ਚੰਡੀਗੜ੍ਹ : ਨਵੰਬਰ ਦੀ ਸ਼ੁਰੂਆਤ ਹੋਣ ਦੇ ਬਾਵਜੂਦ ਚੰਡੀਗੜ੍ਹ ਸਮੇਤ ਟ੍ਰਾਈਸਿਟੀ ’ਚ ਹਾਲੇ ਕੜਾਕੇ ਦੀ ਠੰਡ ਪੈਣ ਦੇ ਆਸਾਰ ਨਹੀਂ ਹਨ। ਦਿਨ ਵੇਲੇ ਨਿਕਲ ਰਹੀ ਤੇਜ਼ ਧੁੱਪ ਕਾਰਨ ਲੋਕਾਂ ਨੂੰ ਹਲਕੀ ਗਰਮੀ ਮਹਿਸੂਸ ਹੋ ਰਹੀ ਹੈ, ਜਦੋਂ ਕਿ ਸਵੇਰੇ-ਸ਼ਾਮ ਸਮੇਂ ਮੌਸਮ ਠੰਡਾ ਰਹਿਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5-6 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਮੌਸਮ ਦੇ ਇਸ ਰੁਖ਼ ਕਾਰਨ ਲੋਕਾਂ ਨੂੰ ਸਰਦੀਆਂ ਦੀ ਠੰਡ ਲਈ ਹਾਲੇ ਕੁੱਝ ਹੋਰ ਇੰਤਜ਼ਾਰ ਕਰਨਾ ਪਵੇਗਾ।
ਆਮ ਨਾਲੋਂ 1.5 ਡਿਗਰੀ ਵੱਧ ਰਿਹਾ ਤਾਪਮਾਨ
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 30.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.5 ਡਿਗਰੀ ਵੱਧ ਰਿਹਾ। ਇਸ ਦੌਰਾਨ ਘੱਟੋ-ਘੱਟ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ-ਰਾਤ ਦੇ ਤਾਪਮਾਨ ’ਚ ਫ਼ਰਕ ਕਾਰਨ ਦੁਪਹਿਰ ਸਮੇਂ ਗਰਮੀ ਤੇ ਸਵੇਰੇ-ਸ਼ਾਮ ਹਲਕੀ ਠੰਢ ਦਾ ਅਹਿਸਾਸ ਹੋ ਰਿਹਾ ਹੈ।
5 ਨਵੰਬਰ ਤੱਕ 32 ਡਿਗਰੀ ਤੱਕ ਪਹੁੰਚ ਸਕਦਾ ਹੈ ਪਾਰਾ
ਵਿਭਾਗ ਦੀ ਭਵਿੱਖਬਾਣੀ ਅਨੁਸਾਰ 1 ਤੋਂ 3 ਨਵੰਬਰ ਤੱਕ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 15 ਤੋਂ 17 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 4-5 ਨਵੰਬਰ ਨੂੰ ਵੀ ਦਿਨ ਦਾ ਪਾਰਾ 32 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਦੌਰਾਨ ਅਸਮਾਨ ਜ਼ਿਆਦਾਤਰ ਸਾਫ਼ ਰਹਿਣ ਦੀ ਉਮੀਦ ਹੈ ਅਤੇ ਮੀਂਹ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਮੌਸਮ ਦੇ ਬਦਲਦੇ ਰੁਖ਼ ਕਾਰਨ ਫਿਲਹਾਲ ਦਿਨ ਵੇਲੇ ਗਰਮ ਕੱਪੜਿਆਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਪਰ ਸਵੇਰੇ-ਸ਼ਾਮ ਤਾਪਮਾਨ ’ਚ ਗਿਰਾਵਟ ਕਾਰਨ ਹਲਕੀ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ’ਚ ਵੀ ਇਹੀ ਸਥਿਤੀ ਬਣੀ ਰਹਿ ਸਕਦੀ ਹੈ।















