ਬਿਪਾਸ਼ਾ ਬਾਸੂ ਵਿਆਹ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਸਬੰਧੀ ਉਹ ਕਹਿੰਦੀ ਹੈ ਕਿ ਫ਼ਿਲਮ ਸਨਅੱਤ ਇਸ ਸਬੰਧੀ ਉਸ ‘ਤੇ ਹਮੇਸ਼ਾਂ ਮਿਹਰਬਾਨ ਰਹੀ ਹੈ ਕਿਉਂਕਿ ਉਹ ਜਿੰਨੀ ਖਾਮੋਸ਼ ਰਹਿੰਦੀ ਹੈ ਤਾਂ ਉਸ ਨੂੰ ਲੈ ਕੇ ਗੱਪਾਂ ਦਾ ਬਾਜ਼ਾਰ ਜ਼ਿਆਦਾ ਗਰਮ ਰਹਿੰਦਾ ਹੈ। ਵਿਆਹ ਤੋਂ ਪਹਿਲਾਂ ਉਸ ਦੇ ਦੂਜਿਆਂ ਨਾਲ ਸਬੰਧਾਂ ਦੀਆਂ ਖ਼ਬਰਾਂ ਛਪਦੀਆਂ ਰਹਿੰਦੀਆਂ ਸਨ। ਹੁਣ ਜਦੋਂ ਕਿ ਉਸ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਕਰਨ ਸਿੰਘ ਗਰੋਵਰ ਨਾਲ ਵਧੀਆ ਪਰਿਵਾਰਕ ਜ਼ਿੰਦਗੀ ਬਤੀਤ ਕਰ ਰਹੀ ਹੈ ਤਾਂ ਖ਼ਬਰਾਂ ਆ ਰਹੀਆਂ ਹਨ ਕਿ ਉਸ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਚਲ ਰਹੀ। ਉਸ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਜ਼ਰਾ ਵੀ ਪ੍ਰੇਸ਼ਾਨ ਨਹੀਂ ਹੁੰਦੀ,ਬਲਕਿ ਉਹ ਆਪਣੀ ਹੀ ਦੁਨੀਆਂ ਵਿੱਚ ਮਸਤ ਰਹਿੰਦੀ ਹੈ। ਉਹ ਇਹ ਮੰਨਦੀ ਹੈ ਕਿ ਉਸ ਨੇ ਦੂਜਿਆਂ ਦੇ ਮੁਕਾਬਲੇ ਆਪਣੇ ਨਿੱਜੀ ਰਿਸ਼ਤਿਆਂ ਨੂੰ ਕਦੇ ਵੀ ਨਹੀਂ ਛੁਪਾਇਆ।
ਬਿਪਾਸ਼ਾ ਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਕਦੇ ਵੀ ਰਲਗੱਡ ਨਹੀਂ ਕੀਤਾ। ਜਦੋਂ ਉਹ ਵਿਆਹ ਬਾਰੇ ਸੋਚ ਰਹੀ ਸੀ ਤਾਂ ਉਸ ਦੀਆਂ ਦੋ ਫ਼ਿਲਮਾਂ ਦੀ ਸ਼ੂਟਿੰਗ ਚਲ ਰਹੀ ਸੀ। ਇਸ ਲਈ ਉਸ ਨੇ ਇਨ੍ਹਾਂ ਨੂੰ ਪੂਰਾ ਕਰਕੇ ਹੀ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ। ਉਹ ਮੰਨਦੀ ਹੈ ਕਿ ਚੰਗੀਆਂ ਫ਼ਿਲਮਾਂ ਉਸ ਦੇ ਹਿੱਸੇ ਘੱਟ ਹੀ ਆਈਆਂ ਹਨ, ਪਰ ਇਹ ਵੀ ਸੱਚ ਹੈ ਕਿ ਉਸ ਨੇ ਆਪਣੀ ਤਰਫ਼ ਤੋਂ ਪੂਰੀ ਮਿਹਨਤ ਕੀਤੀ ਹੈ। ਉਸ ਨੂੰ ਵਿਕਰਮ ਭੱਟ ਦੀ ‘ਕ੍ਰਿਏਚਰ’ ਤੋਂ ਬਹੁਤ ਉਮੀਦਾਂ ਸਨ, ਪਰ ਦਰਸ਼ਕਾਂ ਨੂੰ ਇਹ ਵੀ ਪਸੰਦ ਨਹੀਂ ਆਈ। ਇਨ੍ਹਾਂ ਅਸਫ਼ਲਤਾਵਾਂ ਤੋਂ ਬਾਅਦ ਵੀ ਉਸ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਕੰਮ ਵਿੱਚ ਲੱਗੀ ਰਹਿੰਦੀ ਹੈ।
ਫ਼ਿਟਨੈੱਸ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ਵਿੱਚ ਬਿਪਾਸ਼ਾ ਕਹਿੰਦੀ ਹੈ ਕਿ ਇਸ ਸਮੇਂ ਉਸ ਦੀ ਕਿਸੇ ਵੀ ਫ਼ਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ, ਪਰ ਸ਼ੋਅ ਬਿਜਨਸ ਤਾਂ ਚਲਦਾ ਹੀ ਰਹਿੰਦਾ ਹੈ। ਇਸ ਲਈ ਅੱਜਕੱਲ੍ਹ ਉਹ ਆਪਣੀ ਫ਼ਿਟਨੈੱਸ ਵੀਡਿਓ ‘ਤੇ ਕੰਮ ਕਰ ਰਹੀ ਹੈ। ਵੈਸੇ ਵੀ ਉਹ ਫ਼ਿਟਨੈੱਸ ਵੀਡਿਓ ‘ਤੇ ਉਦੋਂ ਹੀ ਕੰਮ ਕਰਦੀ ਹੈ, ਜਦੋਂ ਉਸ ਦੀ ਕਿਸੇ ਫ਼ਿਲਮ ਦੀ ਸ਼ੂਟਿੰਗ ਨਾ ਹੋਵੇ। ਫ਼ਿਟਨੈੱਸ ਅਤੇ ਕਸਰਤ ਉਸ ਦਾ ਜਨੂੰਨ ਹੈ, ਉਸ ਦੇ ਰੁਝੇਵੇਂ ਕਿੰਨੇ ਵੀ ਹੋਣ ਪਰ ਉਹ ਐਬਜ਼, ਕਾਰਡੀਓ ਅਤੇ ਵਜ਼ਨ ਚੁੱਕਣ ਦੀ ਟਰੇਨਿੰਗ ਰੋਜ਼ਾਨਾ ਕਰਦੀ ਹੈ। ਮੌਕਾ ਮਿਲਦੇ ਹੀ ਉਹ ਰੱਸੀ ਟੱਪਣ, ਦੌੜ, ਸੈਰ, ਸਾਈਕਲਿੰਗ ਵੀ ਜ਼ਰੂਰ ਕਰਦੀ ਹੈ। ਉਹ ਇੰਨਾ ਸਭ ਕੁਝ ਕਿਵੇਂ ਕਰ ਲੈਂਦੀ ਹੈ, ਦੇ ਜੁਆਬ ਵਿੱਚ ਉਸ ਦਾ ਕਹਿਣਾ ਹੈ ਕਿ ਉਹ ਇਹ ਸਭ ਇੱਕ-ਇੱਕ ਦਿਨ ਦੇ ਅੰਤਰਾਲ ‘ਤੇ ਕਰਦੀ ਹੈ।ਸਾਂਵਲਾ ਰੰਗ ਹੋਣ ‘ਤੇ ਵੀ ਬੌਲੀਵੁੱਡ ਵਿੱਚ ਅਲੱਗ ਪਛਾਣ ਬਣਾਉਣ ਸਬੰਧੀ ਬਿਪਾਸ਼ਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਕੁਦਰਤੀ ਰੰਗ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਸ ਦਾ ਮੰਨਣਾ ਹੈ ਕਿ ਅਸੀਂ ਗੋਰੇ ਬਣਨ ਲਈ ਜਿੰਨਾ ਵੀ ਮੇਕਅੱਪ ਕਰੀਏ ਜਾਂ ਚਿਹਰੇ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਕਰੀਮਾਂ ਮਲੀਏ, ਪਰ ਅਸਲੀ ਖ਼ੂਬਸੂਰਤੀ ਦੀ ਚਾਬੀ ਤਾ ਸਰੀਰਿਕ ਰੂਪ ਤੋਂ ਸਿਹਤਮੰਤ ਬਣੇ ਰਹਿਣ ਵਿੱਚ ਹੀ ਹੈ। ਉਹ ਕਹਿੰਦੀ ਹੈ ਕਿ ਫ਼ਾਊਂਡੇਸ਼ਨ ਅਤੇ ਕਰੀਮਾਂ ਮਲ਼ ਕੇ ਤੁਸੀਂ ਕਦੇ ਵੀ ਖ਼ੂਬਸੂਰਤ ਨਹੀਂ ਬਣ ਸਕਦੇ। ਇਸ ਲਈ ਸੰਤੁਲਿਤ ਭੋਜਨ ਅਤੇ ਹਲਕੀ ਕਸਰਤ ਦੇ ਸਹਾਰੇ ਹੀ ਸਿਹਤਮੰਦ ਰਹਿਣਾ ਸਭ ਤੋਂ ਵੱਡੀ ਉਪਲੱਬਧੀ ਹੈ।
ਬਿਪਾਸ਼ਾ ਨੂੰ ਆਪਣੇ ਸ਼ਹਿਰ ਕੋਲਕਾਤਾ ਪ੍ਰਤੀ ਬਹੁਤ ਲਗਾਅ ਹੈ। ਫ਼ਿਲਮ ਸਨਅੱਤ ਵਿੱਚ ਉਸ ਦੇ ਬਹੁਤ ਸਾਰੇ ਸਾਥੀ ਹਨ ਜੋ ਕੋਲਕਾਤਾ ਨੂੰ ਆਪਣਾ ਦੂਜਾ ਘਰ ਮੰਨਦੇ ਹਨ, ਪਰ ਉਹ ਕੋਲਕਾਤਾ ਨੂੰ ਹੀ ਆਪਣਾ ਪਹਿਲਾ ਘਰ ਮੰਨਦੀ ਹੈ। ਕੰਮ ਦੇ ਸਿਲਸਿਲੇ ਵਿੱਚ ਮੁੰਬਈ ਵਿੱਚ ਰਹਿਣ ਦੇ ਬਾਵਜੂਦ ਉਸ ਦਾ ਮਨ ਕੋਲਕਾਤਾ ਵਿੱਚ ਹੀ ਰਹਿੰਦਾ ਹੈ। ਮੌਕਾ ਮਿਲਦੇ ਹੀ ਉਹ ਉੱਥੇ ਪਹੁੰਚ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਕੋਲਕਾਤਾ ਜਾਣ ਦਾ ਮਤਲਬ ਹੁੰਦਾ ਹੈ ਵਜ਼ਨ ਦਾ ਵਧ ਜਾਣਾ ਅਤੇ ਬਾਅਦ ਵਿੱਚ ਮੁੰਬਈ ਆ ਕੇ ਉਸ ਨੂੰ ਜ਼ਿੰਮ ਵਿੱਚ ਜ਼ਿਆਦਾ ਸਮਾਂ ਲਾਉਣਾ ਪੈਂਦਾ ਹੈ।












