ਨਵੀਂ ਦਿੱਲੀ, -ਰਾਸ਼ਟਰੀ ਰਾਜਧਾਨੀ ਵਿਚ ਲਾਲ ਕਿਲਾ ਕੰਪਲੈਕਸ ਨੇੜੇ ਚਲਦੀ ਕਾਰ ਵਿਚ ਧਮਾਕੇ ਦੀ ਘਟਨਾ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ, ਅਜਿਹੇ ਵਿਚ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਪੂਰੇ ਦੇਸ਼ ਵਿਚ ਚੌਕਸੀ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਅੱਤਵਾਦ-ਵਿਰੋਧੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸਰਹੱਦ ਪਾਰ ਤੋਂ ਸੰਚਾਲਿਤ ਅੱਤਵਾਦੀ ਸਿੰਡੀਕੇਟ ਦੇ ਖ਼ਿਲਾਫ ਵਿਆਪਕ ਕਾਰਵਾਈ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ, ਲਾਲ ਕਿਲੇ ਦੇ ਨੇੜੇ ਧਮਾਕੇ ਦੀ ਘਟਨਾ ਤੋਂ ਬਾਅਦ ਵੱਡੇ ਪੱਧਰ ’ਤੇ ਸਾਲ ਭਰ ਚਲਾਏ ਗਈ ਅੱਤਵਾਦ-ਵਿਰੋਧੀ ਮੁਹਿੰਮ ਤਹਿਤ 300 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਿਦੇਸ਼ ਤੋਂ 73 ਭਗੌੜਿਆਂ ਦੀ ਭਾਰਤ ਹਵਾਲਗੀ ਕੀਤੀ ਗਈ। ਪਿਛਲੇ ਸਾਲ 10 ਨਵੰਬਰ ਨੂੰ ਹੋਏ ਧਮਾਕੇ ਤੋਂ ਬਾਅਦ ਇਕ ਸਫੈਦਪੋਸ਼ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਹੋਇਆ ਸੀ, ਜਿਸ ਨੂੰ ਡਾਕਟਰ ਚਲਾ ਰਹੇ ਸਨ।
ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਸੀ ਅਤੇ 13 ਮੁਲਜ਼ਮਾਂ ਖ਼ਿਲਾਫ ਰਸਮੀ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਨ੍ਹਾਂ ਵਿਚ ਕਸ਼ਮੀਰ ਦਾ ਰਹਿਣ ਵਾਲਾ ਬਾਲ ਰੋਗ ਮਾਹਿਰ ਡਾ. ਮੁਜ਼ੱਫਰ ਰਾਥਰ ਵੀ ਸ਼ਾਮਲ ਹੈ, ਜਿਸ ਦੇ ਫਿਲਹਾਲ ਅਫ਼ਗਾਨਿਸਤਾਨ ਵਿਚ ਲੁਕੇ ਹੋਣ ਦਾ ਖ਼ਦਸ਼ਾ ਹੈ। ਕੇਂਦਰੀ ਜਾਂਚ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਸ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਮਦਦ ਨਾਲ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕੀਤੀ ਸੀ ਅਤੇ ਪ੍ਰਮੁੱਖ ਸਰਗਨਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਤੋਂ ਬਾਅਦ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਇਸ ਤਰ੍ਹਾਂ ਦੇ ਹਮਲਿਆਂ ਨੂੰ ਰੋਕਣ ਲਈ ਇਕ ਨੀਤੀ ਤਿਆਰ ਕੀਤੀ।















