ ਹੈ। ਉਸ ਨੂੰ ਆਪਣੀ ਫ਼ਿੱਟਨੈੱਸ ਦੇ ਨਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਢੌਂਗ ਕਰਨਾ ਪਸੰਦ ਨਹੀਂ ਅਤੇ ਨਾ ਹੀ ਬੇਟੇ ਵਿਆਨ ਦੇ ਆਉਣ ਤੋਂ ਪਹਿਲਾਂ ਉਹ ਆਪਣੀ ਫ਼ਿੱਟਨੈੱਸ ਪ੍ਰਤੀ ਚਿੰਤਤ ਹੀ ਸੀ। ਅਜੇ ਵੀ ਉਹ ਡਾਈਟਿੰਗ ਦੇ ਨਾਮ ‘ਤੇ ਖਾਣ ਪੀਣ ਦਾ ਬਹੁਤਾ ਪਰਹੇਜ਼ ਨਹੀਂ ਕਰਦੀ। ਅੱਜ ਵੀ ਉਹ ਸਭ ਕੁਝ ਖਾਂਦੀ ਹੈ ਪਰ ਬਹੁਤ ਸੰਤੁਲਿਤ ਢੰਗ ਨਾਲ। ਇਹੀ ਕਾਰਨ ਹੈ ਕਿ ਉਹ ਤੇਲ ਤੇ ਮਸਾਲੇ ਵਾਲੇ ਖਾਣਿਆਂ ਦਾ ਪੂਰਾ ਮਜ਼ਾ ਲੈ ਰਹੀ ਹੈ। ਉਹ ਕਹਿੰਦੀ ਹੈ ਕਿ ਇਸ ਦਾ ਸਪੱਸ਼ਟ ਕਾਰਨ ਇਹ ਹੈ ਕਿ ਉਹ ਨਿਯਮਿਤ ਤੌਰ ‘ਤੇ ਯੋਗ ਅਤੇ ਦੂਸਰੀ ਜ਼ਰੂਰੀ ਕਸਰਤ ਕਰਦੀ ਹੈ ਜੋ ਉਸ ਨੂੰ ਫ਼ਿੱਟ ਰੱਖਦੀ ਹੈ।ਜ਼ਿਕਰਯੋਗ ਹੈ ਕਿ ਉਸ ਦੀਆਂ ਯੋਗ ਨਾਲ ਸਬੰਧਿਤ ਛੇ ਡੀਵੀਡੀਜ਼ ਆ ਚੁੱਕੀਆਂ ਹਨ ਤੇ ਸੱਤਵੀਂ ‘ਤੇ ਉਹ ਕੰਮ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਟੀਮ ਰਾਜਸਥਾਨ ਰਾਇਲਜ਼ ਆਈਪੀਐੱਲ ਤੋਂ ਦੂਰ ਤਾਂ ਜਾ ਚੁੱਕੀ ਹੈ, ਪਰ ਉਹ ਕ੍ਰਿਕਟ ਨੂੰ ਸ਼ੁਰੂ ਤੋਂ ਹੀ ਪਸੰਦ ਕਰਦੀ ਹੈ ਅਤੇ ਕਰਦੀ ਰਹੇਗੀ। ਇਸ ਦਾ ਇੱਕ ਕਾਰਨ ਉਸ ਦੇ ਪਿਤਾ ਹਨ ਜਿਨ੍ਹਾਂ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ। ਇਸ ਦੇ ਨਾਲ ਹੀ ਪਤੀ ਰਾਜ ਕੁੰਦਰਾ ਨੂੰ ਵੀ ਕ੍ਰਿਕਟ ਪ੍ਰਤੀ ਬਹੁਤ ਪਿਆਰ ਹੈ।
ਫ਼ਿਲਮਾਂ ਵਿੱਚੋਂ ਗ਼ੈਰਹਾਜ਼ਰੀ ਸਬੰਧੀ ਪੁੱਛਣ ‘ਤੇ ਉਹ ਕਹਿੰਦੀ ਹੈ ‘ਜਿੱਥੋਂ ਤਕ ਮੇਰੀਆਂ ਫ਼ਿਲਮਾਂ ਦਾ ਸੁਆਲ ਹੈ, ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਮੈਂ ਫ਼ਿਲਮਾਂ ਨਹੀਂ ਕਰਾਂਗੀ। ਜੇਕਰ ਬਹੁਤ ਚੰਗਾ ਪ੍ਰਸਤਾਵ ਮਿਲਦਾ ਹੈ ਤਾਂ ਸਾਲ ਵਿੱਚ ਇੱਕ ਫ਼ਿਲਮ ਕਰਨ ਦਾ ਸਮਾਂ ਕੱਢਿਆ ਜਾ ਸਕਦਾ ਹੈ।’ ਸ਼ਿਪਲਾ ਇਹ ਮੰਨਦੀ ਹੈ ਕਿ ਬੌਲੀਵੁੱਡ ਵਿੱਚ ਉਸ ਦਾ ਪ੍ਰਭਾਵ ਬਹੁਤ ਚੰਗੀ ਤਰ੍ਹਾਂ ਨਹੀਂ ਪਿਆ, ਫ਼ਿਰ ਵੀ ਇਹ ਘੱਟ ਨਹੀਂ ਹੈ ਕਿ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਉਸ ਨੂੰ 19 ਸਾਲ ਲੱਗ ਗਏ। ਜਦੋਂ ਉਹ ਫ਼ਿਲਮਾਂ ਵਿੱਚ ਆਈ ਸੀ ਤਾਂ ਕਾਜੋਲ, ਕ੍ਰਿਸ਼ਮਾ, ਰਵੀਨਾ ਵਰਗੀਆਂ ਅਭਿਨੇਤਰੀਆਂ ਉਸ ਦੀਆਂ ਸਮਕਾਲੀ ਸਨ। ਪਰ ਉਹ ਅੱਜ ਵੀ ਫ਼ਿਲਮਾਂ ਕਰ ਰਹੀ ਹੈ।
ਸ਼ਿਲਪਾ ਕਹਿੰਦੀ ਹੈ ਕਿ ਉਹ ਬਹੁਤ ਕਿਸਮਤ ਵਾਲੀ ਹੈ ਕਿ ਉਸ ਦੇ ਪਤੀ ਬਹੁਤ ਚੰਗੇ ਹਨ। ਨਾ ਮੰਗਣ ਦੇ ਬਾਵਜੂਦ ਉਹ ਹਰ ਸਮੇਂ ਉਸ ਨੂੰ ਤੋਹਫ਼ੇ ਦਿੰਦੇ ਰਹਿੰਦੇ ਹਨ। ਇਸ ਜਨਮ ਦਿਨ ‘ਤੇ ਉਸ ਨੂੰ ਹੀਰਿਆਂ ਦਾ ਹਾਰ ਭੇਟ ਕੀਤਾ। ਉਸ ਦਾ ਕਹਿਣਾ ਹੈ ਕਿ ਜੇਕਰ ਇੱਕ ਸ਼ਬਦ ਵਿੱਚ ਉਸ ਨੇ ਆਪਣੇ ਪਤੀ ਦੀ ਤਾਰੀਫ਼ ਕਰਨੀ ਹੋਵੇ ਤਾਂ ਉਹ ਸਿਰਫ਼ ਲਾਜਵਾਬ ਕਹੇਗੀ।