ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਦ ਮਹਾਸਾਗਰ ਆਲਮੀ ਵਪਾਰ, ਊਰਜਾ ਸੁਰੱਖਿਆ ਅਤੇ ਕੁਨੈਕਟੀਵਿਟੀ ਲਈ ਬਹੁਤ ਮਹੱਤਵਪੂਰਨ ਹੈ ਅਤੇ ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ’ਤੇ ਵਧਦੇ ਹਮਲਿਆਂ ਨੂੰ ‘ਬਿਲਕੁਲ ਨਾ-ਮਨਜ਼ੂਰ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਸਾਰੇ ਕੰਢਿਆਂ ’ਤੇ ਦੇਸ਼ਾਂ ਨੂੰ ਇਸ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ‘ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ’ (ਆਈ. ਓ. ਆਰ. ਏ.) ਦੀ ਇਕ ਮੰਤਰੀ ਪੱਧਰੀ ਬੈਠਕ ਦੌਰਾਨ ਆਪਣੇ ਸੰਬੋਧਨ ਵਿਚ ਜੈਸ਼ੰਕਰ ਨੇ ਸਮੁੰਦਰੀ ਕਾਨੂੰਨਾਂ, ਖ਼ਾਸ ਕਰ ਕੇ ਸਮੁੰਦਰੀ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਸਮਝੌਤੇ (ਯੂ. ਐੱਨ. ਸੀ. ਐੱਲ. ਓ. ਐੱਸ.) ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਆਲਮੀ ਸਮੁੰਦਰੀ ਖੇਤਰ ਵਿਚ ਵਿਵਾਦ ਵਧ ਰਹੇ ਹਨ, ਜਿਸ ਵਿਚ ਦੱਖਣੀ ਚੀਨ ਸਾਗਰ ਵਿਚ ਚੀਨ ਵੱਲੋਂ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰਨਾ ਵੀ ਸ਼ਾਮਲ ਹੈ। ਭਾਰਤ ਨੇ ਆਈ. ਓ. ਆਰ. ਏ. ਦੇ ਮੌਜੂਦਾ ਪ੍ਰਧਾਨ ਵਜੋਂ ਨਵੀਂ ਦਿੱਲੀ ਵਿਚ ਇਸ ਸੰਮੇਲਨ ਦੀ ਮੇਜ਼ਬਾਨੀ ਕੀਤੀ। ਇਸ ਸੰਗਠਨ ਵਿਚ ਆਸਟ੍ਰੇਲੀਆ, ਇੰਡੋਨੇਸ਼ੀਆ, ਦੱਖਣੀ ਅਫ਼ਰੀਕਾ, ਕੀਨੀਆ, ਤਨਜ਼ਾਨੀਆ, ਮੋਜ਼ਾਮਬੀਕ, ਸੋਮਾਲੀਆ, ਓਮਾਨ, ਯਮਨ, ਬੰਗਲਾਦੇਸ਼, ਮਲੇਸ਼ੀਆ ਅਤੇ ਥਾਈਲੈਂਡ ਸਮੇਤ 23 ਦੇਸ਼ ਸ਼ਾਮਲ ਹਨ।















