ਬਲੋਚਿਸਤਾਨ ‘ਚ ਸੁਰੱਖਿਆ ਫੋਰਸਾਂ ਦੀ ਵੱਡੀ ਕਾਰਵਾਈ ! 10 ਅੱਤਵਾਦੀ ਕੀਤੇ ਢੇਰ

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੁਰੱਖਿਆ ਫੋਰਸ ਦੀ ਕਾਰਵਾਈ ‘ਚ ਬਲੋਚਿਸਤਾਨ ‘ਚ 10 ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਫੋਰਸ ਨੇ ਤੱਟੀ ਸ਼ਹਿਰ ਗਵਾਦਰ ਵਿਚ ਇੱਕ ਉਸਾਰੀ ਕੰਪਨੀ ’ਤੇ ਹਮਲੇ ਤੋਂ ਬਾਅਦ ਇਕ ਮੁਹਿੰਮ ਵੀ ਚਲਾਈ।
ਫੌਜ ਦੀ ਮੀਡੀਆ ਇਕਾਈ ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼’ (ਆਈ. ਐੱਸ. ਪੀ. ਆਰ.) ਨੇ ਦੱਸਿਆ ਕਿ ਇਹ ਮੁਕਾਬਲੇ ਵੀਰਵਾਰ ਨੂੰ ਗਬਦ ਸਰਹੱਦੀ ਚੌਕੀ ਅਤੇ ਗਵਾਦਰ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੋਏ। ਮਾਰੇ ਗਏ ਲੋਕਾਂ ਵਿਚ ਇਕ ਔਰਤ ਵੀ ਸ਼ਾਮਲ ਸੀ। ਆਈ. ਐੱਸ. ਪੀ. ਆਰ. ਅਨੁਸਾਰ, ਅੱਤਵਾਦੀਆਂ ਨੇ ਵਿਕਾਸ ਕਾਰਜਾਂ ’ਤੇ ਰੋਕ ਲਗਾਉਣ ਅਤੇ ਸਰਕਾਰ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਗਵਾਦਰ ਵਿਚ ਕਈ ਥਾਵਾਂ ’ਤੇ ਹਮਲੇ ਕੀਤੇ।
ਇਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਅਤੇ ਦੋ ਵੱਖ-ਵੱਖ ਮੁਕਾਬਲਿਆਂ ਵਿਚ 10 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਆਈ. ਐੱਸ. ਪੀ. ਆਰ. ਨੇ ਕਿਹਾ ਕਿ ਇਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਉਨ੍ਹਾਂ ਹੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੀ ਪ੍ਰਤੀਨਿਧਤਾ ਕਰਨ ਦਾ ਉਹ ਦਾਅਵਾ ਕਰਦੇ ਹਨ। ਉਹ ਬਲੋਚਿਸਤਾਨ ਦੇ ਵਿਕਾਸ ਅਤੇ ਖੁਸ਼ਹਾਲੀ ਵਿਚ ਰੁਕਾਵਟ ਪਾਉਣਾ ਚਾਹੁੰਦੇ ਸਨ।