ਚੰਡੀਗਡ਼੍ਹ : ਸੂਬੇ ਅੰਦਰ ਰਿਅਲ ਅਸਟੇਟ ਬਿਜਨੇਸ ‘ਤੇ ਬੁਰਾ ਪ੍ਰਭਾਵ ਪਾਉਣ ਵਾਲੀਆਂ ਸ੍ਰੋਅਦ ਭਾਜਪਾ ਸਰਕਾਰ ਦੀਆਂ ਬੀਤੇ ਦੱਸ ਸਾਲਾਂ ਦੀਆਂ ਬਿਜਨੇਸ ਵਿਰੋਧੀ ਨੀਤੀਆਂ ਤੋਂ ਦੁਖੀ ਮਾਝਾ ਜੋਨ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਪੰਜਾਬ ਕਾਂਗਰਸ ਨੂੰ ਸਮਰਥਨ ਦੇ ਦਿੱਤਾ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਲਿੱਖਤੀ ਚਿੱਠੀ ‘ਚ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਰਾਮਪਾਲ ਨੇ ਕਿਹਾ ਕਿ ਐਸੋਸੀਏਸ਼ਨ ਤੇ ਉਸਦੇ ਮੈਂਬਰ ਕਾਂਗਰਸ ਨਾਲ ਹਨ ਅਤੇ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ।
ਚਿੱਠੀ ‘ਚ ਕਿਹਾ ਗਿਆ ਹੈ ਕਿ ਸਾਡੀ ਐਸੋਸੀਏਸ਼ਨ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀਆਂ ਸਾਰੀਆ 117 ਸੀਟਾਂ ਦੀਆਂ ਚੋਣਾਂ ਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ‘ਚ ਪਾਰਟੀ ਦੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਦਿੰਦੀ ਹੈ। ਸਾਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਨ ‘ਤੇ ਰਿਅਲਟੀ ਖੇਤਰ ਤਰੱਕੀ ਕਰੇਗਾ।
ਸੰਜੀਵ ਨੇ ਰਿਅਲਟੀ ਖੇਤਰ ਨੂੰ ਮੁਡ਼ ਖਡ਼੍ਹਾ ਕੀਤੇ ਜਾਣ ਦੀ ਲੋਡ਼ ‘ਤੇ ਜ਼ੋਰ ਦਿੰਦਿਆਂ, ਅਕਾਲੀ ਸਰਕਾਰ ਉਪਰ ਆਪਣੀਆਂ ਗਲਤ ਨੀਤੀਆਂ ਰਾਹੀਂ ਬਿਜਨੇਸ ਨੂੰ ਸੱਭ ਤੋਂ ਹੇਠਲੇ ਪੱਧਰ ‘ਤੇ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੈਪਟਨ ਅਮਰਿੰਦਰ ਦੇ 2002 ਤੋਂ 2007 ਦੇ ਬਤੌਰ ਮੁੱਖ ਮੰਤਰੀ ਕਾਰਜਕਾਲ ਦੌਰਾਨ ਰਿਅਲਟੀ ਬਿਜਨੇਸ ਤਰੱਕੀ ਕਰ ਰਿਹਾ ਸੀ, ਜਿਹਡ਼ਾ ਖੇਤਰ ਬਾਦਲ ਅਗਵਾਈ ਵਾਲੀ ਅਕਾਲੀ ਸਰਕਾਰ ਦੇ ਸੂਬੇ ਦੀ ਕਮਾਂਡ ਸੰਭਾਲਣ ਤੋਂ ਬਾਅਦ ਤੋਂ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ।















