ਢਾਕਾ : ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਹੁਮਾਯੂੰ ਕਬੀਰ ਦਾ ਕਹਿਣਾ ਹੈ ਕਿ ਸ਼ੇਖ਼ ਹਸੀਨਾ ਬੰਗਲਾਦੇਸ਼ ਅਤੇ ਭਾਰਤ ਦੇ ਸਬੰਧਾਂ ਵਿਚ ਇਕ ‘ਕੰਡਾ’ ਬਣ ਗਈ ਹੈ ਅਤੇ ਨਵੀਂ ਦਿੱਲੀ ਨੂੰ ਹੁਣ ਇਹ ਅਹਿਸਾਸ ਹੋਣ ਲੱਗਾ ਹੈ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿਚ ਤਣਾਅ ਪੈਦਾ ਹੋ ਰਿਹਾ ਹੈ। ਕਬੀਰ ਨੇ ਭਾਰਤ ਦੇ ਸੰਦਰਭ ਵਿਚ ਬਰਖ਼ਾਸਤ ਪ੍ਰਧਾਨ ਮੰਤਰੀ ਹਸੀਨਾ ਦੀ ਤੁਲਨਾ ਕਿਸੇ ਅਜਿਹੇ ਅਣਚਾਹੇ ਮਹਿਮਾਨ ਨਾਲ ਕੀਤੀ, ਜੋ ਅਚਾਨਕ ਕਿਸੇ ਦੇ ਘਰ ਆ ਜਾਵੇ। ਬੰਗਲਾਦੇਸ਼ ਦੇ ਮੰਤਰੀ ਨੇ ਕਿਹਾ ਕਿ ਭਾਰਤ ਮੁਸ਼ਕਲ ਸਥਿਤੀ ਵਿਚ ਹੈ, ਕਿਉਂਕਿ ਉਹ ਨਾ ਤਾਂ ਹਸੀਨਾ ਨੂੰ ਉਥੋਂ ਭੇਜ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਮੌਜੂਦਗੀ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ।
ਉਨ੍ਹਾਂ ਕਿਹਾ, ‘‘ਹਸੀਨਾ ਬੰਗਲਾਦੇਸ਼ ਅਤੇ ਭਾਰਤ ਦੇ ਸਬੰਧਾਂ ਵਿਚ ਇਕ ‘ਕੰਡਾ’ ਬਣ ਗਈ ਹੈ। ਉਹ ਇਕ ਪ੍ਰੇਸ਼ਾਨੀ ਬਣ ਗਈ ਹੈ ਅਤੇ ਭਾਰਤ ਸਮਝ ਰਿਹਾ ਹੈ ਕਿ ਇਹ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਇਕ ਸਮੱਸਿਆ ਹੈ।’’ ਕਬੀਰ ਦੀ ਇਹ ਟਿੱਪਣੀ ਭਾਰਤ ਦੇ ਉਸ ਰੁਖ਼ ਦੇ ਇਕ ਦਿਨ ਬਾਅਦ ਆਈ ਹੈ, ਜਦੋਂ ਉਸ ਨੇ ਹਸੀਨਾ ਦੀ 16 ਦਸੰਬਰ ਨੂੰ ਬੰਗਲਾਦੇਸ਼ ਪਰਤਣ ਦੀ ਯੋਜਨਾ ’ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਸੀ।















