ਆਖ਼ਿਰ ਕੌਣ ਹੋਵੇਗਾ ਭਾਰਤੀ ਟੀਮ ਦਾ ਉੱਪ ਕਪਤਾਨ? ਇਨ੍ਹਾਂ ਖਿਡਾਰੀਆਂ ‘ਤੇ ਹੋਣਗੀਆਂ ਨਜ਼ਰਾਂ

ਨਵੀਂ ਦਿੱਲੀ: ਭਾਰਤੀ ਟੀਮ 15 ਜਨਵਰੀ ਤੋਂ ਇੰਗਲੈਂਡ ਨਾਲ 3 ਇਕ ਰੋਜ਼ਾ ਅਤੇ 3 ਟੀ-ਟਵੰਟੀ ਸੀਰੀਜ਼ ਖੇਡਣ ਉਤਰੇਗੀ। ਟੀਮ ਦੀ ਕਮਾਨ ਇਸ ਵਾਰ ਵਿਰਾਟ ਕੋਹਲੀ ਦੇ ਹੱਥ ‘ਚ ਹੋਵੇਗੀ। ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਵਿਰਾਟ ਕਿਸ ਤਰ੍ਹਾਂ ਨਾਲ ਟੀਮ ਨੂੰ ਲੀਡ ਕਰੇਗਾ ਕਿਉਂਕਿ ਮੈਚ ਨੂੰ ਇਕ ਓਵਰ ‘ਚ ਪਲਟਣ ਵਾਲੇ ਮਹਿੰਦਰ ਸਿੰਘ ਧੋਨੀ ਟੀਮ ਦੀ ਕਪਤਾਨੀ ਛੱਡ ਚੁੱਕੇ ਹਨ। ਬੀ. ਸੀ. ਸੀ. ਆਈ. ਨੇ ਵਿਰਾਟ ਕੋਹਲੀ ਨੂੰ ਟੀਮ ਦੀ ਕਮਾਨ ਦੇ ਕੇ ਪਹਿਲਾ ਇਕ ਰੋਜ਼ਾ ਮੈਚ ਦਿਲਚਸਪ ਬਣਾਇਆ ਹੈ ਕਿਉਂਕਿ ਧੋਨੀ ਇਕ ਖਿਡਾਰੀ ਦੇ ਨਾਤੇ ਮੈਦਾਨ ‘ਤੇ ਉਤਰਨਗੇ। ਹੁਣ ਸਵਾਲ ਇਹ ਉਠਦਾ ਹੈ ਕਿ ਆਖਿਰ ਵਿਰਾਟ ਨਾਲ ਉੱਪ-ਕਪਤਾਨ ਦੇ ਤੌਰ ‘ਤੇ ਕਿਹੜਾ ਖਿਡਾਰੀ ਸਾਹਮਣੇ ਹੋਵੇਗਾ। ਭਾਰਤੀ ਟੀਮ ਵੱਲੋਂ 3 ਅਜਿਹੇ ਖਿਡਾਰੀ ਹਨ ਜੋ ਆਉਣ ਵਾਲੇ ਸਮੇਂ ‘ਚ ਉੱਪ-ਕਪਤਾਨੀ ਦਾ ਅਹੁਦਾ ਸੰਭਾਲਣ ਦੀ ਦਾਅਵੇਦਾਰੀ ਰੱਖਦੇ ਹਨ –
1. ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਇਸ ਸਮੇਂ ਭਾਰਤੀ ਟੀਮ ਤੋਂ ਬਾਹਰ ਹਨ, ਪਰ ਟੀਮ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਸਾਲ 2016 ‘ਚ ਰੋਹਿਤ ਭਾਰਤੀ ਟੀਮ ਵੱਲੋਂ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਅਤੇ ਇਸ ਦੌਰਾਨ ਵਿਰਾਟ ਕੋਹਲੀ ਨਾਲ ਮਿਲ ਕੇ ਉਨ੍ਹਾਂ ਨੇ ਭਾਰਤੀ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਇਕ ਰੋਜ਼ਾ ਮੈਚ ‘ਚ 2 ਵਾਰ 200 ਦੌੜਾਂ ਦਾ ਸਕੋਰ ਬਣਾਇਆ। ਟੀਮ ‘ਚ ਉਹ ਸੁਰੇਸ਼ ਰੈਨਾ, ਯੁਵਰਾਜ ਸਿੰਘ, ਆਸ਼ੀਸ਼ ਨਹਿਰਾ ਅਤੇ ਧੋਨੀ ਦੇ ਬਾਅਦ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਖਿਡਾਰੀ ਹਨ। ਇਸ ਕਾਰਨ ਰੋਹਿਤ ਦਾ ਉਪ-ਕਪਤਾਨ ਦੇ ਰੂਪ ‘ਚ ਦਾਅਵਾ ਸਭ ਤੋਂ ਜ਼ਿਆਦਾ ਮਜ਼ਬੂਤ ਨਜ਼ਰ ਆ ਰਿਹਾ ਹੈ।
2. ਰਵੀਚੰਦਰਨ ਅਸ਼ਵਿਨ
ਹਾਲ ‘ਚ ਅਸ਼ਵਿਨ ਨੇ ਕੋਹਲੀ ਦੀ ਕਪਤਾਨੀ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਅਤੇ ਟੈਸਟ ਕ੍ਰਿਕਟ ‘ਚ ਉਸ ਲਈ ਵਧੀਆ ਸਾਬਿਤ ਹੋਏ ਹਨ। ਅਸ਼ਵਿਨ ਨੂੰ ਅੱਜਕਲ ਭਾਰਤੀ ਟੀਮ ‘ਚ ਇਕ ਆਲਰਾਉਂਡਰ ਦੇ ਰੂਪ ‘ਚ ਦੇਖਿਆ ਜਾਣ ਲੱਗਾ ਹੈ ਕਿਉਂਕਿ ਆਲਰਾਉਂਡਰ ਦੀ ਇਮੇਜ਼ ਟੈਸਟ ਕ੍ਰਿਕਟ ਤੱਕ ਹੀ ਸੀਮਿਤ ਹੈ। ਅਜਿਹੇ ‘ਚ ਇਕ ਰੋਜ਼ਾ ਕ੍ਰਿਕਟ ‘ਚ ਵੀ ਉਸ ਰੁਤਬੇ ਨੂੰ ਹਾਸਿਲ ਕਰਨਾ ਅਸ਼ਵਿਨ ਦੇ ਰਡਾਰ ‘ਚ ਹੋਵੇਗਾ। ਇਸ ਲਈ ਅਸ਼ਵਿਨ ਵੀ ਟੀਮ ‘ਚ ਆਪਣੀ ਦਾਅਵੇਦਾਰੀ ਠੋਕ ਸਕਦੇ ਹਨ।
3. ਅਜਿੰਕਯ ਰਹਾਣੇ
ਰਹਾਣੇ ਭਾਰਤੀ ਟੀਮ ‘ਚ ਟੈਸਟ ਕਪਤਾਨ ਦੇ ਰੂਪ ‘ਚ ਯੋਗਦਾਨ ਦੇ ਚੁੱਕੇ ਹਨ, ਜਿਸ ਨੂੰ ਦੇਖਦੇ ਹੋਏ ਇਕ ਰੋਜ਼ਾ ਅਤੇ ਟੀ-ਟਵੰਟੀ ਮੈਚਾਂ ਦੇ ਉਪ-ਕਪਤਾਨ ਦੇ ਲਈ ਉਸ ‘ਤੇ ਵੀ ਨਜ਼ਰਾਂ ਹੋ ਸਕਦੀਆਂ ਹਨ। ਉਨ੍ਹਾਂ ਨੇ ਹੁਣ ਤੱਕ 72 ਇਕ ਰੋਜ਼ਾ ਮੈਚ ਖੇਡੇ ਹਨ ਜਿਸ ‘ਚ ਉਨ੍ਹਾਂ ਨੇ 2236 ਦੌੜਾਂ ਬਣਾਈਆ ਹਨ। ਜੇਕਰ ਉਨ੍ਹਾਂ ਦੇ ਟੀ-ਟਵੰਟੀ ਕੈਰੀਅਰ ‘ਤੇ ਨਜ਼ਰ ਪਾਈਏ ਤਾਂ ਉਨ੍ਹਾਂ ਨੇ 20 ਟੀ-ਟਵੰਟੀ ਮੈਚ ਖੇਡੇ ਹਨ ਜਿਸ ‘ਚ ਉਨ੍ਹਾਂ ਨੇ 375 ਦੌੜਾਂ ਜੋੜੀਆ ਹਨ। ਇੰਗਲੈਂਡ ਦੀ ਟੈਸਟ ਸੀਰੀਜ਼ ‘ਚ ਵੀ ਉਸ ਦਾ ਪ੍ਰਦਰਸ਼ਨ ਠੀਕ ਰਿਹਾ। ਉਸ ਦੇ ਹੁਨਰ ਨੂੰ ਦੇਖਦੇ ਹੋਏ ਜੇਕਰ ਉਸ ਨੂੰ ਭਾਰਤੀ ਟੀਮ ਦਾ ਉੱਪ-ਕਪਤਾਨ ਬਣਾ ਦਿੱਤਾ ਜਾਵੇ ਤਾਂ ਇਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।