‘ਔਰਤ ਦੇ 9 ਵਿਆਹ ਉਸ ਦੇ ਚਰਿੱਤਰ ਦਾ ਮੁਲਾਂਕਣ ਕਰਨ ਦਾ ਆਧਾਰ ਨਹੀਂ’, ਕਰਨਾਟਕ ਹਾਈ ਕੋਰਟ ਦਾ ਬਿਆਨ

ਬੈਂਗਲੁਰੂ – ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਔਰਤ ਦੇ 9 ਵਿਆਹ ਉਸ ਦੇ ਚਰਿੱਤਰ ਦਾ ਮੁਲਾਂਕਣ ਕਰਨ ਜਾਂ ਉਸ ਦੀ ਸ਼ਿਕਾਇਤ ਨੂੰ ਰੱਦ ਕਰਨ ਦਾ ਆਧਾਰ ਨਹੀਂ ਬਣ ਸਕਦੇ। ਜਸਟਿਸ ਐੱਮ. ਨਾਗਪ੍ਰਸੰਨਾ ਨੇ ਸ਼ਿਕਾਇਤਕਰਤਾ ਔਰਤ ਦੇ ਵਿਆਹਾਂ ਦੇ ਇਤਿਹਾਸ ’ਤੇ ਕਿਹਾ ਕਿ ਵਿਆਹਾਂ ਦੀ ਗਿਣਤੀ ਆਪਣੇ ਆਪ ਵਿਚ ਇਹ ਸਾਬਤ ਨਹੀਂ ਕਰਦੀ ਕਿ ਉਹ ਅਪਰਾਧਿਕ ਬਿਰਤੀ ਦੀ ਹੈ ਅਤੇ ਨਾ ਹੀ ਇਹ ਪਤੀ ਖ਼ਿਲਾਫ ਦੋਸ਼ਾਂ ਨੂੰ ਰੱਦ ਕਰਨ ਦਾ ਕਾਰਨ ਬਣ ਸਕਦੀ ਹੈ।
ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਵਿਆਹਾਂ ਦੀ ਗਿਣਤੀ, ਆਪਣੇ ਆਪ ਵਿਚ, ਚਰਿੱਤਰ ’ਤੇ ਦੋਸ਼ ਲਗਾਉਣ ਦਾ ਕਾਰਨ ਨਹੀਂ ਬਣ ਸਕਦੀ ਅਤੇ ਨਾ ਹੀ ਇਹ ਅਪਰਾਧਿਕ ਦੁਰਾਚਾਰ ਦੀ ਕੋਈ ਧਾਰਨਾ ਪੇਸ਼ ਕਰਦੀ ਹੈ। ਇਹ ਮਾਮਲਾ 13 ਜਨਵਰੀ 2022 ਨੂੰ ਹੋਏ ਵਿਆਹ ਤੋਂ ਬਾਅਦ ਪੈਦਾ ਹੋਏ ਵਿਵਾਦ ਨਾਲ ਜੁੜਿਆ ਹੈ। ਵਿਆਹ ਤੋਂ ਬਾਅਦ ਸਬੰਧ ਵਿਗੜਨ ’ਤੇ ਪਤਨੀ ਨੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਔਰਤ ਦੇ ਪਤੀ ਰਾਜਾ ਨੇ ਇਸ ਕਾਨੂੰਨੀ ਕਾਰਵਾਈ ਨੂੰ ਇਹ ਕਹਿੰਦੇ ਹੋਏ ਚੁਣੌਤੀ ਦਿੱਤੀ ਸੀ ਕਿ ਉਸ ਦੀ ਪਤਨੀ ਨੇ 9 ਵਿਆਹ ਕੀਤੇ ਸਨ ਅਤੇ ਅਜਿਹਾ ਕਥਿਤ ਤੌਰ ’ਤੇ ਪੈਸਾ ਠੱਗਣ ਦੀ ਨੀਅਤ ਨਾਲ ਕੀਤਾ ਗਿਆ ਸੀ। ਇਸ ’ਤੇ ਔਰਤ ਨੇ ਆਪਣੇ ਪਿਛਲੇ ਵਿਆਹਾਂ ਨੂੰ ਸਵੀਕਾਰ ਕੀਤਾ ਪਰ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਹਰ ਇਕ ਵਿਆਹ ਦਾ ਅੰਤ ਤਲਾਕ, ਤਲਾਕ-ਏ-ਖਾਸ ਜਾਂ ਖੁਲਾ ਜ਼ਰੀਏ ਹੋਇਆ ਸੀ। ਉਸ ਨੇ ਕਿਹਾ ਕਿ ਪਤੀ ਖ਼ਿਲਾਫ ਜ਼ੁਲਮ ਅਤੇ ਦਾਜ ਲਈ ਤੰਗ ਕਰਨ ਦਾ ਮੁਕੱਦਮਾ ਚਲਾਉਣ ਲਈ ਕਾਫ਼ੀ ਸਮੱਗਰੀ ਮੌਜੂਦ ਹੈ।