ਔਰਤਾਂ ਨੂੰ ਵਧੇਰੇ ਖ਼ੂਨ ਆਉਣ ਦੇ ਕਾਰਨ ਅਤੇ ਉਪਚਾਰ

‘ਜਣਨੀ’ ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ। ਕੁਦਰਤ ਦੀ ਇਹ ਦੇਣ ਹੈ ਕਿ ਇਸ ਜਨਮ ਦੇਣ ਵਾਲੀ (ਔਰਤ) ਨੂੰ ਜੀਵਨ-ਕਾਲ ਦੌਰਾਨ, ਮਰਦਾਂ ਨਾਲੋਂ ਕਿਤੇ ਵੱਧ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਕਸ਼ਟ ਵੀ ਦਿੰਦੀਆਂ ਹਨ ਪਰ ਲੜਕੀ ਜਾਂ ਔਰਤ ਆਪਣੇ-ਆਪ ਨੂੰ ਉਨ੍ਹਾਂ ਮੁਤਾਬਿਕ ਢਾਲ ਲੈਂਦੀ ਹੈ। ਇਸੇ ਕਰਕੇ ਹੀ ਉਸ ਵਿੱਚ ਸਬਰ, ਸੰਤੋਖ, ਜੇਰਾ, ਸਹਿਜ, ਸੁਹਜ, ਸਹਿਣਸ਼ਲਿਤਾ ਅਤੇ ਕੰਮ ਕਰਨ ਵਿੱਚ ਸੰਜੀਦਗੀ ਆਦਿ ਗੁਣ ਮਰਦ ਨਾਲੋਂ ਵਧੇਰੇ ਹੁੰਦੇ ਹਨ। 12-13 ਸਾਲ ਦੀ ਉਮਰ ਤੋਂ ਲੈ ਕੇ 45-50 ਸਾਲ ਤਕ ਹਰ ਮਹੀਨੇ ਨਿਰੰਤਰ ਆਉਣ ਵਾਲੀ ਮਾਹਵਾਰੀ ਨਾਲ ਔਰਤਾਂ ਦੀ ‘ਐਡਜਸਟਮੈਂਟ’ ਹੋ ਜਾਂਦੀ ਹੈ। ਉਨ੍ਹਾਂ ਚਾਰ-ਪੰਜ ਦਿਨਾਂ ਦੌਰਾਨ ਵੀ ਕੁੜੀਆਂ ਜਾਂ ਔਰਤਾਂ, ਭਾਵੇਂ ਖਿਡਾਰਨਾਂ ਹੋਣ, ਡਾਂਸਰ ਹੋਣ ਜਾਂ ਕਿਸੇ ਵੀ ਹੋਰ ਡਿਊਟੀ ‘ਤੇ ਹੋਣ, ਉਸੇ ਇਕਾਗਰਤਾ ਤੇ ਤਨਦੇਹੀ ਨਾਲ ਕੰਮ ਕਰਦੀਆਂ ਹਨ। ਜੀਵਨ ਦੇ ਉਕਤ ਸਾਲਾਂ ਵਿੱਚ ਮਾਹਵਾਰੀ ਦੌਰਾਨ ਹਰੇਕ ਲੜਕੀ ਜਾਂ ਔਰਤ ਨੂੰ ਖ਼ੂਨ ਪੈਂਦਾ ਹੈ ਜੋ ਸਾਧਾਰਨ (ਨਾਰਮਲ) ਹੈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਮਾਹਵਾਰੀ ਨਾ ਸ਼ੁਰੂ ਹੋਵੇ ਤਾਂ ਵੀ ਇੱਕ ਅਸਾਧਾਰਨ ਸਥਿਤੀ ਜਾਂ ਅਬਨਾਰਮਲਿਟੀ ਹੁੰਦੀ ਹੈ। ਗਰਭ ਧਾਰਣ ਕਰਨ ਵੇਲੇ ਮਾਹਵਾਰੀ ਬੰਦ ਹੋ ਜਾਂਦੀ ਹੈ। ਵਧੇਰੇ ਖ਼ੂਨ ਪੈਣ ਜਾਂ ਬੇਤਰਤੀਬੀ ਮਾਹਵਾਰੀ ਨਾਲ ਖ਼ੂਨ ਦੀ ਘਾਟ ਹੋ ਜਾਂਦੀ ਹੈ। ਇਸ ਦੇ ਲੱਛਣ ਹਨ- ਔਰਤ ਜਾਂ ਲੜਕੀ ਦਾ ਰੰਗ ਪੀਲਾ ਪਿਆ ਹੁੰਦਾ ਹੈ, ਕਿਸੇ ਕੰਮ ਨੂੰ ਜੀ ਨਾ ਕਰਨਾ, ਸਾਹ ਫੁੱਲਣਾ ਤੇ ਪੌੜੀਆਂ ਨਾ ਚੜ੍ਹ ਸਕਣਾ। ਜੇ ਖ਼ੂਨ ਬਹੁਤ ਹੀ ਜ਼ਿਆਦਾ ਵਗ ਜਾਵੇ ਅਤੇ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਖ਼ੂਨ ਨਾ ਚੜ੍ਹਾਇਆ ਜਾਵੇ ਤਾਂ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਅਜਿਹਾ ਖ਼ਾਸ ਕਰਕੇ ਦੂਰ-ਦੁਰਾਡੇ ਖੇਤਰਾਂ ਦੇ ਮਰੀਜ਼ਾਂ ਵਿੱਚ ਹੁੰਦਾ ਹੈ। ਇਸ ਤਰ੍ਹਾਂ ਕਈ ਵਾਰ ਅਣਜਾਣਪੁਣੇ ਕਾਰਨ, ਸੰਗ-ਸ਼ਰਮ ਜਾਂ ਘਰੇਲੂ ਓਹੜ-ਪੋਹੜ ਵਾਲੇ ਟੋਟਕਿਆਂ ਦੇ ਚੱਕਰ ਵਿੱਚ ਲੋਕ ਜਵਾਨ ਧੀ ਜਾਂ ਨੂੰਹ ਗਵਾ ਬਹਿੰਦੇ ਹਨ। ਹਸਪਤਾਲ ਲਿਜਾਂਦੇ ਸਮੇਂ ਖ਼ੂਨਦਾਨੀ ਰਿਸ਼ਤੇਦਾਰਾਂ ਨੂੰ ਨਾਲ ਜਾਣਾ ਚਾਹੀਦਾ ਹੈ।
ਬਾਲਗ਼ ਉਮਰ ਵਿੱਚ ਅਸਾਧਾਰਨ ਖ਼ੂਨ ਪੈਣ ਦੇ ਕਾਰਨ-
ਗਰਭ ਨਾਲ ਸਬੰਧਿਤ ਕਾਰਨ:
* ਜਦੋਂ ਗਰਭ ਗਿਰ ਰਿਹਾ ਹੋਵੇ (ਅਬਾਰਸ਼ਨ)।
* ਗਰਭ ਦਾ ਬੱਚੇਦਾਨੀ ਤੋਂ ਬਾਹਰ ਹੋਣਾ।
* ਬੱਚੇਦਾਨੀ ਦੇ ਅੰਦਰ ਔਲ ਦਾ ਗ਼ਲਤ ਸਹੀ ਜਗ੍ਹਾ ‘ਤੇ ਜੁੜੇ ਹੋਣਾ (ਪਲੇਸੈਂਟਾ ਪ੍ਰੀਵੀਆ)।
* ਵਡੇਰੀ ਉਮਰ ਵਿੱਚ ਗਰਭ ਧਾਰਣ, ਜਿਸ ਦਾ ਪਤਾ ਹੀ ਨਾ ਲੱਗੇ ਤੇ ਕੁਝ ਸਮੇਂ ਪਿੱਛੋਂ ਖ਼ੂਨ ਪੈਣ ਲੱਗ ਪਵੇ।
ਦਵਾਈਆਂ ਤੇ ਹਾਰਮੋਨਜ਼ ਵਰਤਣ  ਨਾਲ:
* ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ (ਐਂਟੀ-ਕੋਐਗੂਲੈਂਟਸ) ਲੈਣ ਨਾਲ। ਇਸ ਲਈ ਸਰੀਰ ਦੇ ਕਿਸੇ ਵੀ ਹਿੱਸੇ ‘ਚੋਂ ਖ਼ੂਨ ਵਗਦਾ ਹੋਵੇ ਤਾਂ ਐਸਪਰੀਨ ਨਹੀਂ ਖਾਣੀ ਚਾਹੀਦੀ।
* ਮਨੋਰੋਗਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ।
* ‘ਸਟੀਰੌਇਡ’ ਦਵਾਈਆਂ ਜੋ ਦਮੇ ਦੇ ਰੋਗੀ ਜਾਂ ਚਮੜੀ ਰੋਗਾਂ ਜਾਂ ਅੰਗ ਬਦਲੀ ਵਾਲੇ ਰੋਗੀ ਲੈਂਦੇ ਹਨ।
* ਹਾਰਮੋਨਜ਼ ਵਾਲੀਆਂ ਦਵਾਈਆਂ।
* ਇਕੱਲੇ ਪਰੋਜੈਸਟਰੌਨ ਹਾਰਮੋਨ ਵਾਲੀਆਂ ਗਰਭ ਨਿਰੋਧਕ ਗੋਲੀਆਂ।
* ਇੱਕ ਹੋਰ ਦਵਾ ‘ਟੈਮੋਕਸੀਫੈਨ’ ਜੋ ਛਾਤੀ ਦੇ ਕੈਂਸਰ ਦੇ ਇਲਾਜ ਵਜੋਂ ਵਰਤੀ ਜਾਂਦੀ ਹੈ।
* ਇਲਾਜ ਵਜੋਂ ਥਾਇਰੌਇਡ ਹਾਰਮੋਨ ਗੋਲੀਆਂ।
ਖ਼ੂਨ ਦੇ ਨੁਕਸ ਜਿਨ੍ਹਾਂ ਵਿੱਚ ਖ਼ੂਨ ਜੰਮਣ ਦੀ ਸਮੱਸਿਆ ਹੁੰਦੀ ਹੈ ਜਿਵੇਂ:
* ਐਕਿਊਟ ਲਿਊਕੀਮੀਆ- ਛੋਟੀ ਉਮਰੇ ਹੋਣ ਵਾਲਾ ਖ਼ੂਨ ਦਾ ਕੈਂਸਰ।
* ਡੇਂਗੂ ਬੁਖ਼ਾਰ ਜਿਸ ਨਾਲ ਖ਼ੂਨ ਦੇ ਪਲੇਟਲੈਟ ਸੈੱਲ ਘਟ ਜਾਣ।
* ਜਿਗਰ ਰੋਗ ਜਿਸ ਕਾਰਨ ਖ਼ੂਨ ਜੰਮਾਉਣ ਵਾਲੇ ਤੱਤਾਂ (ਵਿਟਾਮਿਨ ‘ਕੇ’ ਤੇ ਪ੍ਰੋਟੀਨਜ਼) ਦੀ ਕਮੀ ਹੋ ਜਾਂਦੀ ਹੈ।
ਜਨਣ-ਅੰਗਾਂ ਦੇ ਨੁਕਸ:
* ਬੱਚੇ ਦਾਨੀ ਦੇ ਮੂੰਹ- ਸਰਵਿਕਸ ਦੀ ਇਨਫੈਕਸ਼ਨ (ਸਰਵੇਸਾਇਟਿਸ)।
* ਬੱਚੇ ਦਾਨੀ ਦੀ ਇਨਫੈਕਸ਼ਨ (ਐਂਡੋ-ਮੈਟਰਾਇਟਿਸ)।
* ਟਿਊਬਾਂ ਦੀ ਇਨਫੈਕਸ਼ਨ (ਸੈਲਪਿੰਜਾਇਟਿਸ)।
* ਬੱਚੇਦਾਨੀ ਦੇ ਅੰਦਰ ਰੱਖਣ ਵਾਲੇ ਗਰਭਨਿਰੋਧਕ ਜਿਵੇਂ ‘ਕਾਪਰ ਟੀ’।
ਡਾ. ਮਨਜੀਤ ਸਿੰਘ ਬੱਲ
ਡਾ. ਮਨਜੀਤ ਸਿੰਘ ਬੱਲ
* ਔਰਤ ਦੇ ਜਨਣ ਅੰਗਾਂ (ਯੂਟਰਸ, ਸਰਵਿਕਸ, ਓਵਰੀ ਤੇ ਟਿਊਬ ਆਦਿ) ਵਿੱਚ ਕੈਂਸਰ ਹੋਣਾ। ਜੇ ਸੰਭੋਗ ਤੋਂ ਬਾਅਦ ਖ਼ੂਨ ਪਵੇ ਤਾਂ ਸਮਝਣਾ ਚਾਹੀਦਾ ਹੈ ‘ਸਰਵਿਕਸ’ ਦਾ ਕੈਂਸਰ ਹੋ ਸਕਦਾ ਹੈ ਤੇ ਬਿਨਾਂ ਦੇਰੀ ਦੇ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਕੈਂਸਰ ਦੇ ਰੋਗੀ ਨੂੰ ਖ਼ੂਨ-ਮਿਲਿਆ ਬਦਬੋ ਵਾਲਾ ਤਰਲ ਨਿਕਲਣ ਦੀ ਸ਼ਿਕਾਇਤ ਰਹਿੰਦੀ ਹੈ। ਭੁੱਖ ਅਤੇ ਭਾਰ ਘਟ ਜਾਂਦੇ ਹਨ, ਖ਼ੂਨ ਦੀ ਕਮੀ ਤੇ ਕੈਂਸਰ ਕਰਕੇ ਥਕਾਵਟ, ਕਮਜ਼ੋਰੀ ਤੇ ਸਰੀਰ ਨਿਢਾਲ ਜਿਹਾ ਰਹਿੰਦਾ ਹੈ। ਸਰਵਿਕਸ ਕੈਂਸਰ ਦੇ ਸਕਰੀਨਿੰਗ ਟੈਸਟ ਨੂੰ ਪੈਪ ਟੈਸਟ ਕਹਿੰਦੇ ਹਨ ਤੇ 40 ਸਾਲ ਦੀ ਉਮਰ ਤੋਂ ਬਾਅਦ ਇਹ ਟੈਸਟ ਹਰ ਸਾਲ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਇਸ ਦਾ ਸ਼ੁਰੂ ਵਾਲੇ ਪੜਾਅ ‘ਤੇ ਹੀ ਪਤਾ ਲਗਾ ਲਿਆ ਜਾਵੇ ਤਾਂ ਕਾਫ਼ੀ ਹੱਦ ਤਕ ਇਲਾਜ ਸੰਭਵ ਹੈ।
ਇਸੇ ਤਰ੍ਹਾਂ ਜੇਕਰ 45-50 ਸਾਲ ਦੀ ਉਮਰ ਵਿੱਚ ਮਾਹਵਾਰੀ ਮੁਕੰਮਲ ਬੰਦ ਹੋ ਜਾਣ ਤੋਂ ਬਾਅਦ ਫਿਰ ਖ਼ੂਨ ਪੈਣਾ ਸ਼ੁਰੂ ਹੋ ਜਾਵੇ ਤਾਂ ਇਹ ਵੀ ਖ਼ਤਰੇ ਦੀ ਨਿਸ਼ਾਨੀ ਹੈ ਕਿਉਂਕਿ ਅਜਿਹਾ ਬੱਚੇਦਾਨੀ (ਯੂਟਰਸ) ਦੇ ਕੈਂਸਰ ਵਿੱਚ ਹੁੰਦਾ ਹੈ। ਓਵਰੀ ਦੇ ਕੁਝ ਕੈਂਸਰ ਜਵਾਨੀ ਵਾਲੀ ਉਮਰ ਵਿੱਚ ਵੀ ਹੁੰਦੇ ਹਨ। ਜਿੰਨੀ ਘੱਟ ਉਮਰ ਵਿੱਚ ਕੈਂਸਰ ਹੋਵੇਗਾ, ਓਨਾ ਹੀ ਖ਼ਤਰਨਾਕ ਹੋਵੇਗਾ।
ਅੰਡ-ਕੋਸ਼ (ਓਵਰੀ) ਦੀਆਂ ਪਾਣੀ ਦੇ ਗੁਬਾਰੇ ਵਰਗੀਆਂ (ਸਿਸਟਿਕ) ਰਸੌਲੀਆਂ-
ਬੱਚੇਦਾਨੀ ਦੀਆਂ ਕੈਂਸਰ-ਰਹਿਤ ਰਸੌਲੀਆਂ (ਫਾਇਬਰਾਇਡ): ਇਹ ਕੈਂਸਰ ਦੀਆਂ ਰਸੌਲੀਆਂ ਨਹੀਂ ਹੁੰਦੀਆਂ। ਆਮ ਹੀ ਪਾਈਆਂ ਜਾਣ ਵਾਲੀਆਂ ਇਹ ਰਸੌਲੀਆਂ, ਜੋ 35 ਤੋਂ 45 ਸਾਲ ਦੀ ਉਮਰ ਦੇ ਆਸ-ਪਾਸ ਹੁੰਦੀਆਂ ਹਨ ਤੇ ਤਕਰੀਬਨ 70 ਫ਼ੀਸਦੀ ਔਰਤਾਂ ਵਿੱਚ ਬਣ ਜਾਂਦੀਆਂ ਹਨ। ਇਨ੍ਹਾਂ ਕਰਕੇ ਬੇ-ਤਰਤੀਬੀ ਤੇ ਕਾਫ਼ੀ ਜ਼ਿਆਦਾ ਮਾਹਵਾਰੀ, ਬਾਂਝ-ਪਣ, ਧੁੰਨੀ ਤੋਂ ਹੇਠਾਂ ਪੀੜ, ਪੇਟ ਦੇ ਹੇਠਲੇ ਹਿੱਸੇ ਵਿੱਚ ਭਾਰੀ-ਪਣ ਅਤੇ ਕਈ ਵਾਰ ਇਨ੍ਹਾਂ ਦਾ ਦਬਾਅ ਪੈਣ ਨਾਲ ਪਿਸ਼ਾਬ ਪ੍ਰਣਾਲੀ ਤੇ ਅੰਤੜੀਆਂ ਦੀਆਂ ਸਮੱਸਿਆਵਾਂ ਦੇ ਲੱਛਣ ਹੁੰਦੇ ਹਨ।
ਐਂਡੋਮੈਟਰੀਓਸਿਸ: ਬੱਚੇ-ਦਾਨੀ ਦੇ ਅੰਦਰ ਵਾਲੇ ਸੈਲ (ਐਂਡੋਮੈਟਰੀਅਮ) ਹਰ ਮਹੀਨੇ ਝੜਦੇ ਤੇ ਨਵੇਂ ਆਉਂਦੇ ਰਹਿੰਦੇ ਹਨ ਤੇ ਜਿਨ੍ਹਾਂ ਕਰਕੇ ਸਾਧਾਰਨ (ਨਾਰਮਲ) ਮਾਹਵਾਰੀ ਦਾ ਖ਼ੂਨ ਪੈਂਦਾ ਹੈ। ਕਈਆਂ ਔਰਤਾਂ ਵਿੱਚ ਇਹ ਸੈੱਲ ਬੱਚੇ-ਦਾਨੀ ਦੀ ਪੱਠਿਆਂ ਵਾਲੀ ਤਹਿ ਵਿੱਚ (ਮਾਇਓ-ਮੈਟਰੀਅਮ) ਸਥਾਪਿਤ ਹੋ ਜਾਂਦੇ ਹਨ। ਇਨ੍ਹਾਂ ਔਰਤਾਂ ਵਿੱਚ ਜਦੋਂ ਮਾਹਵਾਰੀ ਦੇ ਦਿਨ ਹੁੰਦੇ ਹਨ ਤਾਂ ਪੇਟ ਦੇ ਹੇਠਲੇ ਹਿੱਸੇ ਵਿੱਚ ਬਹੁਤ ਪੀੜ ਹੁੰਦੀ ਹੈ। ਇਸ ਲਈ ਐਂਡੋ-ਮੈਟਰੀਓਸਿਸ ਤੋਂ ਭਾਵ ਹੈ ਯੂਟਰਸ ਦੇ ਪੱਠਿਆਂ ਵਿੱਚ ਗਲੈਂਡਸ ਦਾ ਹੋਣਾ। ਇਹ ਕੈਂਸਰ ਨਹੀਂ ਹੁੰਦਾ ਪਰ ਹਰ ਮਹੀਨੇ ਮਾਹਵਾਰੀ ਦੇ ਦੌਰਾਨ ਔਰਤ ਨੂੰ ਬਹੁਤ ਤਕਲੀਫ਼ ਰਹਿੰਦੀ ਹੈ। ਜਦੋਂ ਦਵਾਈਆਂ ਆਦਿ ਨਾਲ ਇਹ ਮਸਲਾ ਹੱਲ ਨਾ ਹੋਵੇ ਤਾਂ ਹਿਸਟਰੈਕਟਮੀ (ਵੱਡੇ ਅਪ੍ਰੇਸ਼ਨ ਨਾਲ ਬੱਚੇਦਾਨੀ ਨੂੰ ਕੱਢ ਦੇਣ) ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ।
ਬੱਚੀਆਂ ਵਿੱਚ ਜਾਂ ਮਾਹਵਾਰੀ ਸ਼ੁਰੂ ਹੋਣ ਦੀ ਉਮਰ ਤੋਂ ਪਹਿਲਾਂ ਅਸਾਧਾਰਨ ਖ਼ੂਨ ਪੈਣ ਦੇ ਕਾਰਨ ਹਨ: ਬਲਾਤਕਾਰ, ਲੜਾਈ-ਝਗੜੇ ਜਾਂ ਦੁਰਘਟਨਾ ਦੌਰਾਨ ਗੁਪਤ-ਅੰਗਾਂ ‘ਤੇ ਸੱਟ ਲੱਗ ਜਾਣਾ, ਬੱਚਿਆਂ ‘ਚ ਹੋਣ ਵਾਲੇ ਗੁਪਤ ਅੰਗਾਂ ਦੇ ਕੈਂਸਰ। ਅਜਿਹੇ ਕੇਸਾਂ ਦੀ ਜਾਂਚ ਲਈ ਬੇਹੋਸ਼ੀ ਦੀ ਦਵਾਈ (ਐਨਾਸਥੀਜ਼ੀਆ) ਦੇ ਕੇ ਬੱਚੇ ਦੀ ‘ਅੰਦਰੋਂ’ ਮੁਆਇਨਾ ਕੀਤਾ ਜਾਂਦਾ ਹੈ। ਤਕਰੀਬਨ 55 ਫ਼ੀਸਦੀ ਕੇਸਾਂ ਵਿੱਚ ਜਨਣ ਅੰਗਾਂ ਦੀ ਹੀ ਕੋਈ ਸਮੱਸਿਆ ਹੁੰਦੀ ਹੈ ਤੇ ਇਨ੍ਹਾਂ ਵਿੱਚੋਂ 21 ਫ਼ੀਸਦੀ ਵਿੱਚ ਬੱਚੀਆਂ ਦੇ ਕੈਂਸਰ ਹੋ ਸਕਦੇ ਹਨ।
ਸਾਲ 1993-94 ਦੌਰਾਨ ਮਹਾਰਾਸ਼ਟਰ ਵਿੱਚ ਪੂਨੇ ਕੋਲ ਸਥਿੱਤ ਦਿਮਾਗ਼ੀ ਤੌਰ ਉੱਤੇ ਅਪੰਗ ਬੱਚਿਆਂ ਦੀ ਸੰਸਥਾ ‘ਸ਼ਿਰੂਰ ਹੋਮ’ ਵਿੱਚ 17 ਲੜਕੀਆਂ ਦੀਆਂ ਬੱਚੇਦਾਨੀਆਂ ਇਸ ਲਈ ਸਰਜਰੀ ਰਾਹੀਂ ਕੱਢ ਦਿੱਤੀਆਂ ਗਈਆਂ ਸਨ (ਹਿਸਟਰੈਕਟਮੀਜ਼) ਕਿ ਦਿਮਾਗੀ ਸੂਝ-ਬੂਝ ਤੋਂ ਸੱਖਣੀਆਂ ਉਹ ਲੜਕੀਆਂ ਵਧੇਰੇ ਮਹਾਵਰੀ ਦੌਰਾਨ ਆਪਣੇ-ਆਪ ਨੂੰ ਸੰਭਾਲ ਨਹੀਂ ਸਨ ਸਕਦੀਆਂ ਅਤੇ ਨਿੱਜੀ ਸਾਫ਼-ਸਫ਼ਾਈ (ਪਰਸਨਲ ਹਾਈਜੀਨ) ਦੀ ਸਮੱਸਿਆ ਸੀ। ਇਹ ਮਾਮਲਾ ਮਨੁੱਖੀ ਅਧਿਕਾਰ ਰਾਹੀਂ ਬੰਬੇ ਹਾਈ ਕੋਰਟ ਵਿੱਚ ਰਿਹਾ ਜਦੋਂਕਿ ਸੰਸਥਾ ਨੇ ਕਿਹਾ ਕਿ ਉਸ ਨੇ ਸਰਕਾਰੀ ਪ੍ਰਵਾਨਗੀ ਤੋਂ ਬਾਅਦ ਹੀ ਇਹ ਅਪ੍ਰੇਸ਼ਨ ਕੀਤੇ ਸਨ। ਸਾਡੀ ਟੀਮ ਦੁਆਰਾ ਹਿਸਟਰੈਕਟਮੀ ਦੇ ਵਿਸ਼ੇ ‘ਤੇ ਇੱਕ ਅਧਿਅਨ ਕੀਤਾ ਗਿਆ ਜੋ ਅਪ੍ਰੇਸ਼ਨ ਤੋਂ ਬਾਅਦ ਪੈਥਾਲੋਜੀ ਜਾਂਚ ਵਾਸਤੇ ਪ੍ਰਾਪਤ ਕੀਤੇ ਗਏ ਬੱਚੇਦਾਨੀ ਦੇ ਸੈਂਪਲਾਂ ‘ਤੇ ਆਧਾਰਿਤ ਸੀ। ਇਨ੍ਹਾਂ ਵਿੱਚ ਸਭ ਤੋਂ ਵੱਧ ਕੇਸ ਫਾਇਬਰਾਇਡ ਦੇ ਸਨ। ਕੈਂਸਰ, ਲੰਮੇ ਸਮੇਂ ਤੋਂ ਬੇਹਿਸਾਬਾ ਖ਼ੂਨ ਪੈਣਾ, ਐਂਡੋ-ਮੈਟਰੀਓਸਿਸ ਅਤੇ ਅੰਡ-ਕੋਸ਼ਾਂ ਦੀਆਂ ਰਸੌਲੀਆਂ ਆਦਿ ਮੁੱਖ ਕਾਰਨ ਪਾਏ ਗਏ ਸਨ। ਅਪ੍ਰੇਸ਼ਨ ਤੋਂ ਪਹਿਲਾਂ ਅੱਜ-ਕੱਲ੍ਹ ਕਈ ਤਰ੍ਹਾਂ ਦੀਆਂ ਤਫ਼ਤੀਸ਼ਾਂ ਉਪਲਭਦ ਹਨ ਫਿਰ ਵੀ ਕਿਸੇ ਵਿਰਲੇ ਕੇਸ ਵਿੱਚ ਭਰੂਣ ਵੀ ਮਿਲ ਜਾਂਦਾ ਹੈ। ਇਨ੍ਹੀਂ ਦਿਨੀਂ ਜਾਂਚ ਵਾਸਤੇ ਕਾਫ਼ੀ ਹਿਸਟਰੈਕਟਮੀ ਸਪੈਸੀਮਨਜ਼ ਆ ਰਹੇ ਹਨ।
ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ:
× ਆਪਣੇ ਸਰੀਰ ਅਤੇ ਗੁਪਤ-ਅੰਗਾਂ ਦੀ ਸਾਫ਼-ਸਫ਼ਾਈ ਵੱਲ ਖ਼ਾਸ ਧਿਆਨ ਦਿਓ।
× ਸੰਤੁਲਿਤ ਤੇ ਪੌਸ਼ਟਿਕ ਭੋਜਨ ਖਾਓ ਤਾਂ ਕਿ ਬਿਮਾਰੀਆਂ ਦੇ ਖ਼ਿਲਾਫ਼ ਲੜਨ ਸਰੀਰ ਤਕੜਾ ਰਹੇ।
× ਕਿਸੇ ਬੱਚੀ, ਜਵਾਨ ਜਾਂ ਵੱਡੀ ਔਰਤ ਨੂੰ ਜੇਕਰ ਅਸਾਧਾਰਨ ਖ਼ੂਨ ਪਵੇ ਤਾਂ ਸੰਗ-ਸ਼ਰਮ ਦੀ ਵਜ੍ਹਾ ਕਰਕੇ ਵਕਤ ਨਾ ਗਵਾਓ। ਬਿਨਾਂ ਦੇਰੀ ਡਾਕਟਰ ਕੋਲੋਂ ਜਾਂਚ ਤੇ ਇਲਾਜ ਕਰਵਾਓ।
× ਘਰੇਲੂ ਟੋਟਕੇ ਅਜ਼ਮਾਉਣ ਵਿੱਚ ਵਕਤ ਖ਼ਰਾਬ ਨਾ ਕਰੋ।
ਡਾ. ਮਨਜੀਤ ਸਿੰਘ ਬੱਲ
98728-43491