ਅਕਾਲੀ ਦਲ ਐੱਸ. ਸੀ. ਵਿੰਗ ਦਾ ਜ਼ਿਲਾ ਜਨਰਲ ਸਕੱਤਰ ਹੈਰੋਇਨ ਸਮੇਤ ਕਾਬੂ

ਝਬਾਲ/ਤਰਨਤਾਰਨ,  – ਐੱਸ. ਐੱਸ. ਪੀ. ਤਰਨਤਾਰਨ ਦੇ ਹੁਕਮਾਂ ‘ਤੇ ਜ਼ਿਲੇ ‘ਚ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਅਕਾਲੀ ਦਲ ਐੱਸ. ਸੀ. ਵਿੰਗ ਦਾ ਜ਼ਿਲਾ ਜਨਰਲ ਸਕੱਤਰ ਹੈਰੋਇਨ ਸਮੇਤ ਪੁਲਸ ਨੇ ਕਾਬੂ ਕਰ ਕੇ ਉਸ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਦਿੱਤਾ। ਇਸ ਸੰਬੰਧੀ ਥਾਣਾ ਝਬਾਲ ਵਿਖੇ ਦਰਜ ਹੋਏ ਕੇਸ ਅਨੁਸਾਰ ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਨੇ ਥਾਣੇਦਾਰ ਅਸ਼ੀਸ਼ਪਾਲ ਸਿੰਘ ਦੀ ਅਗਵਾਈ ਵਿਚ ਗੁਪਤ ਸੂਚਨਾ ਦੇ ਆਧਾਰ ‘ਤੇ ਝਬਾਲ ਨੇੜੇ ਨਾਕਾ ਲਗਾਇਆ ਸੀ। ਇਕ ਨੌਜਵਾਨ ਜੋ ਪੈਦਲ ਤੁਰਿਆ ਆ ਰਿਹਾ ਸੀ, ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਬਲਵਿੰਦਰ ਸਿੰਘ ਉਰਫ ਕਿੰਦਾ ਝਬਾਲ ਵਜੋਂ ਹੋਈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦਾ ਜ਼ਿਲਾ ਜਨਰਲ ਸਕੱਤਰ ਹੈ, ਜਿਸ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਵਰਨਣਯੋਗ ਹੈ ਕਿ ਬਲਵਿੰਦਰ ਸਿੰਘ ਕਿੰਦਾ ਨੂੰ ਅਜੇ 2 ਮਹੀਨੇ ਪਹਿਲਾਂ ਹੀ ਝਬਾਲ ਵਿਖੇ ਕੀਤੇ ਗਏ ਅਕਾਲੀ ਦਲ ਦੇ ਭਾਰੀ ਇਕੱਠ ਵਿਚ ਅਕਾਲੀ ਦਲ ਐੱਸ. ਸੀ. ਵਿੰਗ ਦਾ ਜ਼ਿਲਾ ਜਨਰਲ ਸਕੱਤਰ ਬਣਾਇਆ ਸੀ।