ਗੁਰਦਾਸਪੁਰ— ਸ਼ਹਿਰ ‘ਚ ਸਿਟੀ ਪੁਲਸ ਅਤੇ ਬੀ. ਐੱਸ. ਐੱਫ ਵਲੋਂ ਵਿਧਾਨ ਸਭਾ ਚੋਣਾਂ ਅਤੇ ਸ਼ਹਿਰ ‘ਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਪੂਰੇ ਸ਼ਹਿਰ ਦਾ ਫਲੈਗ ਮਾਰਚ ਕੀਤਾ ਗਿਆ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਥਾਣੇ ਦੇ ਐੱਸ. ਐੱਚ. ਓ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਚੋਣ ਕਮਿਸ਼ਨ ਅਤੇ ਐੱਸ. ਐੱਸ. ਪੀ ਗੁਰਦਾਸਪੁਰ ਦੀਆਂ ਹਦਾਇਤਾਂ ਮੁਤਾਬਕ ਐਤਵਾਰ ਨੂੰ ਗੁਰਦਾਸਪੁਰ ਦੇ ਪੂਰੇ ਸ਼ਹਿਰ ‘ਚ ਫਲੈਗ ਮਾਰਚ ਕੀਤਾ ਗਿਆ। ਜਿਸ ‘ਚ ਭੁਪਿੰਦਰ ਸਿੰਘ ਏ. ਐੱਸ. ਆਈ, ਏ. ਐੱਸ. ਆਈ ਮੈਨੂਅਲ ਮੱਲ ਆਪਣੀ-ਆਪਣੀ ਟੀਮ ਨਾਲ ਬੀ. ਐੱਸ. ਐੱਫ ਦੇ ਜਵਾਨਾਂ ਦੀਆਂ ਟੁਕੜੀਆਂ ਦੇ ਨਾ ਸ਼ਹਿਰ ‘ਚ ਸਰਚ ਕੀਤਾ ਗਿਆ ਅਤੇ ਨਾਲ ਹੀ ਵਾਹਨਾਂ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ, ਜਿਸ ਕਾਰਨ ਸੁਰੱਖਿਆ ਨੂੰ ਅਹਿਮ ਸਥਾਨ ਦਿੱਤਾ ਜਾ ਰਿਹਾ ਹੈ ਅਤੇ ਸ਼ਹਿਰ ‘ਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਇਹ ਸਰਚ ਅਭਿਆਨ ਅਤੇ ਫਲੈਗ ਮਾਰਚ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਸ਼ਹਿਰ ਅੰਦਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਲਾਵਾਰਿਸ਼ ਵਸਤੂ ਮਿਲਦੀ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਕਰਾਈਮ ‘ਤੇ ਨੱਥ ਪਾ ਸਕਦੇ ਹਾਂ।















