ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਬਾਦਲ ਸਰਕਾਰ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ : ਸਰਨਾ

paramjit-singh-sarnaਅੰਮ੍ਰਿਤਸਰ  : ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਸਰਕਾਰ ਦੇ ਇਸ਼ਾਰਿਆ ਤੇ ਪੁਲੀਸ ਵੱਲੋ ਬਿਨਾਂ ਕਿਸੇ ਵਰੰਟ ਤੇ ਬਿਨਾਂ ਕਿਸੇ ਕੇਸ ਦੇ ਭਾਰਤੀ ਦੰਡਾਵਲੀ ਦੀ ਧਾਰਾ 107/151 ਤਹਿਤ ਗ੍ਰਿਫਤਾਰ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਗੁਰੂ ਦਾ ਜੱਸ ਗਾਉਣ ਵਾਲੇ ਇੱਕ ਧਾਰਮਿਕ ਵਿਅਕਤੀ ਦੀ ਗ੍ਰਿਫਤਾਰੀ ਬਾਦਲ ਸਰਕਾਰ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।
ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਰਕਾਰ ਨੇ ਬੁਖਲਾਹਟ ਵਿੱਚ ਆ ਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਉਸ ਵੇਲੇ ਗ੍ਰਿਫਤਾਰੀ ਕੀਤੀ ਹੈ ਜਦੋ ਉਹ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਉਪਰੰਤ ਆਪਣੇ ਸਾਥੀਆ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪਰਕਾਸ਼ ਉਤਸਵ ਸਮਾਗਮਾਂ ਵਿੱਚ ਭਾਗ ਲੈਣ ਲਈ ਪਟਨਾ ਸਾਹਿਬ ਵਿਖੇ ਜਾਣ ਦੀ ਤਿਆਰੀ ਕਰ ਰਹੇ ਸਨ।ਉਹਨਾਂ ਕਿਹਾ ਕਿ ਅੱਜ ਜੇਕਰ ਬਾਦਲਾਂ ਨੂੰ ਢੋਲਕੀਆ ਛੈਣਿਆ ਵਾਲਿਆ ਤੋ ਵੀ ਇੰਨਾ ਡਰ ਲੱਗ ਰਿਹਾ ਹੈ ਤਾਂ ਫਿਰ ਇਹਨਾਂ ਨੂੰ ਹੋਰ ਕੋਈ ਵੀ ਨਹੀ ਬਚਾ ਸਕਦਾ। ਉਹਨਾਂ ਕਿਹਾ ਕਿ ਸੰਗੀਨਾਂ ਦੀ ਛਾਂ ਹੇਠ ਜ਼ਿਆਦਤੀਆ ਤਾਂ ਕੀਤੀਆ ਜਾ ਸਕਦੀਆ ਹਨ ਲੋਕਾਂ ਦੇ ਦਿਲਾਂ ਤੇ ਰਾਜ ਸਿਰਫ ਲੋਕ ਭਾਵਨਾਵਾਂ ਅਨੁਸਾਰ ਕੰਮ ਕਰਕੇ ਹੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਤੇ ਵਿਸ਼ੇਸ਼ ਕਰਕੇ ਬਾਦਲ ਪਰਿਵਾਰਨੂੰ ਪਿਛਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਹੋਈਆ ਬੇਅਦਬੀਆ ਦੀ ਜਿੰਮੇਵਾਰੀ ਕਬੂਲ ਕੇ ਸਾਰੇ ਆਹੁਦਿਆ ਤੋ ਅਸਤੀਫੇ ਦੇ ਕੇ ਡੰਡੋਤ ਕਰਕੇ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ ਪਰ ਅੱਜ ਵੀ ਇਹ ਸੰਗੀਨਾਂ ਛਾਂ ਹੇਠ ਮੱਥਾ ਟੇਕਣ ਦੇ ਬਹਾਨੇ ਸ੍ਰੀ ਦਰਬਾਰ ਸਾਹਿਬ ਵਿਖੇ ਧਾੜਵੀ ਬਣ ਕੇ ਆਉਦੇ ਹਨ ਤੇ ਸਿਰੋਪਾ ਨਾ ਮਿਲਣ ਤੇ ਮੌਕੇ ਤੇ ਮੌਜੂਦ ਗੁਰੂ ਦੇ ਵਜ਼ੀਰਾਂ ਤੋ ਬਦਲਾ ਲਉ ਭਾਵਨਾ ਨਾਲ ਉਹਨਾਂ ਨੂੰ ਕਦੇ ਪੁਲੀਸ ਕੋਲੋ ਚੁਕਵਾਉਦੇ ਹਨ ਤੇ ਕਦੇ ਉਹਨਾਂ ਨੂੰ ਨੌਕਰੀ ਤੋ ਬਰਖਾਸਤ ਕਰਵਾਉਦੇ ਹਨ। ਉਹਨਾਂ ਉਲਟੇ ਬਾਂਸ ਬਰੇਲੀ ਨੂੰ ਜਾਣ ਦੀ ਕਹਾਵਤ ਦਾ ਵਿਵਰਣ ਕਰਦਿਆ ਕਿਹਾ ਕਿ ਗ੍ਰਿਫਤਾਰੀਆ ਤਾਂ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਬਾਦਲ ਮਾਰਕਾ ਜਥੇਦਾਰਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀਆ ਚਾਹੀਦੀਆ ਜਿਹੜੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਦਾ ਪਤਾ ਨਹੀ ਲਗਾ ਸਕੇ ਪਰ ਇਸ ਦੇ ਉਲਟ ਜਨਤਕ ਤੌਰ ਤੇ ਵਿਚਰ ਕੇ ਲੋਕਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਣ ਵਾਲੇ ਧਾਰਮਿਕ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੋ ਔਰੰਗਜੇਬ ਦੀਆ ਧੱਕੇਸ਼ਾਹੀਆ ਦਾ ਯਾਦ ਦਿਲਵਾ ਰਿਹਾ ਹੈ । ਉਹਨਾਂ ਕਿਹਾ ਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ ਅਤੇ ਅਗਾਮੀ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਾਦਲਾਂ ਦਲੀਆ ਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੰਨੇ ਕੁ ਪਾਣੀ ਵਿੱਚ ਹਨ। ਉਹਨਾਂ ਕਿਹਾ ਕਿ ਸੰਗਤਾਂ ਹਰ ਘਟਨਾ ਦਾ ਨਿਰੀਖਣ ਕਰਦੀਆ ਹਨ ਤੇ ਸਮਾਂ ਆਉਣ ਤੇ ਦੋਸ਼ੀਆ ਨੂੰ ਸਜ਼ਾਵਾਂ ਵੀ ਜਰੂਰ ਦਿੰਦੀਆ ਹਨ। ਉਹਨਾਂ ਪੰਜਾਬ ਦੀਆ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਪਟਨਾ ਸਾਹਿਬ ਵਿਖੇ ਪੁੱਜ ਦਸਮ ਪਿਤਾ ਦੇ ਪ੍ਰਕਾਸ਼ ਉਤਸਵ ਸਮਾਗਮਾਂ ਵਿੱਚ ਭਾਗ ਲੈਣ।