ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ (ਸਪਾ) ਤੇ ਕਾਂਗਰਸ ਵਿਚਾਲੇ ਗਠਜੋੜ ਨੂੰ ‘ਗੰਗਾ-ਯਮੂਨਾ’ ਦਾ ਮੇਲ ਦੱਸਦਿਆਂ ਕਾਂਗਰਸ ਦੇ ਉੱਪ-ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਤੇ ਭਾਜਪਾ ਦੀ ‘ਨੀਅਤ’ ਸਾਫ ਨਹੀਂ ਹੈ ਅਤੇ ਉਹ ਸਪਾ ਨਾਲ ਮਿਲ ਕੇ ਉਨ੍ਹਾਂ ਦੀ ‘ਗੁੱਸੇ’ ਦੀ ਸਿਆਸਤ ਦਾ ਮੁਕਾਬਲਾ ਕਰਨਗੇ। ਰਾਹੁਲ ਅਤੇ ਅਖਿਲੇਸ਼ ਨੇ ਸੂਬੇ ਦੀ ਰਾਜਧਾਨੀ ‘ਚ ਆਪਣਾ ‘ਰੋਡ ਸ਼ੋਅ’ ਸ਼ੁਰੂ ਕਰਨ ਤੋਂ ਪਹਿਲਾਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਰਾਹੁਲ ਨੇ ਕਿਹਾ, ”ਇਸ ਗਠਜੋੜ ਨਾਲ ਉਨ੍ਹਾਂ ਦੇ ਅਖਿਲੇਸ਼ ਯਾਦਵ (ਸਪਾ ਦੇ ਕੌਮੀ ਪ੍ਰਧਾਨ ਤੇ ਮੁੱਖ ਮੰਤਰੀ) ਨਾਲ ਨਿੱਜੀ ਤੇ ਸਿਆਸੀ ਸਬੰਧ ਹੋਰ ਪੱਕੇ ਹੋਏ ਹਨ। ਇਹ ਗੰਗਾ ਤੇ ਯਮੂਨਾ ਦਾ ਮੇਲ ਹੈ, ਜਿਸ ‘ਚ ਤਰੱਕੀ ਦੀ ਸਰਸਵਤੀ ਨਿਕਲੇਗੀ।”
ਉਨ੍ਹਾਂ ਕਿਹਾ, ”ਅਸੀਂ ਗੁੱਸੇ ਦੀ ਸਿਆਸਤ ਨੂੰ ਰੋਕਣਾ ਚਾਹੁੰਦੇ ਹਾਂ ਕਿਉਂਕਿ ਇਸ ਨਾਲ ਜਨਤਾ ਨੂੰ ਨੁਕਸਾਨ ਹੋ ਰਿਹਾ ਹੈ। ਜੋ ਗੁੱਸਾ ਭਾਜਪਾ ਤੇ ਸੰਘ ਫੈਲਾ ਰਹੇ ਹਨ, ਉਸ ਦਾ ਮੁਕਾਬਲਾ ਕਰਨ ਲਈ ਅਸੀਂ ਇਕੱਠੇ ਆਏ ਹਾਂ ਕਿਉਂਕਿ ਉੱਤਰ ਪ੍ਰਦੇਸ਼ ਦੇ ਡੀ. ਐੱਨ. ਏ. ‘ਚ ਗੁੱਸਾ ਨਹੀਂ, ਬਲਕਿ ਪਿਆਰ ਤੇ ਭਾਈਚਾਰਾ ਹੈ।” ਕਾਂਗਰਸ ਨਾਲ ਮਿਲ ਕੇ 300 ਤੋਂ ਵੱਧ ਸੀਟਾਂ ‘ਤੇ ਜਿੱਤ ਦਾ ਦਾਅਵਾ ਕਰਦਿਆਂ ਅਖਿਲੇਸ਼ ਨੇ ਕਿਹਾ, ”ਸਾਈਕਲ (ਸਪਾ ਦਾ ਚੋਣ ਨਿਸ਼ਾਨ) ਨਾਲ ਹੱਥ (ਕਾਂਗਰਸ ਦਾ ਚੋਣ ਨਿਸ਼ਾਨ) ਹੋਵੇ ਤਾਂ ਸੋਚੋ ਰਫ਼ਤਾਰ ਕਿੰਨੀ ਹੋਵੇਗੀ। ਅਸੀਂ ਦੋ ਪਹੀਏ ਹਾਂ, ਵਿਕਾਸ ਤੇ ਖੁਸ਼ਹਾਲੀ ਦੇ। ਇਹ ਗਠਜੋੜ ਪਿਆਰ ਤੇ ਸਦਭਾਵਨਾ ਵਧਾਉਣ ਦਾ ਕੰਮ ਕਰੇਗਾ।” ਰਾਹੁਲ ਦੀ ਭੈਣ ਪ੍ਰਿਯੰਕਾ ਵਾਡਰਾ ਤੇ ਅਖਿਲੇਸ਼ ਦੀ ਸੰਸਦ ਮੈਂਬਰ ਪਤਨੀ ਡਿੰਪਲ ਯਾਦਵ ਦੇ ਚੋਣ ਪ੍ਰਚਾਰ ‘ਚ ਉਤਰਣ ਬਾਰੇ ਪੁੱਛੇ ਜਾਣ ‘ਤੇ ਰਾਹੁਲ ਨੇ ਕਿਹਾ ਕਿ ਇਹ ਪ੍ਰਿਯੰਕਾ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਬਾਰੇ ਕੀ ਫੈਸਲਾ ਕਰਦੀ ਹੈ, ਉੱਥੇ ਹੀ ਅਖਿਲੇਸ਼ ਨੇ ਕਿਹਾ ਕਿ ਡਿੰਪਲ ਸੰਸਦ ਮੈਂਬਰ ਹੈ ਤੇ ਉਹ ਆਪ ਤੈਅ ਕਰੇਗੀ ਕਿ ਉਸ ਨੇ ਕੀ ਕਰਨਾ ਹੈ।















