ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣ ’ਚ ਐੱਸ.ਸੀ. ਰਾਖਵੀਆਂ ਸੀਟਾਂ ’ਤੇ ਉਮੀਦਵਾਰਾਂ ਦੀ ਯੋਗਤਾ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸਪੱਸ਼ਟੀਕਰਨ ਖ਼ਿਲਾਫ਼ ਕਾਂਗਰਸ ਪਾਰਟੀ ਦੀਆਂ ਟਿਕਟ ਦਾਅਵੇਦਾਰ ਮਮਤਾ ਡੋਗਰਾ ਅਤੇ ਮੀਨੂੰ ਕਾਲੀਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਦੋਵਾਂ ਦੀ ਸਿਵਲ ਰਿੱਟ ਪਟੀਸ਼ਨ ਸ਼ੁੱਕਰਵਾਰ ਨੂੰ ਰਜਿਸਟਰ ਹੋ ਗਈ। ਪਟੀਸ਼ਨ ’ਚ ਐੱਸ.ਸੀ. ਸਰਟੀਫਿਕੇਟ ਸਬੰਧੀ ਨਿਯਮਾਂ ’ਚ ਬਦਲਾਅ ਨੂੰ ਚੁਣੌਤੀ ਦਿੰਦਿਆਂ ਨਿਪਟਾਰੇ ਤੱਕ 23 ਦਸੰਬਰ ਨੂੰ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।
ਇਹ ਪਟੀਸ਼ਨ ਐਡਵੋਕੇਟ ਰਾਜੀਵ ਸ਼ਰਮਾ ਅਤੇ ਐਡਵੋਕੇਟ ਕਰਨਬੀਰ ਸਿੰਘ ਰਾਹੀਂ ਦਾਇਰ ਕੀਤੀ ਗਈ ਹੈ। ਐਡਵੋਕੇਟ ਰਾਜੀਵ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਜਸਟਿਸ ਦੀਪਕ ਸਿੱਬਲ ਅਤੇ ਜਸਟਿਸ ਸੁਨੀਸ਼ ਬਿੰਦਲਿਸ਼ ਦੀ ਡਿਵੀਜ਼ਨ ਬੈਂਚ ਸਾਹਮਣੇ ਮਾਮਲਾ ਉਠਾਉਂਦਿਆਂ ਜਲਦ ਸੁਣਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕੋਰਟ ਨੇ 30 ਨਵੰਬਰ ਨੂੰ ਸੁਣਵਾਈ ਅਤੇ ਬਹਿਸ ਲਈ ਕੋਰਟ ਨੰਬਰ-2 ’ਚ ਸੂਚੀਬੱਧ ਕਰ ਲਿਆ।















