ਸਲਮਾਨ ਖ਼ਾਨ ਅਤੇ ਕਰਨ ਜੌਹਰ ਦੀ ਪਹਿਲੀ ਫ਼ਿਲਮ ਵਿੱਚ ਅਕਸ਼ੈ ਕੁਮਾਰ ਬਤੌਰ ਹੀਰੋ ਕੰਮ ਕਰਨ ਜਾ ਰਹੇ ਹਨ। ਬਾਲੀਵੁੱਡ ਬਾਰੇ ਮਸ਼ਹੂਰ ਹੈ ਕਿ ਇਥੇ ਕੋਈ ਕਿਸੇ ਦਾ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ। ਪਰ 2017 ਵਿੱਚ ਬਾਲੀਵੁੱਡ ਦੇ ਜਿਹੜੇ ਸਮੀਕਰਣ ਸਾਹਮਣੇ ਆਉਣੇ ਸ਼ੁਰੂ ਹੋਏ ਹਨ ਉਸ ਦੀ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਹੀ ਕਾਰਨ ਹੈ ਕਿ 2017 ਦੀ ਸ਼ੁਰੂਆਤ ਦੀ ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਕਸ਼ੈ ਕੁਮਾਰ ਅਤੇ ਸਲਮਾਨ ਖ਼ਾਨ ਵਿੱਚਾਲ਼ੇ ਜ਼ਬਰਦਸਤ ਮੁਕਾਬਲਾ ਰਿਹਾ ਹੈ ਜਦਕਿ ਕਰਨ ਜੌਹਰ ਅਤੇ ਸ਼ਾਹਰੁਖ਼ ਖ਼ਾਨ ਦੀ ਦੋਸਤੀ ਜਗ ਜ਼ਾਹਿਰ ਹੈ। ਪਰ 2017 ਦੇ ਸ਼ੁਰੂ ਵਿੱਚ ਹੀ ਸਲਮਾਨ ਖ਼ਾਨ ਅਤੇ ਕਰਨ ਜੌਹਰ ਨੇ ਮਿਲ ਕੇ ਪਹਿਲੀ ਫ਼ਿਲਮ ਬਣਾਉਣ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਵੀ ਵੱਧ ਹੈਰਾਨੀਜਨਕ ਗੱਲ ਇਹ ਹੈ ਕਿ ਸਲਮਾਨ ਖ਼ਾਨ ਵਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੇ ਹੀਰੋ ਅਕਸ਼ੈ ਕੁਮਾਰ ਹੋਣਗੇ ਜਦਕਿ ਇਸ ਅਨਾਮ ਫ਼ਿਲਮ ਦਾ ਨਿਰਦੇਸ਼ਨ ‘ਪੰਜਾਬ 1984’, ‘ਜੱਟ’ ਅਤੇ ‘ਜੱਟ 2’ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਅਨੁਰਾਗ ਸਿੰਘ ਕਰਨਗੇ। ਇਸ ਫ਼ਿਲਮ ਦੀ ਸ਼ੂਟਿੰਗ ਜੁਲਾਈ 2017 ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਇਹ ਫ਼ਿਲਮ 2018 ਵਿੱਚ ਸਿਨੇਮਾਘਰਾਂ ਵਿੱਚ ਪਹੁੰਚੇਗੀ। ਇਸ ਫ਼ਿਲਮ ਦਾ ਐਲਾਨ ਕਰਦਿਆਂ ਸਲਮਾਨ ਖ਼ਾਨ ਨੇ ਕਿਹਾ, ‘ਨਵੇਂ ਸਾਲ ਦੇ ਜਸ਼ਨ ਮੌਕੇ ਮੈਂ ਆਪਣੇ ਮਿੱਤਰ ਅਤੇ ਸਫ਼ਲ ਕਲਾਕਾਰ ਅਕਸ਼ੈ ਕੁਮਾਰ ਦੇ ਨਾਲ ਜੁੜ ਰਿਹਾ ਹਾਂ। ਅਕਸ਼ੇ ਕੁਮਾਰ ਲਾਜਵਾਬ ਕਲਾਕਾਰ ਦੇ ਰੂਪ ਵਿੱਚ ਲਗਾਤਾਰ ਅੱਗੇ ਵੱਧ ਰਹੇ ਹਨ। ਮੈਂ ਕਰਨ ਜੌਹਰ ਨਾਲ ਮਿਲ ਕੇ ਇਕ ਫ਼ਿਲਮ ਦਾ ਨਿਰਮਾਣ ਕਰ ਰਿਹਾ ਹਾਂ ਜਿਸ ਵਿੱਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਨਿਭਾਉਣਗੇ। ਮੈਂ ਇਸ ਗੱਲ ਤੋਂ ਉਤਸ਼ਾਹਿਤ ਹਾਂ ਕਿ ਮੇਰੀ ਇਸ ਨਵੀਂ ਫ਼ਿਲਮ ਨਾਲ ਮੈਂ, ਕਰਨ ਜੌਹਰ ਅਤੇ ਅਕਸ਼ੇ ਕੁਮਾਰ ਤਿੰਨੋਂ ਇਕੱਠੇ ਕੰਮ ਕਰਨ ਜਾ ਰਹੇ ਹਾਂ।’ ਅਕਸ਼ੈ ਕੁਮਾਰ ਤਾਂ ਕੇਪ ਟਾਊਨ ਵਿੱਚ ਹੈ ਪਰ ਉਸ ਨੇ ਉਥੋਂ ਹੀ ਖ਼ੁਸ਼ੀ ਭਰਿਆ ਸੁਨੇਹਾ ਭੇਜਿਆ ਹੈ। ‘ਮੈਂ ਇਸ ਨਾਲ ਬਿਹਤਰੀਨ 2017 ਦੀ ਸ਼ੁਰੂਆਤ ਦੀ ਕਲਪਨਾ ਨਹੀਂ ਕਰ ਸਕਦਾ ਸੀ।’ ਕਰਨ ਜੌਹਰ ਜਦੋਂ ਪਹਿਲੀ ਵਾਰ ਨਿਰਦੇਸ਼ਕ ਬਣਿਆ ਸੀ ਤਾਂ ਉਸ ਨੇ ਸਲਮਾਨ ਖ਼ਾਨ ਨੂੰ ਲੈ ਕੇ ਫ਼ਿਲਮ ‘ਕੁਛ ਕੁਛ ਹੋਤਾ ਹੈ’ ਦਾ ਨਿਰਦੇਸ਼ਨ ਕੀਤਾ ਸੀ। ਉਸ ਤੋਂ ਬਾਅਦ ਸਲਮਾਨ ਖ਼ਾਨ ਦੀ ਬਜਾਏ ਕਰਨ ਸ਼ਾਹਰੁਖ਼ ਖ਼ਾਨ ਵੱਲ ਮੁੜ ਗਿਆ ਤੇ ਹੁਣ ਉਹ ਸਲਮਾਨ ਨਾਲ ਜੁੜਿਆ ਹੈ ਜਦਕਿ ਅਕਸ਼ੈ ਕੁਮਾਰ ਨਾਲ ਮਿਲ ਕੇ ਕਰਨ ਜੌਹਰ ਫ਼ਿਲਮ ‘ਬ੍ਰਦਰਜ਼’ ਦਾ ਨਿਰਮਾਣ ਕਰ ਚੁੱਕਾ ਹੈ।











