16 ਸਾਲ ਪੁਰਾਣੇ ਲਾਪਤਾ ਨੌਜਵਾਨ ਦੇ ਮਾਮਲੇ ’ਚ ਮੁਲਜ਼ਮ ਨੂੰ ਰਾਹਤ

ਮੋਹਾਲੀ : ਮੋਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਸਾਲ 2010 ‘ਚ ਗ਼ੈਰ-ਕਾਨੂੰਨੀ ਰਸਤੇ ਰਾਹੀਂ ਅਮਰੀਕਾ ਭੇਜਣ ਦੇ ਨਾਂ ’ਤੇ ਲਾਪਤਾ ਹੋਏ ਰੋਪੜ ਦੇ ਨੌਜਵਾਨ ਮਨਜੀਤ ਸਿੰਘ ਦੇ ਮਾਮਲੇ ‘ਚ ਮੁਲਜ਼ਮ ਪਰਦੀਪ ਕੁਮਾਰ ਦੀ ਅਗਾਊਂ ਜ਼ਮਾਨਤ ਪੱਕੀ ਕਰ ਦਿੱਤੀ ਹੈ। ਜਲੰਧਰ ਵਾਸੀ 46 ਸਾਲਾ ਪਰਦੀਪ ਨੂੰ 28 ਅਕਤੂਬਰ ਨੂੰ ਅੰਤਰਿਮ ਰਾਹਤ ਮਿਲੀ ਸੀ। ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ‘ਚ ਮੁਲਜ਼ਮ ਦੇ ਵਕੀਲ ਰਾਜੀਵ ਕੇ. ਸ਼ਰਮਾ ਨੇ ਦਲੀਲ ਦਿੱਤੀ ਕਿ ਪਰਦੀਪ ਦੀ ਮਨਜੀਤ ਨੂੰ ਵਿਦੇਸ਼ ਭੇਜਣ ‘ਚ ਕੋਈ ਮੁੱਢਲੀ ਭੂਮਿਕਾ ਨਹੀਂ ਸੀ। ਉਹ ਮਨਜੀਤ ਦੇ ਲਾਪਤਾ ਹੋਣ ਤੋਂ ਬਾਅਦ ਆਪਣੇ ਅਧਿਆਤਮਿਕ ਗੁਰੂ ‘ਬਾਬਾ ਚੀਮਾ’ ਰਾਹੀਂ ਪਰਿਵਾਰ ਦੇ ਸੰਪਰਕ ‘ਚ ਆਇਆ ਅਤੇ ਉਸ ਨੂੰ ਲੱਭਣ ‘ਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਏ ਸੀ. ਬੀ. ਆਈ. ਦੇ ਜਾਂਚ ਅਧਿਕਾਰੀ ਡੀ. ਐੱਸ. ਪੀ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੰਤਰਿਮ ਰਾਹਤ ਮਿਲਣ ਤੋਂ ਬਾਅਦ ਪਰਦੀਪ 30 ਅਕਤੂਬਰ ਨੂੰ ਜਾਂਚ ‘ਚ ਸ਼ਾਮਲ ਹੋ ਚੁੱਕਾ ਹੈ। ਸੀ. ਬੀ. ਆਈ. ਨੇ ਲੋੜ ਪੈਣ ’ਤੇ ਉਸ ਨੂੰ ਮੁੜ ਜਾਂਚ ‘ਚ ਸ਼ਾਮਲ ਹੋਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ। ਅਦਾਲਤ ਨੇ ਸ਼ਰਤ ਲਗਾਈ ਕਿ ਜਾਂਚ ਅਧਿਕਾਰੀ ਵੱਲੋਂ ਬੁਲਾਏ ਜਾਣ ’ਤੇ ਪਰਦੀਪ ਨੂੰ ਪੇਸ਼ ਹੋਣਾ ਪਵੇਗਾ। ਸ਼ਰਤਾਂ ਦੀ ਉਲੰਘਣਾ ਹੋਣ ’ਤੇ ਸੀ. ਬੀ. ਆਈ. ਜ਼ਮਾਨਤ ਰੱਦ ਕਰਵਾਉਣ ਲਈ ਅਰਜ਼ੀ ਦੇ ਸਕਦੀ ਹੈ।
20 ਲੱਖ ਰੁਪਏ ਲੈ ਕੇ ਭੇਜਿਆ ਸੀ ਵਿਦੇਸ਼
ਮਨਜੀਤ ਦੇ ਪਿਤਾ ਅਕਤੂਬਰ ਸਿੰਘ ਨੇ ਸ਼ਿਕਾਇਤ ‘ਚ ਦੋਸ਼ ਲਾਇਆ ਸੀ ਕਿ ਪੰਚਕੂਲਾ ਦੇ ਏਜੰਟਾਂ ਨੀਟਾ ਅਤੇ ਬੰਟੀ ਨੇ ਉਸ ਦੇ ਪੁੱਤਰ ਨੂੰ ਨੌਕਰੀ ਲਈ ਅਮਰੀਕਾ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਲਏ ਸਨ। ਅਗਸਤ-ਸਤੰਬਰ 2010 ‘ਚ ਉਸ ਨੂੰ ਦਿੱਲੀ ਤੋਂ ਨਿਕਾਰਾਗੁਆ (ਮਾਨਾਗੁਆ)/ਗੁਆਟੇਮਾਲਾ ਭੇਜਿਆ ਗਿਆ। ਉੱਥੋਂ ਮਨਜੀਤ ਨੇ ਪਿਤਾ ਨੂੰ ਇਕ ਹਫ਼ਤੇ ‘ਚ ਅਮਰੀਕਾ ਪਹੁੰਚ ਕੇ ਸੰਪਰਕ ਕਰਨ ਦੀ ਗੱਲ ਕਹੀ ਸੀ ਪਰ ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਪਿਤਾ ਦੀ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 18 ਜੁਲਾਈ 2023 ਨੂੰ ਜਾਂਚ ਸੀ. ਬੀ. ਆਈ. ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ, ਦਿੱਲੀ ਨੂੰ ਸੌਂਪ ਦਿੱਤੀ ਸੀ। ਸੀ. ਬੀ. ਆਈ. ਨੇ 31 ਅਕਤੂਬਰ 2023 ਨੂੰ ਮਨੁੱਖੀ ਤਸਕਰੀ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।