EMI ਘਪਲੇ ’ਤੇ ਸੁਪਰੀਮ ਕੋਰਟ ਸਖ਼ਤ, ਬੈਂਕਾਂ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਪੇਸ਼ ਹੋਣ ਦੀ ਚਿਤਾਵਨੀ

ਨਵੀਂ ਦਿੱਲੀ : ਬਿਲਡਰਾਂ ਵਲੋਂ ਬੈਂਕ ਕਰਜ਼ੇ ਦੀਆਂ ਕਿਸ਼ਤਾਂ (ਈ. ਐੱਮ. ਆਈ.) ਨਾ ਭਰਨ ਦਾ ਖਮਿਆਜ਼ਾ ਘਰ ਖ਼ਰੀਦਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਬਿਲਡਰਾਂ ਵਲੋਂ ਅਦਾਇਗੀ ਨਾ ਕਰਨ ਦੇ ਬਾਵਜੂਦ ਬੈਂਕਾਂ ਵਲੋਂ ਖ਼ਰੀਦਦਾਰਾਂ ਤੋਂ ਵਸੂਲੀ ਸ਼ੁਰੂ ਕਰਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਹੈ। ਅਦਾਲਤ ਨੇ ਐੱਚ. ਡੀ. ਐੱਫ਼. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਸਮਾਲ ਕੈਪੀਟਲ ਅਤੇ ਪੀ. ਐੱਨ. ਬੀ. ਹਾਊਸਿੰਗ ਫਾਈਨੈਂਸ ਨੂੰ ਇਕ ਹਫ਼ਤੇ ਵਿਚ ਸਬੰਧਤ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੇ ਨਿਰਦੇਸ਼ ਦਿੱਤੇ ਹਨ, ਨਹੀਂ ਤਾਂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣਾ ਪਵੇਗਾ।
ਸਬਵੈਂਸ਼ਨ ਸਕੀਮ ਤਹਿਤ ਕਬਜ਼ਾ ਮਿਲਣ ਤੱਕ ਕਿਸ਼ਤਾਂ ਭਰਨ ਦੀ ਜ਼ਿੰਮੇਵਾਰੀ ਬਿਲਡਰ ਦੀ ਹੁੰਦੀ ਹੈ ਪਰ ਕਈ ਥਾਵਾਂ ’ਤੇ ਬਿਲਡਰਾਂ ਦੇ ਡਿਫਾਲਟ ਮਗਰੋਂ ਬੈਂਕਾਂ ਨੇ ਖ਼ਰੀਦਦਾਰਾਂ ਤੋਂ ਵਸੂਲੀ ਸ਼ੁਰੂ ਕਰ ਦਿੱਤੀ। ਸੀ. ਬੀ. ਆਈ. ਨੇ ਦੱਸਿਆ ਕਿ 55 ਵਿਚੋਂ 25 ਮਾਮਲਿਆਂ ਦੀ ਜਾਂਚ ਪੂਰੀ ਹੋ ਚੁੱਕੀ ਹੈ, 22 ਵਿਚ ਚਾਰਜਸ਼ੀਟ ਦਾਖ਼ਲ ਹੈ, 3 ਵਿਚ ਕਲੋਜ਼ਰ ਰਿਪੋਰਟ ਹੈ ਅਤੇ 20 ਮਾਮਲਿਆਂ ਦੀ ਜਾਂਚ ਆਖ਼ਰੀ ਪੜਾਅ ਵਿਚ ਹੈ ਪਰ ਮਨਜ਼ੂਰੀ ਨਹੀਂ ਮਿਲ ਰਹੀ। ਅਦਾਲਤ ਨੇ ਸੀ. ਬੀ. ਆਈ. ਨੂੰ 2 ਹਫ਼ਤਿਆਂ ਵਿਚ ਬਾਕੀ ਜਾਂਚ ਪੂਰੀ ਕਰਨ ਅਤੇ ਟ੍ਰਾਇਲ ਕੋਰਟ ਨੂੰ ਮੁਕੱਦਮਿਆਂ ਵਿਚ ਬੇਲੋੜੀ ਦੇਰੀ ਨਾ ਕਰਨ ਦੇ ਨਿਰਦੇਸ਼ ਦਿੱਤੇ।