ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਪੁਲਸ ਹੈੱਡਕੁਆਰਟਰ ਦੇ 24 ਅਕਤੂਬਰ ਤੇ 12 ਨਵੰਬਰ ਦੇ ਲਗਾਤਾਰ 2 ਦੌਰਿਆਂ ਦੌਰਾਨ ਰਾਜਧਾਨੀ ਦੀ ਕਾਨੂੰਨ ਵਿਵਸਥਾ ਤੇ ਸੁਰੱਖਿਆ ਢਾਂਚੇ ਦੀ ਉੱਚ-ਪੱਧਰੀ ਸਮੀਖਿਆ ਕਰਨ ਕਾਰਨ ਕਾਫ਼ੀ ਦਿਲਚਸਪੀ ਪੈਦਾ ਹੋ ਗਈ ਹੈ।
ਉਹ 4 ਸਾਲਾਂ ਤੋਂ ਵੱਧ ਸਮੇਂ ਤੋਂ ਜੈ ਸਿੰਘ ਰੋਡ ਸਥਿਤ ਦਿੱਲੀ ਪੁਲਸ ਦੇ ਹੈੱਡਕੁਆਰਟਰ ਨਹੀਂ ਗਏ ਸਨ। ਉਨ੍ਹਾਂ ਦੀ ਆਖਰੀ ਫੇਰੀ 30 ਅਗਸਤ, 2022 ਨੂੰ ਹੋਈ ਸੀ। ਇਸ ਲਈ ਹੁਣ 3 ਹਫ਼ਤਿਆਂ ਤੋਂ ਵੀ ਘੱਟ ਸਮੇਂ ’ਚ ਦਿੱਲੀ ਪੁਲਸ ਹੈੱਡਕੁਆਰਟਰ ਵਿਖੇ ਲੱਗਭਗ 4 ਘੰਟੇ 2 ਲੰਬੀਆਂ ਮੀਟਿੰਗਾਂ ਕਰਨਾ ਬੇਮਿਸਾਲ ਹੈ, ਖਾਸ ਕਰ ਕੇ ਉਦੋਂ ਜਦੋਂ ਉਨ੍ਹਾਂ 4 ਸਾਲ ਤੋਂ ਵੱਧ ਸਮੇਂ ਤੋਂ ਉੱਥੋਂ ਦਾ ਦੌਰਾ ਨਹੀਂ ਕੀਤਾ ਸੀ।
ਹਾਲਾਂਕਿ ਉਨ੍ਹਾਂ ਵੱਲੋਂ ਕਿਸੇ ਵੀ ਸੀਕ੍ਰੇਟ ਫੈਸਿਲਟੀ ਜਾਂ ਪ੍ਰਾਜੈਕਟ ਦਾ ਨਿਰੀਖਣ ਕਰਨ ਦੀ ਕੋਈ ਪ੍ਰਮਾਣਿਤ ਰਿਪੋਰਟ ਨਹੀਂ ਹੈ ਪਰ ਸੁਰੱਖਿਆ ਮਾਹਿਰ ਇਨ੍ਹਾਂ ਮੀਟਿੰਗਾਂ ਦੇ ਆਲੇ ਦੁਆਲੇ ਜ਼ਰੂਰੀ ਖੇਤਰੀ ਸੁਰੱਖਿਆ ਘਟਨਾਵਾਂ ਤੇ ਸਖਤ ਸੰਚਾਲਨ ਸੀਕ੍ਰੇਸੀ ਵੱਲ ਇਸ਼ਾਰਾ ਕਰਦੇ ਹਨ।
12 ਨਵੰਬਰ ਦੀ ਮੀਟਿੰਗ ਤੋਂ ਬਾਅਦ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਹੈਰਾਨੀਜਨਕ ਢੰਗ ਨਾਲ ਚੁੱਪ ਰਹੇ, ਸੂਤਰਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਹਦਾਇਤ ਕੀਤੀ ਗਈ ਸੀ ਕਿ ਉਹ ਮੀਟਿੰਗਾਂ ’ਚ ਕੀਤੀ ਗਈ ਚਰਚਾ ਬਾਰੇ ਮੀਡੀਆ ਨਾਲ ਕੋਈ ਗੱਲ ਨਾ ਕਰਨ।
ਸੂਤਰਾਂ ਦਾ ਕਹਿਣਾ ਹੈ ਕਿ ਕੋਈ ਲੁਕਵਾਂ ਏਜੰਡਾ ਨਹੀਂ ਸੀ ਤੇ ਨਾਰਥ ਬਲਾਕ ’ਚ ਗ੍ਰਹਿ ਮੰਤਰਾਲਾ ਦੇ ਉੱਚ ਅਧਿਕਾਰੀਆਂ ਦੀ ਇਕ ਟੀਮ ਬੁਲਾਉਣ ਦੀ ਬਜਾਏ ਸ਼ਾਹ ਸਿੱਧੇ ਹੈੱਡਕੁਆਰਟਰ ਜਾ ਕੇ ਇਕ ਕਮਰੇ ’ਚ ਸਾਰੇ ਉੱਚ ਅਧਿਕਾਰੀਆਂ ਨਾਲ ਪ੍ਰੀਜ਼ੈਂਟੇਸ਼ਨ , ਜ਼ਮੀਨੀ-ਪੱਧਰੀ ਖੁਫੀਆ ਢਾਂਚੇ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਸਮੀਖਿਆ ਕਰ ਸਕਦੇ ਹਨ।
ਰਾਜਧਾਨੀ ਦੇ ਅੰਦਰ ਤੇ ਬਾਹਰ ਕੰਮ ਕਰ ਰਹੇ ‘ਸੰਗਠਿਤ ਅਪਰਾਧਿਕ ਸਿੰਡੀਕੇਟ ਤੇ ਗੈਂਗਾਂ’ ’ਤੇ ਕਾਰਵਾਈ ਕਰਨ ਲਈ ਨਿਰਦੇਸ਼ ਅਤੇ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਪੁਲਸ ਪੱਛਮੀ ਬੰਗਾਲ ’ਚ ਹੋ ਰਹੇ ਮੁਕਾਬਲਿਆਂ ਵਾਲੀ ਯੂ.ਪੀ.-ਕਿਸਮ ਦੀ ਪੁਲਸ ਕਾਰਵਾਈ ਦਾ ਸਹਾਰਾ ਨਹੀਂ ਲਵੇਗੀ।
ਇਹ ਮੀਟਿੰਗਾਂ ਵਿਆਪਕ ਸੰਘੀ ਨਿਰਦੇਸ਼ਾਂ ਅਨੁਸਾਰ ਹਨ ਜਿਵੇਂ ਕਿ ਗੈਰ-ਕਾਨੂੰਨੀ ਚੀਜ਼ਾਂ ਨੂੰ ਰੋਕਣਾ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਨਾਲ ਨਜਿੱਠਣਾ। ਇਹ ਸਮੀਖਿਆਵਾਂ ਪੁਲਸ ਵੱਲੋਂ ਵਿਰੋਧ ਪ੍ਰਦਰਸ਼ਨਾਂ (ਕਾਕਰੋਚ ਜਨਤਾ ਪਾਰਟੀ ਨਾਲ ਜੁੜੇ ਲੋਕਾਂ ਅਤੇ ਵੋਟਰ ਸੂਚੀਆਂ ’ਚ ਤਬਦੀਲੀ ਸਮੇਤ) ਨੂੰ ਸੰਭਾਲਣ ਦੇ ਤਰੀਕੇ ‘ਤੇ ਵਧੀ ਹੋਈ ਪਬਲਿਕ ਤੇ ਪੁਲੀਟੀਕਲ ਜਾਂਚ ਤੋਂ ਬਾਅਦ ਹੋ ਰਹੇ ਹਨ।















