ਅਕਾਲੀ ਦਲ ‘ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਜਲੰਧਰ/ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ‘ਚ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਥੇ ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਰਸਮੀ ਤੌਰ ‘ਤੇ ਵਾਪਸੀ 13 ਨਵੰਬਰ 2026 ਨੂੰ ਹੋਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ‘ਚ ਇਹ ਇਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।
ਮੀਡੀਆ ਸਾਹਮਣੇ ਆ ਕੇ ਬੀਬੀ ਜਗੀਰ ਕੌਰ ਨੇ ਘਰ ਵਾਪਸੀ ਦੀਆਂ ਚਰਚਾਵਾਂ ‘ਤੇ ਬੋਲਦੇ ਹੋਏ ਕਿਹਾ ਹੈ ਕਿ ਉਹ ਕਦੇ ਵੀ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਨਹੀਂ ਸਨ। ਅਕਾਲੀ ਦਲ ਉਨ੍ਹਾਂ ਦੀ ਮਾਂ-ਪਾਰਟੀ ਹੈ ਅਤੇ ਮੌਜੂਦਾ ਸਮੇਂ ਦੀ ਮੰਗ ਹੈ ਕਿ ਪੰਥਕ ਸ਼ਕਤੀਆਂ ਨੂੰ ਇੱਕਜੁੱਟ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਹਮਾਇਤੀ ਅਤੇ ਵਰਕਰ ਚਾਹੁੰਦੇ ਹਨ ਕਿ ਉਹ ਅਕਾਲੀ ਦਲ ‘ਚ ਵਾਪਸ ਆਉਣ, ਜਿਸ ਕਾਰਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਗੁਟ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਲਗਭਗ 72 ਸਾਲਾਂ ਦੀ ਹਾਂ। ਇਹ ਮੇਰੀ ਆਖਰੀ ਚੋਣ ਹੋ ਸਕਦੀ ਹੈ। ਸਾਡੇ ਹਲਕਿਆਂ ‘ਚ ਅਜਿਹੇ ਸਮਰਥਕ ਹਨ ਜੋ ਚਾਹੁੰਦੇ ਹਨ ਕਿ ਅਸੀਂ ਮੁੜ ਚੋਣ ਮੈਦਾਨ ‘ਚ ਉਤਰੀਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ 13 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਗੋਵਾਲ (ਕਪੂਰਥਲਾ) ਵਿਖੇ ਬੀਬੀ ਜਗੀਰ ਕੌਰ ਦੀ ਰਿਹਾਇਸ਼ ‘ਤੇ ਪਹੁੰਚਣਗੇ, ਜਿੱਥੇ ਉਹ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਬੀਬੀ ਜਗੀਰ ਕੌਰ ਅਧਿਕਾਰਤ ਤੌਰ ‘ਤੇ ਪਾਰਟੀ ‘ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਅਕਾਲੀ ਦਲ ‘ਚ ਵਾਪਸੀ ਕੀਤੀ ਹੈ। ਚੰਦੂਮਾਜਰਾ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਪਰਤਣਾ ਬਾਗੀ ਧੜੇ ‘ਪੁਨਰ ਸੁਰਜੀਤ’ ਲਈ ਇਕ ਹੋਰ ਵੱਡਾ ਝਟਕਾ ਹੋਵੇਗਾ।
ਇਥੇ ਇਹ ਵੀ ਦੱਸ ਦੇਈਏ ਕਿ ਨਵੰਬਰ 2022 ‘ਚ ਐੱਸ. ਜੀ. ਪੀ. ਸੀ. ਪ੍ਰਧਾਨਗੀ ਦੀ ਚੋਣ ਦੌਰਾਨ ਪਾਰਟੀ ਦੇ ਅਧਿਕਾਰਤ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਖ਼ਿਲਾਫ਼ ਚੋਣ ਲੜਨ ਕਾਰਨ ਜਗੀਰ ਕੌਰ ਨੂੰ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜਦੋਂ ਸੁਖਬੀਰ ਬਾਦਲ ਕਪੂਰਥਲਾ ਦੇ ਬੇਗੋਵਾਲ ਸਥਿਤ ਡੇਰਾ ਬਾਬਾ ਸੰਤ ਪ੍ਰੇਮ ਸਿੰਘ ਮੁਰਾਰੇਵਾਲੇ ਵਿਖੇ ਗਏ ਸਨ ਤਾਂ ਉਸ ਦੌਰੇ ਦੌਰਾਨ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਜਨਤਕ ਤੌਰ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ, ਹਾਲਾਂਕਿ ਇਸ ਵਾਰ ਅਜਿਹੀ ਸਥਿਤੀ ਦੁਹਰਾਏ ਜਾਣ ਦੀ ਸੰਭਾਵਨਾ ਘੱਟ ਹੈ। ਬਾਅਦ ‘ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲ ਕੇ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਦੀ ਸ਼ੁਰੂਆਤ ਕੀਤੀ ਸੀ।