ਇਸਲਾਮਾਬਾਦ : ਮਹਿੰਗਾਈ ਨਾਲ ਜੂਝ ਰਹੀ ਜਨਤਾ ‘ਤੇ ਪਾਕਿਸਤਾਨ ਸਰਕਾਰ ਨੇ ਮੁੜ ਬੋਝ ਵਧਾ ਦਿੱਤਾ ਹੈ। ‘ਡਾਨ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਨਵਾਂ ਵਾਧਾ ਕੀਤਾ ਹੈ, ਜਿਸ ਤਹਿਤ ਪੈਟਰੋਲ ਦੀ ਕੀਮਤ ਵਿੱਚ 1.54 ਰੁਪਏ ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ (HSD) ਦੀ ਕੀਮਤ ਵਿੱਚ 2.16 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਤਾਜ਼ਾ ਵਾਧੇ ਤੋਂ ਬਾਅਦ ਪੈਟਰੋਲ ਹੁਣ 379.25 ਰੁਪਏ ਪ੍ਰਤੀ ਲੀਟਰ ਵਿਕੇਗਾ, ਜਦੋਂ ਕਿ ਹਾਈ-ਸਪੀਡ ਡੀਜ਼ਲ ਦੀ ਕੀਮਤ 395.82 ਰੁਪਏ ਪ੍ਰਤੀ ਲੀਟਰ ਹੋਵੇਗੀ।
ਪ੍ਰਸ਼ਾਸਨ ਵੱਲੋਂ ਈਂਧਨ ‘ਤੇ ਭਾਰੀ ਟੈਕਸ ਲਗਾਉਣ ਦਾ ਸਿਲਸਿਲਾ ਵੀ ਜਾਰੀ ਹੈ; ਪੈਟਰੋਲ ‘ਤੇ 114 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 100 ਰੁਪਏ ਪ੍ਰਤੀ ਲੀਟਰ ਦੇ ਟੈਕਸ (ਡਿਊਟੀ) ਲਾਗੂ ਰਹਿਣਗੇ। ‘ਡਾਨ’ ਅਖ਼ਬਾਰ ਦੁਆਰਾ ਹਵਾਲਾ ਦਿੱਤੇ ਗਏ ਪੈਟਰੋਲੀਅਮ ਡਿਵੀਜ਼ਨ ਦੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ,ਇਹ ਨਵੀਆਂ ਕੀਮਤਾਂ ਮੰਗਲਵਾਰ, 27 ਅਕਤੂਬਰ ਤੋਂ ਲਾਗੂ ਹੋਣਗੀਆਂ।’ਡਾਨ’ ਦੀ ਰਿਪੋਰਟ ਮੁਤਾਬਕ, ਵਿਸ਼ਵ ਊਰਜਾ ਬਾਜ਼ਾਰਾਂ ਵਿੱਚ ਲਗਾਤਾਰ ਚੱਲ ਰਹੀ ਅਸਥਿਰਤਾ ਅਤੇ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਕਾਰਨ ਦੇਸ਼ ਦੇ ਅੰਦਰ ਈਂਧਨ ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਸਖ਼ਤ ਕਿਫ਼ਾਇਤੀ ਉਪਾਅ ਮੁੜ ਲਾਗੂ ਕਰ ਦਿੱਤੇ ਹਨ।
ਇਨ੍ਹਾਂ ਨਵੇਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ, ਦੇਸ਼ ਭਰ ਦੇ ਵਪਾਰਕ ਬਾਜ਼ਾਰਾਂ ਨੂੰ ਰਾਤ 9:00 ਵਜੇ ਤੱਕ ਬੰਦ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਸਰਕਾਰੀ ਖਰਚਿਆਂ ਨੂੰ ਕਾਬੂ ਕਰਨ ਅਤੇ ਊਰਜਾ ਦੀ ਖਪਤ ਘਟਾਉਣ ਦੇ ਉਦੇਸ਼ ਨਾਲ, ਪ੍ਰਸ਼ਾਸਨ ਨੇ ਸਰਕਾਰੀ ਗੱਡੀਆਂ ਲਈ ਈਂਧਨ ਦੀ ਮਾਤਰਾ ਵਿੱਚ ਸ਼ੁਰੂਆਤੀ ਤਿੰਨ ਮਹੀਨਿਆਂ ਲਈ 50 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ।















