ਕੋਲਕਾਤਾ: ਭਾਰਤੀ ਟੀਮ ਦੇ ਸਾਬਕਾ ਦਿੱਗਜ ਕਪਤਾਨ ਸੌਰਵ ਗਾਂਗੁਲੀ ਨੂੰ ਇਕ ਗੁਮਨਾਮ ਚਿੱਠੀ ਰਾਹੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਗੱਲ ਦੀ ਜਾਣਕਾਰੀ ਸੌਰਵ ਗਾਂਗੁਲੀ ਨੇ ਖੁਦ ਕੋਲਕਾਤਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਗਾਂਗੁਲੀ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 7 ਜਨਵਰੀ ਨੂੰ ਉਨ੍ਹਾਂ ਦੇ ਘਰ ਇਕ ਚਿੱਠੀ ਆਈ ਸੀ, ਪਰ ਇਹ ਚਿੱਠੀ ਕਿਸ ਵਿਅਕਤੀ ਨੇ ਭੇਜੀ ਇਸ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਹੈ।
ਆਖਰਕਾਰ ਕਿਸ ਨੇ ਦਿੱਤੀ ਗਾਂਗੁਲੀ ਨੂੰ ਧਮਕੀ : ਗਾਂਗੁਲੀ ਨੇ ਦੱਸਿਆ ਕਿ ਚਿੱਠੀ ‘ਚ ਲਿਖਿਆ ਗਿਆ ਹੈ ਕਿ ਜੇਕਰ ਉਹ 19 ਜਨਵਰੀ ਨੂੰ ਪੱਛਮੀ ਮੇਦਿਨੀਪੁਰ ਦੇ ਵਿਦਿਆਸਾਗਰ ਯੂਨੀਵਰਸਿਟੀ ‘ਚ ਹੋਣ ਵਾਲੇ ਖੇਡ ਪ੍ਰੋਗਰਾਮ ‘ਚ ਸ਼ਾਮਲ ਹੋਏ ਤਾਂ ਉਹ ਵਾਪਸ ਨਹੀਂ ਪਰਤ ਸਕਣਗੇ। ਗਾਂਗੁਲੀ ਦੇ ਨਾਲ ਘਟੀ ਇਸ ਘਟਨਾ ਦੀ ਜਾਣਕਾਰੀ ਪ੍ਰੋਗਰਾਮ ਦੇ ਆਯੋਜਕਾਂ ਨੂੰ ਵੀ ਦੇ ਦਿੱਤੀ ਗਈ ਹੈ। ਸੌਰਵ ਨੇ ਹਾਲੇ ਤਕ ਤੈਅ ਨਹੀਂ ਕੀਤਾ ਹੈ ਕਿ ਉਹ 19 ਜਨਵਰੀ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਜਾਂ ਨਹੀਂ। ਗਾਂਗੁਲੀ ਨੂੰ ਇਸ ਤਰ੍ਹਾਂ ਦੀ ਧਮਕੀ ਮਿਲਣ ਦੀ ਜਾਂਚ ਕੋਲਕਾਤਾ ਪੁਲਿਸ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਨੂੰ ਕਿਸ ਸੰਗਠਨ ਦੇ ਵਲੋਂ ਮਿਲੀ ਹੈ ਜਾਂ ਫ਼ਿਰ ਕਿਸੇ ਵਿਅਕਤੀ ਤੋਂ ਮਿਲੀ ਹੈ। ਗਾਂਗੁਲੀ ਨੂੰ ਧਮਕੀ ਮਿਲਣ ਤੋਂ ਬਾਅਦ ਉਸ ਦੇ ਪਰਿਵਾਰ ‘ਚ ਸਨਸਨੀ ਫ਼ੈਲੀ ਹੋਈ ਹੈ।












