ਲਗਪਗ ਤਿੰਨ ਸਾਲਾਂ ਦੀ ਖ਼ਾਮੋਸ਼ੀ ਤੋਂ ਬਾਅਦ ਵਿੱਦਿਆ ਬਾਲਨ ਦੀ ਵਾਪਸੀ ਵਾਲੀ ਫ਼ਿਲਮ ‘ਕਹਾਨੀ 2’ ਨੇ ਬਾਕਸ ਆਫ਼ਿਸ ‘ਤੇ ਕੋਈ ਖ਼ਾਸ ਕਰਿਸ਼ਮਾ ਨਹੀਂ ਦਿਖਾਇਆ। ਇਸ ਕਰਕੇ ਹੁਣ ਵਿੱਦਿਆ ਬਾਲਨ ਆਪਣੇ ਕਰੀਅਰ ‘ਤੇ ਕਾਫ਼ੀ ਗੰਭੀਰਤਾ ਨਾਲ ਵਿਚਾਰ ਕਰਨ ਲੱਗੀ ਹੈ ਜਿਸ ਕਾਰਨ ਉਸ ਨੇ ਮਲਿਆਲਮ ਫ਼ਿਲਮ ‘ਅਮੀ’ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫ਼ਿਲਮ ‘ਅਮੀ’ ਮਸ਼ਹੂਰ ਤੇ ਵਿਵਾਦਗ੍ਰਸਤ ਕਵੀ ਕਮਲਾ ਦਾਸ ਦੀ ਬਾਇਓਪਿਕ ਫ਼ਿਲਮ ਹੈ। ਇਹ ਫ਼ਿਲਮ ਕਰਨ ਲਈ ਵਿੱਦਿਆ ਨੇ ਲਿਖਤੀ ਸਮਝੌਤਾ ਵੀ ਸਾਈਨ ਕਰ ਲਿਆ ਸੀ। ਉਸ ਨੇ ਇਸ ਫ਼ਿਲਮ ਲਈ ਲੁੱਕ ਟੈਸਟ ਵੀ ਦਿੱਤਾ ਸੀ ਤੇ ਇਸ ਫ਼ਿਲਮ ਲਈ ਉਸ ਨੇ ਕਾਫ਼ੀ ਤਿਆਰੀ ਵੀ ਕਰ ਲਈ ਸੀ। ਵਿੱਦਿਆ ਨੇ ਕਮਲਾਦਾਸ ਦੀ ਸਵੈ-ਜੀਵਨੀ ਵੀ ਪੜ੍ਹ ਲਈ। ਵਿੱਦਿਆ ਮੁਤਾਬਕ ਕਮਲਾ ਦਾਸ ਨੂੰ ਲੋਕ ਸਹੀ ਢੰਗ ਨਾਲ ਸਮਝ ਨਹੀਂ ਸਕੇ ਸਨ। ਇਸ ਦਾ ਸਿੱਧਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਵਿੱਦਿਆ ਬਾਲਨ ਇਸ ਫ਼ਿਲਮ ਦੀ ਸ਼ੂਟਿੰਗ ਲਈ ਆਨਾਕਾਨੀ ਕਰਦੀ ਰਹੀ। ਉਹ ਦੋ ਵਾਰ ਸ਼ੈਡਿਊਲ ਵੀ ਬਦਲਾ ਚੁੱਕੀ ਹੈ ਤੇ ਹੁਣ ਖ਼ਬਰ ਹੈ ਕਿ ਵਿੱਦਿਆ ਨੇ ਇਸ ਫ਼ਿਲਮ ਤੋਂ ਖ਼ੁਦ ਨੂੰ ਬਿਲਕੁਲ ਵੱਖ ਕਰ ਲਿਆ ਹੈ। ਸੂਤਰਾਂ ਮੁਤਾਬਕ ਇਸ ਦਾ ਕਾਰਨ ਨਿਰਦੇਸ਼ਕ ਕਮਲੂਦੀਨ ਮੁਹੰਮਦ ਕਮਲ ਨਾਲ ਉਸ ਦੇ ਰਚਨਾਤਮਕ ਮਤਭੇਦ ਹਨ। ਸੂਤਰਾਂ ਮੁਤਾਬਕ ਵਿੱਦਿਆ ਫ਼ਿਲਮ ਦੇ ਕਲਾਤਮਕ ਪੱਖ ਤੋਂ ਕਈ ਫ਼ੇਰ-ਬਦਲ ਕਰਨਾ ਚਾਹੁੰਦੀ ਸੀ ਪਰ ਨਿਰਦੇਸ਼ਕ ਇਸ ਲਈ ਤਿਆਰ ਨਹੀਂ ਹੋਇਆ। ਦੂਜਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਮੀ ਐਵਾਰਡ ਜੇਤੂ ਅਤੇ ਹੁਣ ਤਕ 48 ਫ਼ਿਲਮਾਂ ਬਣਾ ਚੁੱਕੇ ਨਿਰਦੇਸ਼ਕ ਕਮਲ ਕੇਰਲਾ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ‘ਤੇ ਹਨ। ਨਿਰਦੇਸ਼ਕ ਕਮਲੂਦੀਨ ਮੁਹੰਮਦ ਉਰਫ਼ ਕਮਲ ਦਾ ਦਾਅਵਾ ਹੈ ਕਿ ਵਿੱਦਿਆ ਬਾਲਨ ਨੇ ਹਿੰਦੂ ਜਥੇਬੰਦੀਆਂ ਤੋਂ ਡਰ ਕੇ ਉਨ੍ਹਾਂ ਦੀ ਫ਼ਿਲਮ ਛੱਡੀ ਹੈ। ਜ਼ਿਕਰਯੋਗ ਹੈ ਕਿ ਕਮਲਾ ਦਾਸ ਨੇ ਆਪਣੇ ਅੰਤਿਮ ਪੜਾਅ ਵਿਚ ਮੁਸਲਿਮ ਧਰਮ ਕਬੂਲ ਲਿਆ ਸੀ। ਇਕ ਹੋਰ ਸੂਤਰ ਮੁਤਾਬਕ ਸ਼ਿਵ ਸੈਨਾ ਪਾਰਟੀ ਵੱਲੋਂ ਚਿਤਵਾਨੀ ਮਿਲਣ ਤੋਂ ਬਾਅਦ ਵਿੱਦਿਆ ਬਾਲਨ ਨੇ ਇਸ ਵਿਵਾਦਗ੍ਰਸਤ ਫ਼ਿਲਮ ਤੋਂ ਖ਼ੁਦ ਨੂੰ ਦੂਰ ਕਰ ਲਿਆ।











