ਵਾਲ ਸਾਡੇ ਸਰੀਰ ਦਾ ਉਹ ਹਿੱਸਾ ਹਨ ਜੋ ਸਰੀਰਕ ਸੁੰਦਰਤਾ ਕਾਇਮ ਰੱਖਣ ਵਿੱਚ ਸਹਾਈ ਹੋਣ ਦੇ ਨਾਲ ਨਾਲ ਸਾਨੂੰ ਮੌਸਮ ਵਿੱਚ ਹੋਣ ਵਾਲੀਆਂ ਤਬਦੀਲੀਆਂ ਤੋਂ ਵੀ ਬਚਾਉਂਦੇ ਹਨ। ਸਿਰ ਦੇ ਵਾਲ ਝੜਨ ਨਾਲ ਮਨੁੱਖ ਆਪਣੇ-ਆਪ ਵਿੱਚ ਕਮੀ ਮਹਿਸੂਸ ਕਰਨ ਲੱਗ ਪੈਂਦਾ ਹੈ ਅਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ। ਫਿਲਮਾਂ, ਟੀ.ਵੀ. ਅਤੇ ਡਰਾਮਿਆਂ ਆਦਿ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਲਈ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਰੁਜ਼ਗਾਰ ਸਿੱਧੇ ਤੌਰ ‘ਤੇ ਉਨ੍ਹਾਂ ਦੀ ਸਰੀਰਕ ਸੁੰਦਰਤਾ ਨਾਲ ਜੁੜਿਆ ਹੁੰਦਾ ਹੈ।
ਮੈਡੀਕਲ ਦੀ ਭਾਸ਼ਾ ਵਿੱਚ ਵਾਲ ਝੜਨ ਦੀ ਸਮੱਸਿਆ ਨੂੰ ‘ਐਲੋਪੇਸ਼ੀਆ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਾਲ ਝੜਨ ਦੀ ਸਮੱਸਿਆ ਸਰੀਰ ਦੇ ਕਿਸ ਹਿੱਸੇ ਉੱਤੇ ਅਤੇ ਕਿੰਨੀ ਕੁ ਹੁੰਦੀ ਹੈ, ਉਸ ਹਿਸਾਬ ਨਾਲ ਇਸ ਦਾ ਨਾਮ ਵੀ ਬਦਲ ਜਾਂਦਾ ਹੈ। ਪੂਰੇ ਸਰੀਰ ‘ਤੇ ਵਾਲ ਝੜਨ ਦੀ ਸਮੱਸਿਆ ਨੂੰ ‘ਐਲੋਪੇਸ਼ੀਆ ਯੂਨੀਵਰਸ਼ੈਲਿਸ’ ਅਤੇ ਪੂਰੇ ਸਿਰ ਉੱਪਰ ਵਾਲ ਝੜਨ ਨੂੰ ‘ਐਲੋਪੇਸ਼ੀਆ ਟੌਟੈਲਿਸ’ ਕਿਹਾ ਜਾਂਦਾ ਹੈ। ਐਲੋਪੇਸ਼ੀਆ ਯੂਨੀਵਰਸ਼ੈਲਿਸ ਬਹੁਤ ਹੀ ਘੱਟ ਮਰੀਜ਼ਾਂ ਵਿੱਚ ਪਾਇਆ ਜਾਂਦਾ ਹੈ। ਵਾਲ ਝੜਨ ਦੀ ਸਮੱਸਿਆ ਸਭ ਤੋਂ ਜ਼ਿਆਦਾ ਯੂਰੋਪ, ਏਸ਼ੀਆ, ਅਫਰੀਕਾ ਅਤੇ ਮੱਧ ਅਮਰੀਕਾ ਵਿੱਚ ਪਾਈ ਜਾਂਦੀ ਹੈ। ਔਰਤਾਂ ਦੇ ਮੁਕਾਬਲੇ ਮਰਦ ਇਸ ਸਮੱਸਿਆ ਨਾਲ ਜ਼ਿਆਦਾ ਪੀੜਤ ਹਨ।
ਵਾਲ ਝੜਣ ਦਾ ਕਾਰਨ ਸਾਡੇ ਸਰੀਰ ਦੇ ਜੀਨ ਦੀ ਬਣਤਰ ਅਤੇ ਆਲੇ-ਦੁਆਲੇ ‘ਤੇ ਨਿਰਭਰ ਕਰਦਾ ਹੈ। ਕੁਝ ਮਰੀਜ਼ਾਂ ਵਿੱਚ ਖ਼ੂਨ ਵਿੱਚ ਲੋਹ ਕਣਾਂ ਦੀ ਕਮੀ ਕਰਕੇ ਇਹ ਸਮੱਸਿਆ ਆਉਂਦੀ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਕਸ ਕੇ ਵਾਲ ਬੰਨ੍ਹਣੇ, ਦਿਮਾਗੀ ਕੰਮ ਕਰਨ ਕਰਕੇ, ਜ਼ਿਆਦਾ ਮਾਤਰਾ ਵਿੱਚ ਮਸਾਲੇਦਾਰ ਭੋਜਨ, ਅਨਿਯਮਤ ਸਮੇਂ ਦੇ ਖਾਣਾ ਖਾਣ ਦੀ ਆਦਤ, ਜ਼ਿਆਦਾ ਮਾਤਰਾ ਵਿੱਚ ਕੈਮੀਕਲ ਵਰਤਣੇ, ਸ਼ੈਂਪੂ ਦੀ ਜ਼ਿਆਦਾ ਵਰਤੋਂ, ਵਾਲਾਂ ਨੂੰ ਰੰਗ ਕਰਨਾ ਅਤੇ ਜ਼ਿਆਦਾ ਚਿੰਤਾ ਕਰਨੀ ਅਤੇ ਗੰਭੀਰ ਉਦਾਸੀ ਵਿੱਚ ਡੁੱਬੇ ਰਹਿਣ ਕਰਕੇ ਵੀ ਵਾਲਾਂ ਦੀ ਸਮੱਸਿਆ ਆ ਸਕਦੀ ਹੈ। ਕਿਸੇ ਨਜ਼ਦੀਕੀ ਦੇ ਵਿਛੋੜੇ ਕਾਰਨ ਵੀ ਇਹ ਸਮੱਸਿਆ ਆ ਸਕਦੀ ਹੈ। ਟ੍ਰਾਈਚਿਤਲੋਮੈਨੀਆ ਨਾਂ ਦੇ ਇੱਕ ਮਾਨਿਸਕ ਰੋਗ ਵਿੱਚ ਮਰੀਜ਼ ਆਪਣੇ ਵਾਲ ਖ਼ੁਦ ਪੁੱਟ ਲੈਂਦਾ ਹੈ। ਕੁਝ ਮਰੀਜ਼ਾਂ ਵਿੱਚ ਵਾਲ ਝੜਨਾ ਖ਼ੁਦ ਇੱਕ ਬਿਮਾਰੀ ਨਾ ਹੋ ਕਿ ਕਿਸੇ ਹੋਰ ਬਿਮਾਰੀ ਦੇ ਲੱਛਣ ਦੇ ਰੂਪ ਵਿੱਚ ਸਾਹਮਣੇ ਆ ਸਕਦੀ ਹੈ। ਜੇ ਮੋਟੇ ਤੌਰ ‘ਤੇ ਇਸ ਬਿਮਾਰੀ ਨੂੰ ਸਮਝਣਾ ਹੋਵੇ ਤਾਂ ਸਾਡੇ ਸਰੀਰ ਦੀ ਰੋਗਾਂ ਪ੍ਰਤੀ ਲੜਨ ਦੀ ਸਮਰੱਥਾ ਹੀ ਗ਼ਲਤੀ ਨਾਲ ਸਾਡੇ ਵਾਲਾਂ ਦੀਆਂ ਜੜ੍ਹਾਂ ਉਪਰ ਹਮਲਾ ਕਰਕੇ ਉਸ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।
ਜਿਸ ਵਿਆਕਤੀ ਦੇ ਵਾਲ ਝੜ ਰਹੇ ਹੋਣ ਉਸ ਨੂੰ ਪਹਿਲਾਂ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਉਸ ਨੂੰ ਸਰੀਰਕ ਤੌਰ ‘ਤੇ ਕੋਈ ਹੋਰ ਬਿਮਾਰੀ ਤਾਂ ਨਹੀਂ ਹੈ ਜਿਸ ਕਰਕੇ ਵਾਲ ਝੜ ਰਹੇ ਹੋਣ। ਇਸ ਸਮੱਸਿਆ ਦਾ ਮੁੱਖ ਕਾਰਨ ਬਣਨ ਵਾਲੀਆਂ ਬਿਮਾਰੀਆਂ ਹਨ- ਹਾਈ ਬਲੱਡ ਪ੍ਰੈਸ਼ਰ, ਥਾਇਰੌਇਡ ਦੀ ਬਿਮਾਰੀ ਜਾਂ ਕਿਸੇ ਵੀ ਤਰ੍ਹਾਂ ਦਾ ਕੈਂਸਰ ਆਦਿ। ਜੇ ਮਰੀਜ਼ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਬਿਮਾਰੀ ਹੈ ਤਾਂ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਜੇਕਰ ਕੋਈ ਵੀ ਬਿਮਾਰੀ ਨਾ ਹੋਣ ਦੇ ਬਾਵਜੂਦ ਵਾਲ ਝੜ ਰਹੇ ਹਨ ਤਾਂ ਇਹ ਸਰੀਰ ਵਿੱਚ ਹੋਰ ਬਿਮਾਰੀਆਂ ਦਾ ਲੱਛਣ ਨਾ ਹੋ ਕੇ ਕਿ ਖ਼ੁਦ ਆਪਣੇ-ਆਪ ਵਿੱਚ ਇੱਕ ਬਿਮਾਰੀ ਹੈ। ਅਜਿਹੀ ਹਾਲਤ ਵਿੱਚ ਘਬਰਾਉਣ ਦੀ ਜ਼ਰੂਰਤ ਨਹੀਂ। ਪੀੜਤ ਵਿਆਕਤੀ ਆਪਣੀ ਜ਼ਿੰਦਗੀ ਜਿਊਣ ਦੇ ਢੰਗ ਵਿੱਚ ਕੁਝ ਪਰਿਵਰਤਨ ਕਰਕੇ ਇਸ ਸਮੱਸਿਆ ਤੋਂ ਨਜਾਤ ਪਾ ਸਕਦਾ ਹੈ।
ਸਾਡਾ ਸਰੀਰ ਤੇ ਮਨ ਇੱਕ ਹੀ ਹਨ ਇਸ ਕਰਕੇ ਜੇ ਮਨ ਤੰਦਰੁਸਤ ਹੈ ਤਾਂ ਸਰੀਰ ਵੀ ਤੰਦਰੁਸਤ ਹੈ। ਸਾਨੂੰ ਕੁਦਰਤ ਦੇ ਅਨੁਕੂਲ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਨਾਲ ਹਰੇਕ ਬਿਮਾਰੀ ਤੋਂ ਨਜਾਤ ਪਾਈ ਜਾ ਸਕਦੀ ਹੈ।
× ਜਦੋਂ ਸੂਰਜ ਚੜ੍ਹ ਰਿਹਾ ਹੋਵੇ ਤਾਂ ਮਰੀਜ਼ ਨੂੰ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ। ਇਸ ਵੇਲੇ ਸੂਰਜ ਦੀ ਰੌਸ਼ਨੀ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ‘ਡੀ’ ਹੁੰਦਾ ਹੈ। ਇਹ ਵਿਟਾਮਿਨ ਸਰੀਰ ਦੀਆਂ ਕਿਰਿਆਵਾ ਨੂੰ ਸੰਤੁਲਿਤ ਕਰਕੇ ਵਾਲ ਝੜਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ।
× ਮਰੀਜ਼ ਨੂੰ ਹਰ ਰੋਜ਼ ਸਿਰ ਨਾ ਨਹਾ ਕੇ ਹਫ਼ਤੇ ਵਿੱਚ ਦੋ ਵਾਰ ਸਿਰ ਨਹਾਉਣਾ ਚਾਹੀਦਾ ਹੈ।
× ਮਰੀਜ਼ ਨੂੰ ਆਪਣਾ ਤੌਲੀਆ, ਕੰਘਾ ਅਤੇ ਹੋਰ ਵਾਲਾਂ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਆਪਣੇ ਲਈ ਵੱਖਰਾ ਰੱਖਣਾ ਚਾਹੀਦਾ ਹੈ।
× ਸਿਰ ਵਿੱਚ ਹਫ਼ਤੇ ‘ਚ ਇੱਕ-ਦੋ ਵਾਰ ਨਾਰੀਅਲ ਜਾ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।
× ਵਾਲਾ ਨੂੰ ਰੰਗ ਕਰਨਾ ਜਾਂ ਜੈੱਲ ਦੀ ਵਰਤੋਂ ਆਦਿ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
× ਖਾਣੇ ਵਿੱਚ ਬਦਾਮ, ਅੰਡੇ, ਪਨੀਰ ਅਤੇ ਪਾਲਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ਰਾਬ ਅਤੇ ਮਸਾਲੇਦਾਰ ਭੋਜਨ ਦੀ ਵਰਤੋਂ ਬਿਲਕੁਲ ਹੀ ਬੰਦ ਕਰਨੀ ਚਾਹੀਦੀ ਹੈ।
× ਪੂਰੀ ਨੀਦ ਲੈਣ ਨਾਲ ਵੀ ਵਾਲ ਝੜਣ ਤੋਂ ਰਾਹਤ ਮਿਲਦੀ ਹੈ। ਦਿਨ ਵੇਲੇ ਨਹੀਂ ਸੌਣਾ ਚਾਹੀਦਾ।
× ਵਾਲਾਂ ਨੂੰ ਬਹੁਤ ਕਸ ਕੇ ਨਹੀਂ ਬੰਨ੍ਹਣਾ ਚਾਹੀਦਾ ਹੈ।
× ਜ਼ਿਆਦਾ ਪ੍ਰਦੂਸ਼ਣ ਤੇ ਧੂੜ ਮਿੱਟੀ ਵਿੱਚ ਸਿਰ ਢਕ ਕੇ ਜਾਣਾ ਚਾਹੀਦਾ ਹੈ।
× ਕੋਸ਼ਿਸ਼ ਕਰੋ ਕਿ ਹਫ਼ਤੇ ‘ਚ ਇੱਕ ਵਾਰ ਦਹੀਂ ਨਾਲ ਸਿਰ ਧੋਤਾ ਜਾਵੇ।
× ਰੋਜ਼ਾਨਾ ਕਸਰਤ ਕਰੋ ਅਤੇ ਜ਼ਿੰਦਗੀ ਪ੍ਰਤੀ ਹਾਂ-ਪੱਖੀ ਸੋਚ ਅਪਣਾਓ।
ਇਸ ਹਾਲਤ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲਈ ਜਾਵੇ। ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਰਤੋਂ ਆਪਣੇ-ਆਪ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਕਈ ਵਾਰ ਫ਼ਾਇਦਾ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ।
-ਡਾ. ਅਮਨਦੀਪ ਸਿੰਘ










