ਜੇਵਰ ਹਵਾਈ ਅੱਡੇ ’ਚ 30,000 ਕਰੋੜ ਦਾ ਨਿਵੇਸ਼ ਪਰ ਇਕ ਵੀ ਕੌਮਾਂਤਰੀ ਉਡਾਣ ਨਹੀਂ : ਜੈਰਾਮ ਰਮੇਸ਼

ਨਵੀਂ ਦਿੱਲੀ, –ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਜੇਵਰ ਕੌਮਾਂਤਰੀ ਹਵਾਈ ਅੱਡੇ ਵਿਚ 30,000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੇ ਬਾਵਜੂਦ ਅਜੇ ਤੱਕ ਉੱਥੋਂ ਇਕ ਵੀ ਨਿਰਧਾਰਤ ਕੌਮਾਂਤਰੀ ਉਡਾਣ ਸ਼ੁਰੂ ਨਹੀਂ ਹੋਈ। ਰਮੇਸ਼ ਨੇ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਲਾਇਆ ਅਤੇ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖੇ ਜਾਣ ’ਤੇ ਸਵਾਲ ਉਠਾਏ।
ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੇ 28 ਮਾਰਚ ਨੂੰ ਜੇਵਰ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਇਕ ਵੱਡੇ ਸਮਾਗਮ ਵਿਚ ਕੀਤਾ ਸੀ। ਹਵਾਈ ਅੱਡੇ ਦੇ ਪਹਿਲੇ ਪੜਾਅ ਲਈ 3,000 ਏਕੜ ਤੋਂ ਵੱਧ ਜ਼ਮੀਨ ਵਿਵਾਦਾਂ ਦਰਮਿਆਨ ਐਕਵਾਇਰ ਕੀਤੀ ਗਈ ਸੀ।
ਰਮੇਸ਼ ਨੇ ਕਿਹਾ ਕਿ ਇਨ੍ਹਾਂ ਹਾਲਾਤ ਦੇ ਬਾਵਜੂਦ ਹਵਾਈ ਅੱਡੇ ਦਾ ਨਾਂ ਬਦਲ ਕੇ ‘ਨਰਿੰਦਰ ਮੋਦੀ ਕੌਮਾਂਤਰੀ ਹਵਾਈ ਅੱਡਾ ਨੋਇਡਾ-ਜੇਵਰ’ ਕਰ ਦਿੱਤਾ ਗਿਆ ਹੈ। ਉਨ੍ਹਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਹੁਣ ਅਗਲਾ ਨਾਮਕਰਨ ਕਿਸ ਦੇ ਨਾਂ ’ਤੇ ਕੀਤਾ ਜਾਵੇਗਾ।
ਅਨੀਮੀਆ ਦੇ ਅੰਕੜਿਆਂ ਨੂੰ ਲੈ ਕੇ ਗੁਜਰਾਤ ਸਰਕਾਰ ’ਤੇ ਲਾਇਆ ਨਿਸ਼ਾਨਾ–
ਜੈਰਾਮ ਰਮੇਸ਼ ਨੇ ਗੁਜਰਾਤ ਵਿਚ ਔਰਤਾਂ ਤੇ ਬੱਚਿਆਂ ਵਿਚ ਅਨੀਮੀਆ (ਖ਼ੂਨ ਦੀ ਕਮੀ) ਦੀ ਉੱਚ ਦਰ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ’ਤੇ ਨਿਸ਼ਾਨਾ ਲਾਇਆ ਅਤੇ ਸਵਾਲ ਕੀਤਾ ਕਿ ਕੀ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਇਸ ਚਿੰਤਾਜਨਕ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਪਣੀ ਕੁਰਸੀ ਬਚਾ ਸਕਣਗੇ।
ਰਮੇਸ਼ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਰਿਪੋਰਟ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਗੁਜਰਾਤ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਾਲ 2023 ਤੋਂ 2025 ਦੌਰਾਨ ਗੁਜਰਾਤ ਵਿਚ 10 ਤੋਂ 19 ਸਾਲ ਦੀ ਉਮਰ ਦੀਆਂ 61.4 ਫ਼ੀਸਦੀ ਅੱਲੜ੍ਹ ਲੜਕੀਆਂ ਅਤੇ 20 ਤੋਂ 59 ਸਾਲ ਦੀ ਉਮਰ ਦੀਆਂ 63.8 ਫ਼ੀਸਦੀ ਬਾਲਗ ਔਰਤਾਂ ਅਨੀਮੀਆ ਤੋਂ ਪੀੜਤ ਮਿਲੀਆਂ।